Tuesday, February 15, 2011

''ਇਨਕਲਾਬ ਪੂਰੀ ਕੌਮ ਕਰਦੀ ਹੈ ਸਿਰਫ਼ ਇੱਕ ਪਾਰਟੀ ਨਹੀਂ'-ਕਾਰਲ ਮਾਰਕਸ

'

(ਸ਼ਿਕਾਗੋ ਟ੍ਰਿਬਿਊਨ ਦੇ ਪੱਤਰਕਾਰ ਦੀ ਕਾਰਲ ਮਾਰਕਸ ਨਾਲ਼ ਮੁਲਾਕਾਤ)

ਲੰਡਨ 18 ਦਸੰਬਰ 1878 : ਆਧੁਨਿਕ ਸਮਾਜਵਾਦ ਦੇ ਮੋਢੀ ਕਾਰਲ ਮਾਰਕਸ ਲੰਡਨ ਦੇ ਉੱਤਰੀ ਹਿੱਸੇ 'ਚ ਹੇਵਰਗਕਾਟ ਹਿੱਲ ਦੇ ਇੱਕ ਛੋਟੇ ਜਹੇ ਮਕਾਨ ਵਿੱਚ ਰਹਿੰਦੇ ਹਨ। ਆਪਣੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਕਰਕੇ 1844 ਵਿਚ ਉਹਨਾਂ ਨੂੰ ਆਪਣੇ ਦੇਸ਼ ਜਰਮਨੀ ਤੋਂ ਜਲਾਵਤਨ ਹੋਣਾ ਪਿਆ। 1848 ਵਿੱਚ ਉਹ ਮੁੜ ਜਰਮਨੀ ਵਾਪਸ ਪਰਤੇ। ਕੁੱਝ ਮਹੀਨਿਆਂ ਦੇ ਅੰਦਰ ਹੀ ਫਿਰ ਜਰਮਨੀ ਤੋਂ ਬਾਹਰ ਕੱਢ ਦਿੱਤੇ ਗਏ। ਉਹਦੇ ਪਿੱਛੋਂ ਉਹ ਪੈਰਿਸ ਵਿੱਚ ਰਹਿਣ ਲੱਗੇ। ਪਰ ਆਪਣੇ ਇਨਕਲਾਬੀ ਰਾਜਨੀਤਕ ਵਿਚਾਰਾਂ ਕਰਕੇ ਉਹਨਾਂ ਨੂੰ 1849 ਵਿੱਚ ਪੈਰਿਸ ਵੀ ਛੱਡਣਾ ਪਿਆ। ਉਦੋਂ ਤੋਂ ਲੰਡਨ ਹੀ ਉਹਨਾਂ ਦੇ ਰਹਿਣ ਅਤੇ ਕੰਮ ਕਰਨ ਦਾ ਕੇਂਦਰ ਹੈ। ਆਪਣੇ ਇਨਕਲਾਬੀ ਵਿਚਾਰਾਂ ਕਰਕੇ ਉਹਨਾਂ ਨੂੰ ਸੰਘਰਸ਼ਸ਼ੀਲ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਤੋਂ ਹੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਦੇ ਘਰ ਨੂੰ ਵੇਖਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ ਕਿ ਆਪਣੀ ਵਿਚਾਰਧਾਰਾ ਲਈ ਉਹਨਾਂ ਨੂੰ ਵੱਡੀ ਕੀਮਤ ਚੁਕਾਉਣੀ ਪਈ ਹੈ ਅਤੇ ਜ਼ਿੰਦਗੀ ਦੀਆਂ ਸਾਧਾਰਨ ਸੁੱਖ ਸਹੂਲਤਾਂ ਤੋਂ ਵੀ ਵਾਂਝੇ ਰਹਿਣਾ ਪਿਆ ਹੈ। ਉਹਨਾਂ ਸਾਰੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਬਹੁਤ ਜ਼ਿਆਦਾ ਲਗਨ ਅਤੇ ਦ੍ਰਿੜਤਾ ਨਾਲ਼ ਆਪਣੇ ਵਿਚਾਰਾਂ ਦਾ ਪ੍ਰਚਾਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਦੇ ਰਹੇ ਹਨ। ਜ਼ਾਹਿਰ ਹੈ ਕਿ ਅਜਿਹੀ ਲਗਨ ਵਿਚਾਰਾਂ ਦੇ ਪ੍ਰਤੀ ਗਹਿਰੇ ਸੰਕਲਪਾਂ ਤੋਂ ਹੀ ਪੈਦਾ ਹੁੰਦੀ ਹੈ। ਅਸੀਂ ਬੇਸ਼ਕ ਇਸ ਵਿਚਾਰਧਾਰਾ ਦੇ ਪ੍ਰਚਾਰ ਦੀ ਅਲੋਚਨਾ ਕਰੀਏ, ਪਰ ਇਸ ਆਦਮੀ ਦੇ ਆਤਮ ਤਿਆਗ ਦੇ ਪ੍ਰਤੀ ਸਨਮਾਨ ਦੀ ਭਾਵਨਾ ਤਾਂ ਜਾਗਦੀ ਹੀ ਹੈ।

ਮੈਂ ਦੋ ਤਿੰਨ ਵਾਰੀ ਇਸ ਵਿਲੱਖਣ ਵਿਅਕਤੀ ਨਾਲ਼ ਮਿਲ ਚੁੱਕਾ ਹਾਂ ਅਤੇ ਹਰ ਵਾਰੀ ਡਾ. ਮਾਰਕਸ ਮੈਨੂੰ ਆਪਣੇ ਕਿਤਾਬਘਰ ਵਿੱਚ ਇੱਕ ਹੱਥ ਕਿਤਾਬ ਅਤੇ ਦੂਸਰੇ ਵਿੱਚ ਸਿਗਰਟ ਲਏ ਹੋਏ ਮਿਲੇ। ਉਹਨਾਂ ਦੀ ਉਮਰ 70 ਸਾਲਾਂ ਤੋਂ ਵੱਧ ਹੋਵੇਗੀ।1 ਉਹ ਗਠਵੇਂ, ਸੋਹਣੇ ਅਤੇ ਸਿੱਧੇ ਸਾਵੇਂ ਇੱਕ ਪ੍ਰਭਾਵਸ਼ਾਲੀ ਆਦਮੀ ਹਨ। ਉਹਨਾਂ ਦਾ ਸਿਰ ਇੱਕ ਦਾਰਸ਼ਨਿਕ ਵਰਗਾ ਹੈ ਅਤੇ ਉਹਨਾਂ ਦੀ ਸ਼ਕਲ ਸੂਰਤ ਸੁੰਦਰ ਖਿੱਚ ਪਾਊ ਯਹੂਦੀ, ਵਰਗੀ ਹੈ। ਉਹਨਾਂ ਦੇ ਸਿਰ ਅਤੇ ਦਾੜੀ ਦੇ ਵਾਲ ਲੰਮੇ ਅਤੇ ਭੂਰੇ ਰੰਗ ਦੇ ਹਨ, ਸੰਘਣੇ ਭਰਵੱਟਿਆਂ ਨਾਲ਼ ਢੱਕੀਆਂ ਉਹਨਾਂ ਦੀਆਂ ਅੱਖਾਂ ਕਾਲੀਆਂ ਤੇਜ਼ ਅਤੇ ਚਮਕਦਾਰ ਹਨ। ਕਿਸੇ ਅਜਨਬੀ ਆਦਮੀ ਨਾਲ਼ ਮਿਲਦੇ ਸਮੇਂ ਉਹ ਕਾਫੀ ਸਾਵਧਾਨੀ ਵਰਤਦੇ ਹਨ। ਕੋਈ ਵੀ ਅਜਨਬੀ ਵਿਅਕਤੀ ਉਹਨਾਂ ਨੂੰ ਮਿਲ ਸਕਦਾ ਹੈ। ਪਰ ਮਿਲਣ ਵਾਲ਼ਿਆਂ ਦੀ ਦੇਖਭਾਲ ਲਈ ਤੈਨਾਤ ਬੁੱਢੀ ਜਰਮਨ ਔਰਤ2 ਨੂੰ ਹਦਾਇਤ ਦਿੱਤੀ ਗਈ ਹੈ ਕਿ ਜਰਮਨੀ ਤੋਂ ਆਇਆ ਕੋਈ ਵੀ ਆਦਮੀ ਉਦੋਂ ਤੱਕ ਅੰਦਰ ਨਾ ਲਿਆਂਦਾ ਜਾਵੇ, ਜਦੋਂ ਤੱਕ ਉਹਦੇ ਕੋਲ ਪਛਾਣ ਪੱਤਰ ਨਾ ਹੋਵੇ। ਆਪਣੇ ਕਿਤਾਬ ਘਰ ਵਿੱਚ ਉਹ ਐਨਕਾਂ ਦੇ ਅੰਦਰੋਂ ਦੀ ਆਪਣੀਆਂ ਤੇਜ਼ ਅੱਖਾਂ ਦੇ ਟੇਢ ਨਾਲ਼ ਆਉਣ ਵਾਲ਼ੇ ਨੂੰ ਇਸ ਤਰ੍ਹਾਂ ਗੌਰ ਨਾਲ਼ ਵੇਖਦੇ ਹਨ ਕਿ ਜਿਵੇਂ ਉਸ ਆਦਮੀ ਦੇ ਗਿਆਨ ਦੀ ਵਿਆਪਕਤਾ ਅਤੇ ਗਹਿਰਾਈ ਮਾਪ ਰਹੇ ਹੋਣ। ਫਿਰ ਉਹ ਆਤਮ ਸਮਾਧੀ ਵਿੱਚ ਗੁੰਮ ਹੋ ਕੇ ਦੁਨੀਆਂ ਭਰ ਦੀਆਂ ਵਸਤੂਆਂ ਅਤੇ ਵਿਅਕਤੀਆਂ ਦੇ ਸੰਬੰਧ ਵਿੱਚ ਆਉਣ ਵਾਲ਼ੇ ਮਹਿਮਾਨ ਦੀ ਦਿਲਚਸਪੀ ਦੇ ਅਨੁਕੂਲ ਆਪਣੇ ਅਥਾਹ ਗਿਆਨ ਪ੍ਰਵਾਹ ਨਾਲ਼ ਉਹਨੂੰ ਹੈਰਾਨ ਕਰ ਦਿੰਦੇ ਹਨ। ਉਹਨਾਂ ਦੀ ਗੱਲਬਾਤ ਕਿਸੇ ਇੱਕ ਦਿਸ਼ਾ 'ਚ ਨਹੀਂ ਚਲਦੀ। ਉਹਨਾਂ ਦੇ ਕਿਤਾਬ ਘਰ ਵਿੱਚ ਸਜੀਆਂ ਕਿਤਾਬਾਂ ਦੇ ਵਾਂਗੂੰ ਉਹਨਾਂ ਦੀ ਚਰਚਾ ਵਿੱਚ ਵੀ ਤਰਤੀਬ ਹੁੰਦੀ ਹੈ। ਕਿਸੇ ਆਦਮੀ ਵਲੋਂ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਜਾਣਕੇ ਉਸ ਆਦਮੀ ਦੇ ਸੰਬੰਧ ਵਿੱਚ ਰਾਏ ਬਣਾਈ ਜਾ ਸਕਦੀ ਹੈ। ਤੁਸੀਂ ਇਸ ਆਦਮੀ ਦੇ ਸੰਬੰਧ ਵਿੱਚ ਆਪਣੀ ਰਾਏ ਖ਼ੁਦ ਬਣਾ ਸਕਦੇ ਹੋ। ਉਹਦੇ ਕਿਤਾਬ ਘਰ ਵਿੱਚ ਇੱਕ ਨਜ਼ਰ ਮਾਰਦਿਆਂ ਹੀ ਸ਼ੈਕਸਪੀਅਰ, ਡੀਕੇਂਨਜ਼, ਥੈਕਰੇ, ਮੋਲੀਅਰ, ਰੇਸਿਨ, ਮਾਨਿਤੰਨ, ਬੇਕਿਨ, ਗੇਟੇ, ਵਾਲਤੇਯਰ, ਪੇਨ ਆਦਿ ਅੰਗਰੇਜ਼, ਅਮਰੀਕੀ ਅਤੇ ਫਰਾਂਸੀਸੀ ਲੇਖਕਾਂ ਦੀਆਂ ਕਿਤਾਬਾਂ ਦਿਖਾਈ ਦਿੰਦੀਆਂ ਹਨ। ਨਾਲ਼ ਹੀ ਰੂਸੀ ਜਰਮਨੀ ਸਪੇਨੀ ਇਤਾਲਵੀ ਆਦਿ ਭਾਸ਼ਾਵਾਂ ਵਿੱਚ ਦਰਸ਼ਨ ਅਤੇ ਰਾਜਨੀਤੀ ਦੀਆਂ ਕਿਤਾਬਾਂ ਵੀ ਸਜੀਆਂ ਹੋਈਆਂ ਹਨ। ਉਹਨਾਂ ਨਾਲ਼ ਗੱਲਬਾਤ ਕਰਦਿਆਂ ਅਮਰੀਕੀ ਸਮਾਜ ਦੇ ਪਿਛਲੇ 20 ਸਾਲਾਂ ਦੇ ਸਭ ਤੋਂ ਵੱਧ ਭਖਦੇ ਸਵਾਲਾਂ ਅਤੇ ਸਮੱਸਿਆਵਾਂ ਦੀ ਉਹਨਾਂ ਦੀ ਗਹਿਰੀ ਜਾਣਕਾਰੀ ਤੋਂ ਮੈਂ ਹੈਰਾਨ ਪ੍ਰੇਸ਼ਾਨ ਰਹਿ ਗਿਆ, ਅਮਰੀਕੀ ਸਮੱਸਿਆਵਾਂ ਸੰਬੰਧੀ ਉਹਨਾਂ ਦੀ ਜਾਣਕਾਰੀ ਅਤੇ ਕੌਮੀ ਅਤੇ ਰਾਜਾਂ ਦੇ ਕਾਨੂੰਨਾਂ ਦੀ ਠੋਸ ਅਲੋਚਨਾ ਨਾਲ਼ ਮੈਂ ਅੰਦਾਜ਼ਾ ਲਾਇਆ ਕਿ ਅਮਰੀਕਾ ਦੇ ਸਬੰਧ ਵਿੱਚ ਉਹਨਾਂ ਦੀ ਜਾਣਕਾਰੀ ਅਮਰੀਕੀ ਅੰਦਰੂਨੀ ਸ੍ਰੋਤਾਂ ਤੋਂ ਹੀ ਮਿਲ਼ੀ ਹੋਵੇਗੀ। ਉਹਨਾਂ ਗਿਆਨ ਦੀ ਪ੍ਰਮਾਣਿਕਤਾ, ਗਹਿਰਾਈ ਅਤੇ ਵਿਆਪਕਤਾ ਸਿਰਫ਼ ਅਮਰੀਕਾ ਤੱਕ ਹੀ ਸੀਮਤ ਨਹੀਂ ਹੈ ਪੂਰੇ ਯੂਰਪ ਦੇ ਸਬੰਧ ਵਿੱਚ ਉਹਨਾਂ ਗਿਆਨ ਸਮਾਨ ਰੂਪ ਵਿੱਚ, ਪ੍ਰਮਾਣਿਕ, ਗਹਿਰਾ ਅਤੇ ਵਿਆਪਕ ਹੈ। ਆਪਣੀ ਜ਼ਿੰਦਗੀ ਦੇ ਖਾਸ ਸ਼ੌਕ ਸਮਾਜਵਾਦ ਦੀ ਚਰਚਾ ਕਰਦਿਆਂ ਸਮੇਂ ਵੀ ਉਹ ਜ਼ਿਆਦਾ ਨਾਟਕ ਕਰਨ ਦਾ ਸ਼ਿਕਾਰ ਨਹੀਂ ਹੁੰਦੇ ਜਿਹਦਾ ਇਲਜ਼ਾਮ ਉਹਨਾਂ ਉੱਤੇ ਅਕਸਰ ਲਾਇਆ ਜਾਂਦਾ ਹੈ। ਉਹ 'ਮਨੁੱਖ ਜਾਤੀ ਦੀ ਮੁਕਤੀ' ਦੀਆਂ ਆਪਣੀਆਂ ਕਾਲਪਨਿਕ ਯੋਜਨਾਵਾਂ ਦੀ ਚਰਚਾ ਇਸ ਦ੍ਰਿੜ ਵਿਸ਼ਵਾਸ ਨਾਲ਼ ਕਰਦੇ ਹਨ ਕਿ ਉਹਨਾਂ ਦੇ ਸਿਧਾਂਤ ਜੇ ਇਸ ਸਦੀ ਵਿੱਚ ਨਹੀਂ ਤਾਂ ਅਗਲੀ ਸਦੀ ਵਿੱਚ ਜ਼ਰੂਰ ਸਹੀ ਸਾਬਤ ਹੋਣਗੇ।3

ਅਮਰੀਕਾ ਵਿੱਚ ਡਾ. ਕਾਰਲ ਮਾਰਕਸ ਪੂੰਜੀ ਦੇ ਲੇਖਕ ਅਤੇ ਕੌਮਾਂਤਰੀ ਸਮਾਜ (ਮਜ਼ਦੂਰ ਜਥੇਬੰਦੀ) ਦੇ ਮੋਢੀ ਜਾਂ ਉਹਦੇ ਇਸ ਜਥੇਬੰਦੀ ਦੇ ਵਰਤਮਾਨ ਸਵਰੂਪ ਉੇਤੇ ਪ੍ਰਕਾਸ਼ ਪਾਇਆ ਹੈ। ਫਿਰ ਵੀ ਕੌਮਾਂਤਰੀ ਮਜ਼ਦੂਰ ਜਥੇਬੰਦ ਦੀ ਆਮ ਪ੍ਰੀਸ਼ਦ ਦੀ ਆਗਿਆ ਨਾਲ਼ 1871 ਵਿੱਚ ਪ੍ਰਕਾਸ਼ਿਤ ਕੌਮਾਂਤਰੀ ਦੇ ਆਮ ਨਿਯਮਾਂ ਦੇ ਕੁੱਝ ਅੰਸ਼ ਤੁਹਾਡੇ ਲਈ ਮੈਂ ਭੇਜ ਰਿਹਾ ਹਾਂ। ਇਹ ਨੂੰ ਵੇਖ ਕੇ ਤੁਸੀਂ ਇਸ ਜਥੇਬੰਦੀ ਦੇ ਇਰਾਦਿਆਂ ਅਤੇ ਉਦੇਸ਼ਾਂ ਦੇ ਸੰਬੰਧ ਵਿੱਚ ਖ਼ੁਦ ਆਪਣੀ ਨਿਰਪੱਖ ਰਾਏ ਬਣਾ ਸਕਦੇ ਹੋ। ਇਸਦੇ ਮਤਿਆਂ ਅਨੁਸਾਰ 'ਮਜ਼ਦੂਰ ਜਮਾਤ ਦੀ ਮੁਕਤੀ ਲਈ ਸੰਘਰਸ਼ ਦਾ ਅਰਥ ਜਮਾਤੀ ਵਿਸ਼ੇਸ਼ ਅਧਿਕਾਰਾਂ ਅਤੇ ਜਮਾਤੀ ਏਕਾਅਧਿਕਾਰ (ਇੱਕ ਹੀ ਜਮਾਤ ਲਈ ਵਿਸ਼ੇਸ਼ ਅਧਿਕਾਰ) ਦੀ ਪ੍ਰਾਪਤੀ ਦੇ ਲਈ ਸੰਘਰਸ਼ ਨਹੀਂ ਹੈ। ਉਹ ਬਰਾਬਰ ਅਧਿਕਾਰਾਂ ਅਤੇ ਕਰਤੱਵਾਂ ਦੀ ਸਥਾਪਨਾ ਅਤੇ ਸਾਰੇ ਤਰ੍ਹਾਂ ਦੀ ਜਮਾਤੀ ਹਕੂਮਤ ਨੂੰ ਪੂਰਨ ਰੂਪ ਵਿੱਚ ਖਤਮ ਕਰਨ ਦੇ ਲਈ ਸੰਘਰਸ਼ ਕਰਨਾ ਹੈ। ਜ਼ਿੰਦਗੀ ਦੇ ਮੂਲ ਸਰੋਤ ਕਿਰਤ ਦੇ ਸਾਧਨਾਂ ਉੱਤੇ ਇਜ਼ਾਰੇਦਾਰੀ ਬਣਾਈ ਰੱਖਣ ਵਾਲ਼ੀ ਪੂੰਜੀਪਤੀ ਜਮਾਤ ਦੇ ਹੱਥੋਂ ਮਜ਼ਦੂਰ ਜਮਾਤ ਦੀ ਪੂਰੀ ਸੰਸਾਰ ਵਿਆਪੀ ਗੁਲਾਮੀ ਹੀ ਹਰ ਤਰ੍ਹਾਂ ਦੀ ਦਾਸਤਾ, ਸਮਾਜਿਕ ਦੁਰਦਸ਼ਾ, ਮਾਨਸਿਕ ਪਤਨ, ਰਾਜਨੀਤਕ ਪ੍ਰਾਧੀਨਤਾ ਦਾ ਮੂਲ ਕਾਰਨ ਹੈ। ਦੁਨੀਆਂ ਭਰ ਦੇ ਮਜ਼ਦੂਰਾਂ ਦੀ ਮੁਕਤੀ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਵੱਖ-ਵੱਖ ਦੇਸ਼ਾਂ ਦੇ ਮਜ਼ਦੂਰਾਂ ਦੀ ਆਪਸੀ ਫੁੱਟ ਅਤੇ ਏਕਤਾ ਦੀ ਘਾਟ ਦੇ ਕਾਰਨ ਹੀ ਅਸਫਲ ਹੋਈਆਂ ਹਨ। ਇਸ ਮਤੇ ਵਿੱਚ 'ਹੁਣ ਆਪਸ ਵਿੱਚ ਨਿੱਖੜੀਆਂ ਲਹਿਰਾਂ ਵਿੱਚ ਤੁਰੰਤ ਏਕਤਾ ਕਾਇਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮਤੇ ਦੇ ਅਨੁਸਾਰ ਇਸ ਜਥੇਬੰਦੀ ਨੇ 'ਕਰਤੱਵ ਬਿਨਾਂ ਅਧਿਕਾਰ ਅਤੇ ਅਧਿਕਾਰਾਂ ਬਿਨਾ ਕਰਤੱਵ' ਦੇ ਲਈ ਕੋਈ ਥਾਂ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਜਥੇਬੰਦੀ ਦੇ ਹਰ ਮੈਂਬਰ ਨੂੰ ਮਜ਼ਦੂਰ ਹੋਣਾ ਹੀ ਚਾਹੀਦਾ ਹੈ।

ਇਸ ਤੋਂ ਪਿੱਛੋਂ ਪੱਤਰਪ੍ਰੇਰਕ ਨੇ ਕੌਮਾਂਤਰੀ ਦੇ ਸਾਧਾਰਨ ਨਿਯਮਾਂ, ਕੰਮ ਕਰਨ ਦੇ ਤਰੀਕਿਆਂ, ਉਹਨਾਂ ਦੀਆਂ ਵੱਖ ਵੱਖ ਕਮੇਟੀਆਂ ਅਤੇ ਪ੍ਰੀਸ਼ਦਾਂ ਦੇ ਸਬੰਧ ਵਿੱਚ ਲਿਖਿਆ ਹੈ ਅਤੇ ਆਮ ਪ੍ਰੀਸ਼ਦ ਦੇ ਮੈਂਬਰਾਂ ਦੇ ਨਾਵਾਂ ਦੀ ਇੱਕ ਲੰਮੀ ਸੂਚੀ ਵੀ ਦਿੱਤੀ ਹੈ। ਇਸ ਤੋਂ ਵੱਧ ਕੇ ਬੋਕਰੋਪ ਡੇਵਿਸ ਦੀ 1877 ਦੀ ਸਰਕਾਰੀ ਰਿਪੋਰਟ 'ਤੇ ਅਧਾਰਤ ਉਹਨਾਂ 12 ਮੰਗਾਂ ਦਾ ਵੀ ਜ਼ਿਕਰ ਕੀਤਾ ਹੈ ਜਿਹੜੀਆਂ ਕਾਰਲ ਮਾਰਕਸ ਦੇ ਮੁਤਾਬਕ ਮਈ 1857 ਦੇ ਗੋਥਾ ਦੇ ਸਮਾਜਵਾਦੀ ਸੰਮੇਲਨ ਦੀ ਰਿਪੋਰਟ ਤੋਂ ਲਈਆਂ ਗਈਆਂ ਹਨ। ਇਸ ਹਿੱਸੇ ਦੇ ਵਿਸਥਾਰ ਤੋਂ ਬਚਣ ਲਈ ਅਤੇ ਵਰਤਮਾਨ ਹਾਲਤ ਵਿੱਚ ਗੈਰ ਜ਼ਰੂਰੀ ਜਾਣ ਕੇ ਛੱਡ ਦਿੱਤਾ ਗਿਆ ਹੈ। ਡੇਵਿਸ ਦੀ ਰਿਪੋਰਟ ਦੇ ਮੁਤਾਬਕ 12 ਮੰਗਾਂ ਵਿੱਚੋਂ ਅਖੀਰਲੀ ਹੈ ਕਿ, 'ਲੋਕ ਜਮਹੂਰੀ ਢੰਗ ਨਾਲ਼ ਉਦਯੋਗਿਕ ਸੰਸਥਾਵਾਂ ਨੂੰ ਸਰਕਾਰੀ ਸਹਾਇਤਾ ਅਤੇ ਕਰਜ਼ ਦੇਣਾ''। ਮਾਰਕਸ ਨੇ ਆਪਣੀ ਚਰਚਾ ਵਿੱਚ ਇਸ ਅੰਤਿਮ ਮੰਗ ਨੂੰ ਛੱਡ ਦਿੱਤਾ ਸੀ। ਕਿਉਂਕਿ ਇਹ ਇੱਕ ਬੁਰਜੂਆ ਮੰਗ ਹੈ। (ਪੱਤਰਕਾਰ ਨੇ ਡੈਵਿਸ ਦੀ ਰਿਪੋਰਟ ਦੀ 12ਵੀਂ ਮੰਗ ਦੀ ਚਰਚਾ ਕਰਦਿਆਂ ਹੋਇਆਂ ਮਾਰਕਸ ਤੋਂ ਪੁੱਛਿਆ ਕਿ ਉਹਨਾਂ ਇਸ ਮੰਗ ਨੂੰ ਕਿਉਂ ਛੱਡ ਦਿੱਤਾ?)

nਡਾ. ਮਾਰਕਸ ਨੇ ਕਿਹਾ 1857 ਵਿੱਚ ਜਦੋਂ ਗੋਥਾ ਵਿੱਚ ਸਮਾਜਵਾਦੀ ਸੰਮੇਲਨ ਹੋਇਆ ਸੀ ਉਸ ਸਮੇਂ ਸਮਾਜਕ ਜਮਹੂਰੀਅਤ ਪਸੰਦਾਂ ਦੇ ਹਿਮੈਤੀ ਕੌਮਾਂਤਰੀ ਦੇ ਪ੍ਰੋਗਰਾਮ ਨੂੰ ਆਮ ਰੂਪ ਵਿੱਚ ਪ੍ਰਵਾਨ ਕਰਦੇ ਸਨ। ਉਹਨਾਂ ਨੂੰ ਆਈਜੈਨਿਕ ਪਾਰਟੀ ਵੀ ਕਿਹਾ ਜਾਂਦਾ ਸੀ।

12ਵੀਂ ਮੰਗ ਨੂੰ ਸਭਾ ਦੇ ਮੰਚ ਉੱਤੇ ਨਹੀਂ ਕੀਤਾ ਗਿਆ ਸੀ। ਉਹਨੂੰ ਕੁੱਝ ਲੋਕਾਂ ਦੇ ਸੰਤੋਖ ਲਈ ਰਿਆਇਤ ਦੇ ਤੌਰ 'ਤੇ ਰੱਖਿਆ ਗਿਆ ਸੀ। ਇਸ ਤੋਂ ਪਿੱਛੋਂ ਕਦੇ ਇਹਦੀ ਚਰਚਾ ਨਹੀਂ ਕੀਤੀ ਗਈ। ਡੇਵਿਸ ਇਹ ਨਹੀਂ ਕਹਿੰਦੇ ਕਿ ਇਹਨੂੰ ਰਿਐਤ ਦੇ ਤੌਰ 'ਤੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨੂੰ ਉਹ ਇੰਝ ਪੇਸ਼ ਕਰਦੇ ਹਨ ਕਿ ਜਿਵੇਂ ਉਹ ਪ੍ਰੋਗਰਾਮ ਦੇ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਹੋਵੇ।

ਪੱਤਰ ਪ੍ਰੇਰਕ- ਪਰ ਸਮਾਜਵਾਦੀਆਂ ਦੀ ਲਹਿਰ ਦਾ ਆਖਰੀ ਉਦੇਸ਼ ਮਿਹਨਤ ਦੇ ਸਾਧਨਾਂ ਨੂੰ ਸਮਾਜ ਦੀ ਸਮੂਹਕ ਜਾਇਦਾਦ ਵਿੱਚ ਬਦਲਣਾ ਹੀ ਤਾਂ ਹੈ?

ਡਾ. ਮਾਰਕਸ-ਜੀ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਲਹਿਰ ਦਾ ਅਜਿਹਾ ਹੀ ਸਿੱਟਾ ਹੋਵੇਗਾ। ਪਰ ਇਹਦੇ ਲਈ ਸਮਾਂ, ਸਿੱਖਿਆ ਅਤੇ ਬੇਹਤਰ ਕਿਸਮ ਦੀਆਂ ਸਮਾਜਿਕ ਸੰਸਥਾਵਾਂ ਦੀ ਲੋੜ ਹੋਵੇਗੀ।

ਪੱਤਰ ਪ੍ਰੇਰਕ- ਤੁਹਾਡਾ ਇਹ ਐਲਾਨਨਾਮਾ ਅਤੇ ਮੋਰਚੇ ਸਿਰਫ਼ ਜਰਮਨੀ ਜਾਂ ਅਜਿਹੇ ਹੀ ਇੱਕ ਦੋ ਦੇਸ਼ਾਂ ਦੇ ਲਈ ਉਪਯੋਗੀ ਹੋਣਗੇ।

ਡਾ. ਮਾਰਕਸ- ਵਾਹ! ਜੇ ਤੁਸੀਂ ਸਿਰਫ਼ ਇਸ ਐਲਾਨਨਾਮੇ ਨੂੰ ਹੀ ਪੜ੍ਹ ਕੇ ਸਾਡੇ ਸੰੰਬੰਧ ਵਿੱਚ ਨਤੀਜੇ ਕੱਢਣ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਤੁਸੀਂ ਸਾਡੀ ਜਥੇਬੰਦੀ ਦੀਆਂ ਸਰਗਰਮੀਆਂ ਦੇ ਸੰਬੰਧ ਵਿੱਚ ਕੁੱਝ ਨਹੀਂ ਜਾਣ ਸਕੋਗੇ। ਜ਼ਾਹਿਰ ਹੈ ਕਿ ਇਸ ਐਲਾਨਨਾਮੇ ਦੀਆਂ ਕਈ ਗੱਲਾਂ ਦਾ ਜਰਮਨੀ ਤੋਂ ਬਾਹਰ ਕੋਈ ਮਹੱਤਵ ਨਹੀਂ ਹੈ। ਸਪੇਨ, ਰੂਸ, ਇੰਗਲੈਂਡ ਅਤੇ ਅਮਰੀਕਾ ਵਿੱਚ ਉਹਨਾਂ ਦੇਸ਼ਾਂ ਦੀਆਂ ਆਪਣੀਆਂ ਖਾਸ ਮੁਸ਼ਕਲਾਂ/ਸਮੱਸਿਆਵਾਂ ਦੇ ਮੁਤਾਬਕ ਮੋਰਚੇ ਅਤੇ ਜਥੇਬੰਦੀਆਂ ਬਣੀਆਂ ਹੋਈਆਂ ਹਨ। ਇਹਨਾਂ ਸਾਰਿਆਂ ਵਿੱਚ ਸਮਾਨਤਾ ਸਿਰਫ਼ ਇੱਕ ਉਦੇਸ਼ ਦੀ ਹੈ, ਜਿਹਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ।

ਪੱਤਰ ਪ੍ਰੇਰਕ- ਉਹ ਉਦੇਸ਼ ਕੀ ਮਜ਼ਦੂਰ ਜਮਾਤ ਦੀ ਪ੍ਰਭੂਸੱਤਾ ਕਾਇਮ ਕਰਨਾ ਹੈ?

ਡਾ. ਮਾਰਕਸ- ਜੀ ਨਹੀਂ! ਉਦੇਸ਼ ਮਜ਼ਦੂਰ ਜਮਾਤ ਦੀ ਮੁਕਤੀ ਦਾ ਹੈ।

ਪੱਤਰ ਪ੍ਰੇਰਕ- ਕੀ ਯੂਰਪ ਦੇ ਸਮਾਜਵਾਦੀ ਅਮਰੀਕੀ ਮਜ਼ਦੂਰ ਲਹਿਰ ਨੂੰ ਮਹੱਤਵਪੂਰਨ ਮੰਨਦੇ ਹਨ?

ਡਾ. ਮਾਰਕਸ- ਜੀ ਹਾਂ! ਇਹ ਉਸ ਦੇਸ਼ ਦੇ ਵਿਕਾਸ ਦਾ ਸੁਭਾਵਿਕ ਸਿੱਟਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਥੇ ਲਹਿਰ ਵਿਦੇਸ਼ੀਆਂ ਵਲੋਂ ਬਾਹਰ ਤੋਂ ਲਿਆਂਦੀ ਗਈ ਹੈ। ਅੱਜ ਤੋਂ 50 ਸਾਲ ਪਹਿਲਾਂ ਜਦੋਂ ਇੰਗਲੈਂਡ ਦੀ ਮਜ਼ਦੂਰ ਲਹਿਰ ਦਾ ਰੂਪ ਜੁਝਾਰੂ ਹੋਣ ਲੱਗਾ ਤਾਂ ਇਥੇ ਵੀ ਅਜਿਹਾ ਹੀ ਕਿਹਾ ਜਾਂਦਾ ਸੀ। ਇਹ ਗੱਲ ਸਮਾਜਵਾਦ ਦੀ ਚਰਚਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੈ। ਅਮਰੀਕਾ ਵਿੱਚ 1857 ਤੋਂ ਪਿਛੋਂ ਤੋਂ ਹੀ ਮਜ਼ਦੂਰ ਲਹਿਰ ਪ੍ਰਭਾਵਸ਼ਾਲੀ ਹੋਣ ਲੱਗੀ ਹੈ। ਉਸ ਤੋਂ ਪਿਛੋਂ ਮਜ਼ਦੂਰ ਸੰਘ ਵੱਧਣ ਫੁੱਲਣ ਲੱਗੇ। ਫਿਰ ਅਜਿਹੀਆਂ ਮਜ਼ਦੂਰ ਸਭਾਵਾਂ ਦਾ ਨਿਰਮਾਣ ਹੋਇਆ ਜਿਸ ਨਾਲ਼ ਵੱਖ-ਵੱਖ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵਿੱਚ ਏਕਤਾ ਆਈ ਅਤੇ ਅੰਤ ਵਿੱਚ ਕੌਮੀ ਮਜ਼ਦੂਰ ਸੰਘ ਦੀ ਸਥਾਪਨਾ ਹੋਈ। ਜੇ ਤੁਸੀਂ ਇਸ ਲੜੀਵਾਰ ਵਿਕਾਸ ਉਤੇ ਧਿਆਨ ਦਿਉ ਤਾਂ ਤੁਹਨੂੰ ਪਤਾ ਲੱਗ ਜਾਵੇਗਾ ਕਿ ਬਿਨਾਂ ਵਿਦੇਸ਼ੀਆਂ ਦੀ ਮਦਦ ਦੇ ਹੀ ਅਮਰੀਕਾ ਵਿੱਚ ਸਮਾਜਵਾਦ ਪੈਦਾ ਹੋਇਆ। ਉਹ ਪੂੰਜੀ ਦੇ ਕੇਂਦਰੀਕਰਨ ਅਤੇ ਮਜ਼ਦੂਰ ਅਤੇ ਮਾਲਿਕ ਦੇ ਬਦਲੇ ਹੋਏ ਸੰਬੰਧਾਂ ਦੇ ਕਾਰਨ ਸੰਭਵ ਹੋਇਆ।

ਪੱਤਰ ਪ੍ਰੇਰਕ- ਹੁਣ ਕੀ ਤੁਸੀਂ ਇਹ ਦੱਸੋਗੇ ਕਿ ਤੁਹਾਡੇ ਸਮਾਜਵਾਦ ਨੇ ਹੁਣ ਤੱਕ ਕੀ ਕੀਤਾ ਹੈ?

ਡਾ. ਮਾਰਕਸ- ਦੋ ਗੱਲਾਂ ਹੋਈਆਂ ਹਨ। ਸਮਾਜਵਾਦੀਆਂ ਨੇ ਪੂੰਜੀ ਅਤੇ ਕਿਰਤ ਦੇ ਵਿਆਪਕ ਸੰਘਰਸ਼ ਦਾ ਰਾਹ ਵਿਖਾਇਆ ਹੈ। ਭਾਵ ਉਸ ਨੂੰ ਸੰਸਾਰ ਵਿਆਪੀ ਬਣਾਇਆ ਹੈ। ਇਹਦੇ ਸਿੱਟੇ ਵਜੋਂ ਦੁਨੀਆ ਭਰ ਦੇ ਮਜ਼ਦੂਰਾਂ ਵਿੱਚ ਏਕਤਾ ਦੀ ਸਮਝ ਆਈ ਹੈ। ਹੁਣ ਇਹ ਹੋਰ ਜ਼ਰੂਰੀ ਇਸ ਲਈ ਵੀ ਹੋ ਗਿਆ ਹੈ ਕਿਉਂਕਿ ਪੂੰਜੀਪਤੀ ਮਜ਼ਦੂਰਾਂ ਦੀ ਬਹਾਲੀ ਵਿੱਚ ਦੁਨੀਆ ਭਰ ਦੇ ਮਜ਼ਦੂਰਾਂ ਉੱਤੇ ਆਪਣੀ ਨਜ਼ਰ ਰੱਖਦੇ ਹਨ ਅਤੇ ਨਾ ਸਿਰਫ਼ ਅਮਰੀਕਾ ਵਿੱਚ ਹੀ, ਸਗੋਂ ਇੰਗਲੈਂਡ, ਫਰਾਂਸ ਅਤੇ ਜਰਮਨੀ ਦੇ ਪੂੰਜੀਪਤੀ ਵੀ ਸਵਦੇਸ਼ੀ ਮਜ਼ਦੂਰਾਂ ਦੇ ਵਿਰੁੱਧ ਵਿਦੇਸ਼ੀ ਮਜ਼ਦੂਰਾਂ ਦੀ ਵਰਤੋਂ ਕਰਦੇ ਹਨ। ਹੁਣ ਵੱਖ ਵੱਖ ਦੇਸ਼ਾਂ ਦੇ ਮਜ਼ਦੂਰਾਂ ਵਿੱਚ ਕੌਮਾਂਤਰੀ ਸਮਝ ਅਤੇ ਭਾਈਚਾਰੇ ਦਾ ਵਿਕਾਸ ਹੋਇਆ ਹੈ। ਇਸ ਨਾਲ਼ ਇਹ ਵੀ ਸਾਬਤ ਹੋਇਆ ਹੈ ਕਿ ਸਮਾਜਵਾਦ ਕੋਈ ਸਥਾਨਕ ਸਮੱਸਿਆ ਨਹੀਂ ਹੈ ਅਤੇ ਇਸ ਦਾ ਹੱਲ ਦੁਨੀਆ ਭਰ ਦੇ ਮਜ਼ਦੂਰਾਂ ਨੇ ਇੱਕ ਹੋ ਕੇ ਕਰਨਾ ਹੈ। ਮਜ਼ਦੂਰ ਜਮਾਤ ਆਪਣੀ ਲਹਿਰ ਦੇ ਉਦੇਸ਼ਾਂ ਨੂੰ ਨਾ ਜਾਣਦਿਆਂ ਹੋਇਆਂ ਵੀ ਆਪਣੇ ਆਪ ਲਗਾਤਾਰ ਅੱਗੇ ਵਧਦੀ ਰਹੀ ਹੈ। ਸਮਾਜਵਾਦੀਆਂ ਨੇ ਲਹਿਰ ਦਾ ਖਾਸਾ ਅਤੇ ਉਦੇਸ਼ ਨੂੰ ਦੱਸਣ ਦਾ ਕੰਮ ਕੀਤਾ ਹੈ।

ਪੱਤਰ ਪ੍ਰੇਰਕ- ਮੇਰੀ ਸਮਝ ਵਿੱਚ ਇਹਦਾ ਮਤਲਬ ਹੈ ਵਰਤਮਾਨ ਪ੍ਰਬੰਧ ਨੂੰ ਉਖਾੜ ਸੁੱਟਣਾ।

ਡਾ. ਮਾਰਕਸ- ਸਾਡਾ ਵਿਚਾਰ ਇਹ ਹੈ ਕਿ ਵਰਤਮਾਨ ਪ੍ਰਬੰਧ ਵਿੱਚ ਇੱਕ ਪਾਸੇ ਪੂੰਜੀਪਤੀਆਂ ਦੇ ਹੱਥਾਂ ਵਿੱਚ ਪੂੰਜੀ ਅਤੇ ਭੂਮੀ ਹੈ ਅਤੇ ਦੂਸਰੇ ਪਾਸੇ, ਮਜ਼ਦੂਰਾਂ ਦੇ ਕੋਲ ਇੱਕ ਮੰਡੀ ਦੀ ਵਸਤੂ ਦੇ ਰੂਪ ਵਿੱਚ ਵੇਚਣ ਦੇ ਲਈ ਸਿਰਫ਼ ਕਿਰਤ ਸ਼ਕਤੀ ਹੈ। ਇਹ ਇੱਕ ਅਜਿਹਾ ਇਤਿਹਾਸਕ ਢਾਂਚਾ ਹੈ ਜਿਹੜਾ ਸਮਾਪਤ ਹੋਵੇਗਾ ਅਤੇ ਇਹਦੀ ਥਾਂ ਇੱਕ ਵਧੇਰੇ ਉੱਨਤ ਸਮਾਜਿਕ ਪ੍ਰਬੰਧ ਕਾਇਮ ਹੋਵੇਗਾ। ਅਸੀਂ ਜਾਣਦੇ ਹਾਂ ਕਿ ਹਰ ਥਾਂ ਸਮਾਜ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਆਧੁਨਿਕ ਉਦਯੋਗਿਕ ਦੇਸ਼ਾਂ ਦੇ ਉਦਯੋਗਿਕ ਸਾਧਨਾਂ ਦੇ ਵਿਕਾਸ ਦੇ ਨਾਲ਼ ਨਾਲ਼ ਪੂੰਜੀਪਤੀ ਅਤੇ ਮਜ਼ਦੂਰ ਜਮਾਤ ਦੀ ਆਪਸੀ ਦੁਸ਼ਮਣੀ ਵੀ ਵੱਧ ਰਹੀ ਹੈ। ਸਮਾਜਵਾਦੀਆਂ ਦੇ ਨਜ਼ਰੀਏ ਨਾਲ਼ ਵਰਤਮਾਨ ਇਤਿਹਾਸਕ ਹਾਲਤਾਂ ਵਿੱਚ ਇਨਕਲਾਬ ਦੇ ਤੱਤ ਮੌਜੂਦ ਹਨ। ਕਈ ਦੇਸ਼ਾਂ ਦੇ ਮਜ਼ਦੂਰ ਸੰਘਾਂ ਦੇ ਅਧਾਰ ਉਤੇ ਰਾਜਨੀਤਕ ਜਥੇਬੰਦੀਆਂ ਵੀ ਬਣੀਆਂ ਹਨ। ਅਮਰੀਕਾ ਵਿੱਚ ਮਜ਼ਦੂਰ ਵਰਗ ਦੀ ਆਪਣੀ ਇੱਕ ਪਾਰਟੀ ਬਣਾਉਣ ਦੀ ਲੋੜ ਹੈ। ਮਜ਼ਦੂਰ, ਪੇਸ਼ਾਵਰ ਸਿਆਸਤਦਾਨਾਂ ਉਤੇ ਹੁਣ ਹੋਰ ਜ਼ਿਆਦਾ ਭਰੋਸਾ ਨਹੀਂ ਕਰ ਸਕਦੇ। ਵਿਧਾਇੱਕ ਗੁੱਟਬਾਜ਼ੀ ਤੇ ਅਖਾੜੇਬਾਜ਼ੀ ਦਾ ਸ਼ਿਕਾਰ ਹਨ। ਰਾਜਨੀਤੀ ਪੇਸ਼ਾ ਹੋ ਗਈ ਹੈ। ਇਹ ਦਸ਼ਾ ਸਿਰਫ਼ ਅਮਰੀਕਾ ਵਿੱਚ ਹੀ ਨਹੀਂ ਹੈ। ਯੂਰਪ ਦਾ ਵੀ ਇਹੋ ਹਾਲ ਹੈ। ਫਰਕ ਸਿਰਫ਼ ਐਨਾ ਹੀ ਹੈ ਕਿ ਯੂਰਪ ਵਾਲਿਆਂ ਦੇ ਮੁਕਾਬਲੇ ਅਮਰੀਕਾ ਦੇ ਲੋਕ ਕੁੱਝ ਜ਼ਿਆਦਾ ਸਾਵਧਾਨ ਅਤੇ ਦ੍ਰਿੜ ਇਰਾਦੇ ਵਾਲ਼ੇ ਹਨ। ਉਥੇ ਭੇਦ ਛੇਤੀ ਹੀ ਖੁਲ੍ਹ ਜਾਂਦਾ ਹੈ। ਮਹਾਂਸਾਗਰ ਦੇ ਇਸ ਪਾਸੇ ਜਿਨਾਂ ਸ਼ਬਦ ਅਡੰਬਰ ਹੈ ਅਤੇ ਮਾਰਧਾੜ ਹੈ ਉਨੀਂ ਉਸ ਪਾਸੇ ਨਹੀਂ।

ਪੱਤਰ ਪ੍ਰੇਰਕ- ਜਰਮਨੀ ਵਿੱਚ ਸਮਾਜਵਾਦੀ ਪਾਰਟੀ ਦੇ ਤੇਜ਼ੀ ਨਾਲ਼ ਵਿਕਾਸ ਦੇ ਕੀ ਕਾਰਨ ਹਨ?

ਡਾ. ਮਾਰਕਸ- ਜਰਮਨੀ ਦੀ ਵਰਤਮਾਨ ਸਮਾਜਵਾਦੀ ਪਾਰਟੀ ਕਾਫ਼ੀ ਨਵੀਂ ਹੈ। ਇੰਗਲੈਂਡ ਅਤੇ ਫਰਾਂਸ ਦੇ ਵਾਂਗੂੰ ਜਰਮਨੀ ਵਿੱਚ ਕਾਲਪਨਿਕ ਸਮਾਜਵਾਦੀਆਂ ਦੀ ਵਿਚਾਰਧਾਰਾ ਦਾ ਪਹਿਲਾਂ ਤੋਂ ਕੋਈ ਪ੍ਰਭਾਵ ਨਹੀਂ ਸੀ। ਜਰਮਨ ਸਿਧਾਂਤ ਬਣਾਉਣ ਵਿੱਚ ਦੂਸਰਿਆਂ ਨਾਲ਼ੋਂ ਵੱਧ ਮਾਹਰ ਹਨ। ਪਿਛਲੇ ਅਨੁਭਵਾਂ ਤੋਂ ਸਿੱਖ ਕੇ ਜਰਮਨਾਂ ਨੇ ਕੁੱਝ ਨਿਰਣੇ ਲਏ। ਤੁਸੀਂ ਜਾਣਦੇ ਹੀ ਹੋ ਕਿ ਯੂਰਪ ਦੇ ਦੂਸਰੇ ਦੇਸ਼ਾਂ ਦੀ ਤੁਲਨਾ ਵਿੱਚ ਇਹ ਪੂੰਜੀਵਾਦੀ ਪ੍ਰਬੰਧ ਜਰਮਨੀ 'ਚ ਕਾਫੀ ਨਵਾਂ ਹੈ ਜਦੋਂ ਜਰਮਨੀ ਦੇ ਮਜ਼ਦੂਰਾਂ ਨੇ ਸਮਾਜਵਾਦੀ ਵਿਚਾਰਾਂ ਨੂੰ ਅਪਣਾਇਆ ਤਾਂ ਇੰਗਲੈਂਡ ਅਤੇ ਫਰਾਂਸ ਵਿੱਚ ਜਿਹੜੇ ਸਵਾਲ ਬਹੁਤ ਪੁਰਾਣੇ ਪੈ ਚੁੱਕੇ ਸਨ ਉਹ ਜਰਮਨੀ ਵਿੱਚ ਨਵੇਂ ਰੁਪ ਵਿੱਚ ਉੱਠਣ ਲੱਗੇ। ਉਹਨਾਂ ਦੇਸ਼ਾਂ ਵਿੱਚ ਉਤਪੰਨ ਰਾਜਨੀਤਕ ਪ੍ਰਭਾਵਾਂ ਦਾ ਅਸਰ ਜਰਮਨੀ ਦੇ ਮਜ਼ਦੂਰਾਂ ਦੀ ਜ਼ਿੰਦਗੀ ਉੱਤੇ ਹੋਣ ਲੱਗਾ। ਇਸ ਲਈ ਆਧੁਨਿਕ ਉਦਯੋਗਿਕ ਵਿਕਾਸ ਦੀ ਸ਼ੁਰੂਆਤ ਦੇ ਨਾਲ਼ ਹੀ ਉਥੋਂ ਦੇ ਮਜ਼ਦੂਰਾਂ ਨੇ ਆਪਣੀ ਆਜ਼ਾਦ ਰਾਜਨੀਤਕ ਪਾਰਟੀ ਬਣਾ ਲਈ। ਜਰਮਨੀ ਦੀ ਸੰਸਦ ਵਿੱਚ ਉਹਨਾਂ ਦੇ ਆਪਣੇ ਪ੍ਰਤਿਨਿਧ ਸਨ। ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲ਼ੀ ਕੋਈ ਹੋਰ ਪਾਰਟੀ ਨਹੀਂ ਸੀ। ਇਸ ਲਈ ਉਹ ਜ਼ਿਮੇਵਾਰੀ ਮਜ਼ਦੂਰਾਂ ਆਗੂਆਂ ਦੇ ਮੋਢਿਆਂ 'ਤੇ ਹੀ ਆਈ। ਇਸ ਪਾਰਟੀ ਦੇ ਵਿਕਾਸ ਦੀ ਰੂਪ ਰੇਖਾ ਦੱਸਣ ਵਿੱਚ ਕਾਫ਼ੀ ਸਮਾਂ ਲਗ ਸਕਦਾ ਹੈ। ਪਰ ਮੈਂ ਕਹਿ ਸਕਦਾ ਹਾਂ ਕਿ ਜੇ ਜਰਮਨੀ ਦੀਆਂ ਮੱਧ ਵਰਗੀ ਜਮਾਤਾਂ ਵਿੱਚ ਬਹੁਤ ਜ਼ਿਆਦਾ ਕਾਇਰਤਾ ਨਾ ਹੁੰਦੀ ਅਤੇ ਉਹ ਇੰਗਲੈਂਡ ਅਤੇ ਅਮਰੀਕਾ ਦੇ ਮੱਧ ਵਰਗਾਂ ਵਰਗੇ ਹੁੰਦੇ ਤਾਂ ਸਰਕਾਰ ਵਿਰੁੱਧ ਸਾਰੇ ਰਾਜਨੀਤਕ ਕੰਮ ਉਹਨਾਂ ਨੂੰ ਹੀ ਕਰਨੇ ਚਾਹੀਦੇ ਸਨ।

ਪੱਤਰ ਪ੍ਰੇਰਕ- ਕੌਮਾਂਤਰੀ ਵਾਦੀਆਂ ਦੇ ਵਿਚਕਾਰ ਲਾਸਾਲਵਾਦੀਆਂ ਦੀ ਗਿਣਤੀ ਕਿੰਨੀ ਹੋਵੇਗੀ?

ਡਾ. ਮਾਰਕਸ- ਲਾਸਾਲ ਦੀ ਕੋਈ ਪਾਰਟੀ ਨਹੀਂ ਹੈ। ਹਾਂ! ਸਾਡੀ ਜਥੇਬੰਦੀ ਵਿੱਚ ਲਾਸਾਲ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਣ ਵਾਲ਼ੇ ਕੁੱਝ ਲੋਕ ਹਨ। ਪਰ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਲਾਸਾਲ ਨੂੰ ਸਾਡੇ ਆਮ ਸਿਧਾਂਤਾਂ ਦਾ ਅਨੁਮਾਨ ਸੀ। ਇਸ ਲਈ ਜਦੋਂ ਉਹਨੇ 1848 ਦੀਆਂ ਘਟਨਾਵਾਂ ਪਿਛੋਂ ਨਵੇਂ ਸਿਰੇ ਤੋਂ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਤਾਂ ਉਹਨੇ ਇਹ ਕਲਪਨਾ ਕਰ ਲਈ ਕਿ ਸੱਨਅਤੀ ਅਦਾਰਿਆਂ ਵਿੱਚ ਮਜ਼ਦੂਰਾਂ ਦੇ ਸਹਿਯੋਗ ਦੀ ਵਕਾਲਤ ਕਰਕੇ ਉਹ ਲਹਿਰ ਨੂੰ ਫਿਰ ਹੋਰ ਜ਼ਿਆਦਾ ਕਾਮਯਾਬ ਢੰਗ ਨਾਲ਼ ਚਲਾ ਸਕਦਾ ਹੈ। ਮਜ਼ਦੂਰਾਂ ਨੂੰ ਮੁੜ ਸਰਗਰਮ ਕਰਨ ਦੀ ਉਹਨਾਂ ਦੀ ਇਹ ਕੋਸ਼ਿਸ਼ ਸੀ। ਇਹਨੂੰ ਉਹ ਲਹਿਰ ਦੇ ਹਕੀਕੀ ਉਦੇਸ਼ ਦੀ ਪੂਰਤੀ ਦਾ ਸਾਧਨ ਹੀ ਸਮਝਦਾ ਸੀ। ਉਹਦੇ ਇਸ ਉਦੇਸ਼ ਦੇ ਖ਼ਤ ਮੇਰੇ ਕੋਲ ਹਨ।

ਪੱਤਰ ਪ੍ਰੇਰਕ- ਕੀ ਤੁਸੀਂ ਇਹਨੂੰ ਉਹਦਾ ਰਾਮਬਾਣ ਕਹਿਣਾ ਚਾਹੋਗੇ?

ਡਾ. ਮਾਰਕਸ- ਲਾਜ਼ਮੀ ਰੂਪ ਵਿੱਚ ਉਹ ਬਿਸਮਾਰਕ ਨੂੰ ਮਿਲਿਆ। ਉਹਨੇ ਆਪਣੀ ਯੋਜਨਾ ਦੀ ਚਰਚਾ ਕੀਤੀ ਅਤੇ ਬਿਸਮਾਰਕ ਨੇ ਉਸ ਸਮੇਂ ਹਰ ਤਰ੍ਹਾਂ ਨਾਲ਼ ਲਾਸਾਲ ਦੀਆਂ ਸਰਗਰਮੀਆਂ ਨੂੰ ਉਤਸ਼ਾਹ ਦਿੱਤਾ।

ਪੱਤਰ ਪ੍ਰ੍ਰੇਰਕ- ਬਿਸਮਾਰਕ ਦਾ ਇੰਝ ਕਰਨ ਦਾ ਕੀ ਉਦੇਸ਼ ਸੀ?

ਡਾ. ਮਾਰਕਸ- ਉਹ 1848 ਦੀਆਂ ਹਾਲਤਾਂ ਨੂੰ ਭੜਕਾਉਣ ਵਾਲ਼ੇ ਮੱਧ ਵਰਗਾਂ ਵਿਰੁੱਧ ਮਜ਼ਦੂਰ ਜਮਾਤ ਨੂੰ ਇਸਤੇਮਾਲ ਕਰਨਾ ਚਾਹੁੰਦਾ ਸੀ।

ਪੱਤਰ ਪ੍ਰੇਰਕ- ਅਜਿਹਾ ਕਿਹਾ ਜਾਂਦਾ ਹੈ ਕਿ ਤੁਸੀਂ ਸਮਾਜਵਾਦ ਦੇ ਚੇਅਰਮੈਨ ਅਤੇ ਆਗੂ ਹੋ ਤੇ ਤੁਸੀਂ ਇਥੇ, ਆਪਣੇ ਘਰ ਤੋਂ ਅੱਜਕੱਲ੍ਹ ਦੇ ਹਰ ਤਰ੍ਹਾਂ ਦੀਆਂ ਜਥੇਬੰਦੀਆਂ ਅਤੇ ਇਨਕਲਾਬਾਂ ਦਾ ਸੰਚਾਲਨ ਕਰਦੇ ਹੋ। ਇਸ ਸੰਬੰਧ ਵਿੱਚ ਕੀ ਤੁਸੀਂ ਕੁੱਝ ਕਹਿਣਾ ਚਾਹੁੰਦੇ ਹੋ?

ਡਾ. ਮਾਰਕਸ- (ਹਲਕੀ ਜਿਹੀ ਮੁਸਕਰਾਹਟ) ਮੈਨੂੰ ਇਹਦੀ ਜਾਣਕਾਰੀ ਹੈ। ਇਹ ਇੱਕਦਮ ਬੇਤੁਕੀ ਗੱਲ ਹੈ। ਪਰ ਇਹਦਾ ਇੱਕ ਮਨੋਰੰਜਕ ਪਹਿਲੂ ਵੀ ਹੈ। ਹੋਦਤ ਦੀ ਕੋਸ਼ਿਸ਼ ਤੋਂ ਦੋ ਮਹੀਨੇ ਪਹਿਲਾਂ ਬਿਸਮਾਰਕ ਨੇ ਆਪਣੇ ਇੱਕ ਪਰਚੇ ਨਾਰਥ ਜਰਮਨ ਗਜ਼ਟ ਵਿੱਚ ਮੇਰੇ ਵਿਰੁੱਧ ਇਹ ਸ਼ਿਕਾਇਤ ਕੀਤੀ ਸੀ ਕਿ ਮੈਂ ਜਸੁਇਟ ਲਹਿਰ ਦੇ ਆਗੂ ਫਾਦਰ ਬੈਂਕ ਨਾਲ਼ ਮਿਲਿਆ ਹੋਇਆ ਹਾਂ। ਅਸੀਂ ਲੋਕਾਂ ਨੇ ਸਮਾਜਵਾਦੀ ਲਹਿਰ ਨੂੰ ਅਜਿਹਾ ਰੂਪ ਦੇ ਰੱਖਿਆ ਹੈ ਤਾਂ ਕਿ ਉਹ (ਬਿਸਮਾਰਕ) ਇਹਦੇ ਨਾਲ਼ ਕੋਈ ਸੰਬੰਧ ਨਾ ਰੱਖ ਸਕੇ।

ਪੱਤਰ ਪ੍ਰੇਰਕ- ਪਰ ਲੰਡਨ ਤੋਂ ਤੁਹਾਡਾ ਕੌਮਾਂਤਰੀ ਸਮਾਜ4 ਲਹਿਰਾਂ ਦਾ ਸੰਚਾਲਨ ਤਾਂ ਕਰਦਾ ਹੀ ਹੈ।

ਡਾ. ਮਾਰਕਸ- ਕੌਮਾਂਤਰੀ ਸਮਾਜ ਦੀ ਉਪਯੋਗਿਤਾ ਹੁਣ ਖਤਮ ਹੋ ਚੁੱਕੀ ਹੈ ਅਤੇ ਹੁਣ ਉਹਦੀ ਕੋਈ ਹੋਂਦ ਨਹੀਂ ਹੈ। ਉਹਦੀ ਹੋਂਦ ਸੀ ਅਤੇ ਉਸਦੇ ਰਾਹੀਂ ਅੰਦੋਲਨਾਂ ਦਾ ਸੰਚਾਲਨ ਵੀ ਹੁੰਦਾ ਸੀ। ਪਰ ਹਾਲ ਦੇ ਕੁੱਝ ਸਾਲਾਂ ਵਿੱਚ ਸਮਾਜਵਾਦ ਦਾ ਐਨਾ ਵਿਕਾਸ ਹੋ ਚੁੱਕਾ ਹੈ ਕਿ ਹੁਣ ਕੌਮਾਂਤਰੀ ਦੀ ਕੋਈ ਲੋੜ ਨਹੀਂ ਰਹਿ ਗਈ ਹੈ। ਅਲੱਗ ਅਲੱਗ ਦੇਸ਼ਾਂ 'ਚ ਅਖਬਾਰ ਕੱਢੇ ਜਾ ਰਹੇ ਹਨ। ਉਹਨਾਂ 'ਚ ਆਪਸੀ ਅਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ। ਵੱਖ ਵੱਖ ਦੇਸ਼ਾਂ 'ਚ ਕੰਮ ਕਰਨ ਵਾਲੀਆਂ ਪਾਰਟੀਆਂ ਵਿੱਚ ਆਪਸੀ ਸੰਬੰਧ ਦਾ ਇਹੋ ਇੱਕੋ ਇੱਕ ਮਾਧਿਅਮ ਹੈ। ਕੌਮਾਂਤਰੀ ਸਮਾਜ ਦਾ ਗਠਨ ਇਸ ਲਈ ਹੋਇਆ ਸੀ ਕਿ ਮਜ਼ਦੂਰਾਂ ਨੂੰ ਜਥੇਬੰਦ ਕੀਤਾ ਜਾਵੇ ਅਤੇ ਵੱਖ ਵੱਖ ਦੇਸ਼ਾਂ ਦੇ ਰਾਸ਼ਟਰਾਂ ਦੇ ਮਜ਼ਦੂਰ ਜਥੇਬੰਦੀਆਂ ਵਿੱਚ ਆਪਸੀ ਏਕਤਾ ਕਾਇਮ ਕੀਤੀ ਜਾਵੇ। ਹਰ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਆਪਣੇ ਹਿੱਤ ਹਨ। ਜਿਹੜੇ ਦੂਸਰਿਆਂ ਤੋਂ ਭਿੰਨ ਹਨ। ਲੰਡਨ ਵਿੱਚ ਬੈਠੇ ਹੋਏ ਕੌਮਾਂਤਰੀ ਦੇ ਆਗੂਆਂ ਦੇ ਕਾਲ਼ੇ ਪ੍ਰਛਾਵੇਂ ਦੇ ਹਰ ਥਾਂ ਮੰਡਲਾਉਣ ਦੀ ਗੱਲ ਮਨਘੜਤ ਹੈ। ਇਹ ਸੋਚ ਹੈ ਕਿ ਜਦੋਂ ਕੌਮਾਂਤਰੀ ਦੀ ਸਥਾਪਨਾ ਹੋਈ ਸੀ ਤਾਂ ਅਸੀਂ ਵਿਦੇਸ਼ੀ ਜਥੇਬੰਦੀਆਂ ਨੂੰ ਸਲਾਹ ਦਿੰਦੇ ਸਾਂ। ਅਸੀਂ ਨਿਊਯਾਰਕ ਦੇ ਕੁੱਝ ਸਮੂਹਾਂ ਨੂੰ ਕੌਮਾਂਤਰੀ ਨਾਲ਼ੋਂ ਅਲੱਗ ਕਰਨ ਦੇ ਲਈ ਵੀ ਮਜਬੂਰ ਹੋਏ ਸਾਂ। ਉਹਨਾਂ ਵਿੱਚੋਂ ਇੱਕ ਗੁੱਟ ਉਹ ਵੀ ਸੀ ਜਿਸ ਉੱਤੇ ਮਦਾਮ ਵੁੱਡਹਲ ਦਾ ਪ੍ਰਭਾਵ ਸੀ। ਇਹ 1871 ਦੀ ਗੱਲ ਹੈ। ਅਜਿਹੇ ਅਨੇਕਾਂ ਅਮਰੀਕੀ ਸਿਆਸਤਦਾਨ ਹਨ ਜਿਹੜੇ ਉਸ ਲਹਿਰ ਤੋਂ ਫਾਇਦਾ ਲੈਣਾ ਚਾਹੁੰਦੇ ਹਨ। ਮੈਂ ਉਹਨਾਂ ਦਾ ਨਾ ਨਹੀਂ ਲੈਣਾ ਚਾਹੁੰਦਾ, ਅਮਰੀਕੀ ਸਮਾਜਵਾਦੀ ਉਹਨਾਂ ਨੂੰ ਚੰਗੀ ਤਰਾਂ ਜਾਣਦੇ ਹਨ।

ਪੱਤਰ ਪ੍ਰੇਰਕ- ਡਾ. ਮਾਰਕਸ! ਅਜਿਹਾ ਕਿਹਾ ਜਾਂਦਾ ਹੈ ਕਿ ਤੁਸੀਂ ਅਤੇ ਤੁਹਾਡੇ ਪੈਰੋਕਾਰਾਂ ਨੇ ਧਰਮ ਦੇ ਵਿਰੁੱਧ ਅੱਗ ਲਾਊ ਭਾਸ਼ਨ ਦਿੱਤਾ ਹੈ। ਲਾਜ਼ਮੀ ਹੀ ਤੁਸੀਂ ਇਹ ਚਾਹੁੰਦੇ ਹੋ ਕਿ ਵਰਤਮਾਨ ਪ੍ਰਬੰਧ ਪੂਰੀ ਤਰਾਂ ਮੁਕੰਮਲ ਬਰਬਾਦ ਹੋ ਜਾਵੇ।

ਡਾ. ਮਾਰਕਸ- (ਇੱਕ ਪਲ ਰੁਕ ਕੇ) ਅਸੀਂ ਜਾਣਦੇ ਹਾਂ ਕਿ ਧਰਮ ਦੇ ਵਿਰੁੱਧ ਹਿੰਸਾਤਮਕ ਕਾਰਵਾਈ ਕਰਨਾ ਫਜ਼ੂਲ ਹੈ। ਪਰ ਧਰਮ ਇੱਕ ਖਿਆਲ ਹੈ ਕਲਪਨਾ ਹੈ। ਸਮਾਜਵਾਦ ਦੇ ਵਿਕਾਸ ਦੇ ਨਾਲ਼ ਨਾਲ਼ ਧਰਮ ਗਾਇਬ ਹੋ ਜਾਵੇਗਾ। ਧਰਮ ਦਾ ਅਲੋਪ ਹੋਣਾ ਸਮਾਜਿਕ ਵਿਕਾਸ ਦੇ ਕਾਰਨ ਹੋਣਾ ਚਾਹੀਦਾ ਹੈ। ਇਸ ਵਿੱਚ ਵਿੱਦਿਆ ਦੀ ਮਹੱਤਵਪੂਰਨ ਭੂਮਿਕਾ ਹੋਣੀ ਚਾਹੀਦੀ ਹੈ।

ਪੱਤਰ ਪ੍ਰੇਰਕ- ਤੁਸੀਂ ਬੋਸਟਨ ਦੇ ਪਾਦਰੀ ਕੁੱਕ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ?

ਡਾ. ਮਾਰਕਸ- ਮੈਂ ਉਹਦੇ ਸੰਬੰਧ 'ਚ ਸੁਣਿਆ ਹੈ। ਸਮਾਜਵਾਦ ਦੇ ਸੰਬੰਧ 'ਚ ਉਹਦੀ ਜਾਣਕਾਰੀ ਬਹੁਤ ਗਲਤ ਕਿਸਮ ਦੀ ਹੈ। ਆਪਣੇ ਹੁਣੇ ਹੁਣੇ ਦਿੱਤੇ ਇੱਕ ਭਾਸ਼ਨ ਵਿੱਚ ਉਹਨਾਂ ਕਿਹਾ ਸੀ, ਕਾਰਲ ਮਾਰਕਸ ਨੇ ਕਿਹਾ ਸੀ ਕਿ ਅਮਰੀਕਾ, ਗ੍ਰੇਟ ਬ੍ਰਿਟੇਨ ਅਤੇ ਸ਼ਾਇਦ ਫਰਾਂਸ ਵਿੱਚ ਵਿੱਚ ਬਿਨਾਂ ਖੂਨੀ ਇਨਕਲਾਬ ਦੇ ਮਜ਼ਦੂਰਾਂ ਦੀ ਦਸ਼ਾ ਵਿੱਚ ਸੁਧਾਰ ਹੋਵੇਗਾ। ਪਰ ਜਰਮਨੀ, ਇਟਲੀ, ਰੂਸ ਅਤੇ ਆਸਟਰੀਆ ਵਿੱਚ ਲਾਜ਼ਮੀ ਖੂਨ ਖਰਾਬਾ ਹੋਵੇਗਾ।' (ਡਾ. ਮਾਰਕਸ ਨੇ ਮੁਸਕਰਾਉਂਦਿਆਂ ਹੋਇਆਂ ਅੱਗੇ ਕਿਹਾ) ਕਿਸੇ ਵੀ ਸਮਾਜਵਾਦੀ ਨੂੰ ਇਹ ਭਵਿੱਖਬਾਣੀ ਕਰਨ ਦੀ ਲੋੜ ਨਹੀਂ ਹੈ ਕਿ ਰੂਸ, ਜਰਮਨੀ, ਆਸਟਰੀਆ ਅਤੇ ਵਿਸ਼ੇਸ਼ ਕਰਕੇ ਇਟਲੀ ਵਿੱਚ ਜੇ ਵਰਤਮਾਨ ਸਰਕਾਰੀ ਨੀਤੀਆਂ ਚਲਦੀਆਂ ਰਹੀਆਂ ਤਾਂ ਖੂਨੀ ਇਨਕਲਾਬ ਲਾਜ਼ਮੀ ਹੋਣਗੇ। ਫਰਾਂਸੀਸੀ ਇਨਕਲਾਬ ਦੀਆਂ ਘਟਨਾਵਾਂ ਇਹਨਾਂ ਦੇਸ਼ਾਂ 'ਚ ਦੁਹਰਾਈਆਂ ਜਾਣਗੀਆਂ। ਇਹਨੂੰ ਰਾਜਨੀਤੀ ਦਾ ਕੋਈ ਵਿਦਿਆਰਥੀ ਵੀ ਸਮਝ ਸਕਦਾ ਹੈ। ਪਰ ਇਨਕਲਾਬ ਬਹੁਮਤ ਵਲੋਂ ਹੋਣਗੇ। ਇਨਕਲਾਬ ਸਿਰਫ਼ ਇੱਕ ਪਾਰਟੀ ਨਹੀਂ ਕਰ ਸਕਦੀ। ਸਗੋਂ ਪੂਰੀ ਕੌਮ ਇਨਕਲਾਬ ਕਰਦੀ ਹੈ।

ਪੱਤਰ ਪ੍ਰੇਰਕ- ਉਸ ਸਤਿਕਾਰਤ ਆਦਮੀ ਨੇ 1871 ਵਿੱਚ ਪੈਰਿਸ ਦੇ ਕਮਿਊਨਿਸਟਾਂ ਨੂੰ ਲਿਖੇ ਇੱਕ ਖਤ ਦੇ ਇੱਕ ਅੰਸ਼ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਉਹਨਾਂ ਲਿਖਿਆ ਹੈ, ''ਅਜੇ ਅਸੀਂ ਲੋਕ ਸਿਰਫ਼ ਤੀਹ ਲੱਖ ਹਾਂ। ਅਗਲੇ 20 ਸਾਲਾਂ ਵਿੱਚ 5 ਕਰੋੜ ਜਾਂ 10 ਕਰੋੜ ਹੋ ਜਾਵਾਂਗੇ ਫਿਰ ਦੁਨੀਆ ਸਾਡੀ ਹੋਵੇਗੀ। ਇਸ ਲਈ ਉਦੋਂ ਸਿਰਫ਼ ਪੈਰਿਸ ਲਿਯੋਂ, ਮਰਸੇਲਜ਼ ਵਿੱਚ ਨਫ਼ਰਤਯੋਗ ਪੂੰਜੀ ਦੇ ਵਿਰੁੱਧ ਵਿਦਰੋਹ ਨਹੀਂ ਹੋਵੇਗਾ। ਬਰਲਿਨ, ਮਿਊਨਿਖ ਡ੍ਰੈਸਡੇਨ, ਲੰਡਨ ਲਿਵਰਪੂਲ, ਮੈਨਚੈਸਟਰ, ਬਰਸੇਲਜ਼, ਸੇਂਟ ਪੀਟਰਜ਼ਬਰਗ, ਨਿਉਯਾਰਕ ਭਾਵ ਕਿ ਸਾਰੀ ਦੁਨੀਆ ਵਿੱਚ ਅਜਿਹਾ ਵਿਦਰੋਹ ਹੋਵੇਗਾ। ਹੁਣ ਤੱਕ ਦੇ ਇਤਿਹਾਸ ਦੇ ਇਸ ਅਨੋਖੇ ਵਿਦਰੋਹ ਦੇ ਸਾਹਮਣੇ ਅਤੀਤ ਭਿਆਨਕ ਬੁਰੇ ਸੁਪਨੇ ਦੇ ਵਾਂਗ ਗਾਇਬ ਹੋ ਜਾਵੇਗਾ। ਇਸ ਲਈ ਕਿ ਅਨੇਕਾਂ ਥਾਵਾਂ ਤੋਂ ਇੱਕੋ ਵੇਲੇ ਸੁਲਘਾਈ ਗਈ ਇਹ ਹਰਮਨ ਪਿਆਰੀ ਅੱਗ ਅਤੀਤ ਦੀ ਅੱਗ ਨੂੰ ਭਸਮ ਕਰ ਦੇਵੇਗੀ। (ਪੱਤਰ ਪ੍ਰੇਰਕ)

ਡਾ. ਮਾਰਕਸ ਕੀ ਇਹ ਸੱਚ ਹੈ ਕਿ ਅਜਿਹਾ ਖ਼ਤ ਤੁਸੀਂ ਲਿਖਿਆ ਸੀ?

ਡਾ. ਮਾਰਕਸ- ਇਹਦਾ ਇੱਕ ਸ਼ਬਦ ਵੀ ਮੇਰਾ ਲਿਖਿਆ ਹੋਇਆ ਨਹੀਂ ਹੈ। ਮੈਂ ਅਜਿਹੀਆਂ ਬੇਹੱਦ ਨਾਟਕੀ ਭਾਸ਼ਾ ਨਾਲ਼ ਭਰੀਆਂ ਬੇਤੁਕੀਆਂ ਗੱਲਾਂ ਕਦੇ ਵੀ ਨਹੀਂ ਲਿਖਦਾ। ਮੈਂ ਜਿਹੜਾ ਕੁਝ ਵੀ ਲਿਖਦਾ ਹਾਂ ਬਹੁਤ ਸੋਚ ਸਮਝ ਕੇ ਲਿਖਦਾ ਹਾਂ। ਉਸ ਸਮੇਂ ਇਹ 'ਲ ਫਿਗਰੋ' (ਫਰਾਂਸ ਦਾ ਇੱਕ ਅਖਬਾਰ) ਵਿੱਚ ਮੇਰੇ ਜਾਅਲੀ ਦਸਤਖਤਾਂ ਨਾਲ਼ ਛਪਿਆ ਸੀ। ਉਸ ਸਮੇਂ ਅਜਿਹੇ ਸੈਂਕੜੇ ਖ਼ਤ ਹਵਾ 'ਚ ਉਡਾਏ ਜਾ ਰਹੇ ਸਨ। ਮੈਂ ਉਸੇ ਸਮੇਂ ਲੰਡਨ ਟਾਈਮਜ਼ 'ਚ ਲਿਖਿਆ ਸੀ ਕਿ ਇਹ ਖ਼ਤ ਜਾਅਲੀ ਹਨ। ਪਰ ਮੇਰੇ ਸੰਬੰਧ ਵਿੱਚ ਜਿੰਨਾਂ ਕੁਝ ਝੂਠ ਕਿਹਾ ਅਤੇ ਲਿਖਿਆ ਗਿਆ ਹੈ। ਜੇ ਉਹਦਾ ਖੰਡਨ ਕਰਦਾ ਰਹਾਂ ਤਾਂ ਉਹਦੇ ਲਈ ਮੈਨੂੰ ਲਗਭਗ ਵੀਹ ਸਹਾਇਕਾਂ ਦੀ ਲੋੜ ਪਵੇਗੀ।

ਪੱਤਰ ਪ੍ਰੇਰਕ- ਪਰ ਤੁਸੀਂ ਪੈਰਿਸ ਦੇ ਕਮਿਊਨਿਸਟਾਂ ਦੀ ਹਮਾਇਤ ਵਿੱਚ ਤਾਂ ਹੈਗੇ ਜੇ ਨਾ?

ਡਾ. ਮਾਰਕਸ- ਜੀ ਹਾਂ! ਮੈਂ ਲਿਖਿਆ ਹੈ।5 ਵਿਸ਼ੇਸ਼ ਕਰਕੇ ਉਹਨਾਂ ਦੇ ਸੰਬੰਧ ਵਿੱਚ ਪ੍ਰਮੁੱਖ ਅਖ਼ਬਾਰਾਂ ਦੇ ਮੁੱਖ ਲੇਖਾਂ ਵਿੱਚ ਜਿਹੜਾ ਝੂਠ ਲਿਖਿਆ ਗਿਆ ਸੀ। ਉਹਦੀ ਤੁਲਨਾ ਵਿੱਚ ਮੈਂ ਹਮਦਰਦੀ ਨਾਲ਼ ਲਿਖਿਆ ਹੈ। ਉਹਨਾਂ ਅਖਬਾਰਾਂ ਦੇ ਸੰਪਾਦਕੀ ਲੇਖਾਂ ਵਿੱਚ ਪੈਰਿਸ ਕਮਿਊਨ ਦੇ ਸੰਬੰਧ ਵਿੱਚ ਝੂਠ ਪ੍ਰਚਾਰਿਆ ਗਿਆ ਸੀ। ਉਹਨਾਂ ਦੇ ਖੰਡਨ ਦੇ ਲਈ ਅੰਗਰੇਜ਼ੀ ਅਖਬਾਰਾਂ 'ਚ ਛਪੇ ਪੈਰਿਸ ਵਾਲਿਆਂ ਦੇ ਖ਼ਤ ਹੀ ਕਾਫ਼ੀ ਹਨ। ਕਮਿਊਨ ਕਰਕੇ ਤਕਰੀਬਨ 60 ਲੋਕਾਂ ਦੀ ਮੌਤ ਹੋਈ ਜਦੋਂ ਕਿ ਮਾਰਸ਼ਲ ਮੈਕਮੋਹਨ ਅਤੇ ਉਹਦੀ ਕਾਤਿਲ ਫੌਜ ਨੇ 60 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਹੱਤਿਆ ਕੀਤੀ। ਕਮਿਊਨ ਉਤੇ ਜਿੰਨਾ ਚਿੱਕੜ ਉਛਾਲਿਆ ਗਿਆ ਹੈ ਓਨਾ ਅੱਜ ਤੱਕ ਕਿਸੇ ਹੋਰ ਲਹਿਰ ਉੱਤੇ ਨਹੀਂ।

ਪੱਤਰ ਪ੍ਰੇਰਕ- ਖੈਰ ਸਮਾਜਵਾਦ ਲਿਆਉਣ ਦੇ ਲਈ ਸਮਾਜਵਾਦੀ ਹੱਤਿਆ ਅਤੇ ਖੂਨ ਖਰਾਬੇ ਦੀ ਵਕਾਲਤ ਕਰਦੇ ਹਨ?

ਡਾ. ਮਾਰਕਸ- ਅੱਜ ਤੱਕ ਕੋਈ ਵੀ ਮਹਾਨ ਲਹਿਰ ਬਿਨਾਂ ਖੂਨ ਖਰਾਬੇ ਦੇ ਸ਼ੁਰੂ ਨਹੀਂ ਹੋਈ ਹੈ। ਅਮਰੀਕਾ ਦੀ ਆਜ਼ਾਦੀ ਦੇ ਲਈ ਖੂਨ ਵਹਾਇਆ ਗਿਆ। ਨੈਪੋਲੀਅਨ ਨੇ ਖੂਨ ਖਰਾਬੇ ਜ਼ਰੀਏ ਫਰਾਂਸ ਉਤੇ ਕਬਜ਼ਾ ਕੀਤਾ ਅਤੇ ਉਵੇਂ ਹੀ ਉਹਦਾ ਅੰਤ ਹੋਇਆ। ਇਟਲੀ, ਇੰਗਲੈਂਡ, ਜਰਮਨੀ ਅਤੇ ਇਥੋਂ ਤੱਕ ਕਿ ਹਰ ਦੇਸ਼ ਵਿੱਚ ਇਸ ਗੱਲ ਦੇ ਸਬੂਤ ਮਿਲ ਜਾਣਗੇ। ਜੇ ਹੱਤਿਆ ਦੇ ਸੰਬੰਧ ਵਿੱਚ ਵਿਚਾਰ ਕਰੀਏ ਤਾਂ ਇਹ ਕੋਈ ਨਵੀਂ ਚੀਜ਼ ਨਹੀਂ ਹੈ। ਔਰਸਿਨੀ ਨੇ ਨੈਪੋਲੀਅਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ। ਇਸਾਈਆਂ ਨੇ ਹੱਤਿਆਵਾਂ ਕੀਤੀਆਂ ਹਨ। ਕਰਾਮਵੈਲ ਦੇ ਜ਼ਮਾਨੇ ਵਿੱਚ ਪਯੂਰਿਟਨੋ ਨੇ ਹੱਤਿਆਵਾਂ ਕੀਤੀਆਂ ਅਤੇ ਸੱਚ ਤਾਂ ਇਹ ਹੈ ਕਿ ਰਾਜਿਆਂ ਨੇ ਜਿੰਨੀਆਂ ਹੱਤਿਆਵਾਂ ਕੀਤੀਆਂ ਉਨੀਆਂ ਦੂਸਰਿਆਂ ਨੇ ਨਹੀਂ। ਇਹ ਸਾਰੀਆਂ ਹੱਤਿਆਵਾਂ ਜਾਂ ਹੱਤਿਆ ਦੀਆਂ ਕੋਸ਼ਿਸ਼ਾਂ ਸਮਾਜਵਾਦ ਦੇ ਆਉਣ ਤੋਂ ਪਹਿਲਾਂ ਹੋਈਆਂ। ਅੱਜ ਜੇ ਕਿਸੇ ਵੀ ਰਾਜਸੀ ਜਾਂ ਸਰਕਾਰੀ ਆਦਮੀ ਦੀ ਹੱਤਿਆ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹਦੀ ਜ਼ੁੰਮੇਵਾਰੀ ਸਮਾਜਵਾਦ ਮੱਥੇ ਮੜ੍ਹ ਦਿੱਤੀ ਜਾਂਦੀ ਹੈ। ਵਰਤਮਾਨ ਹਾਲਤ ਵਿੱਚ ਜਰਮਨ ਸਮਰਾਟ ਦੀ ਮੌਤ ਨਾਲ਼ ਸਮਾਜਵਾਦੀ ਬਹੁਤ ਦੁਖੀ ਹੋਣਗੇ। ਆਪਣੀ ਥਾਂ ਉਤੇ ਉਹ ਬਹੁਤ ਕੰਮ 'ਚ ਆਉਣ ਵਾਲ਼ਾ ਹੈ ਅਤੇ ਬਿਸਮਾਰਕ ਆਪਣੀਆਂ ਅੱਤਵਾਦੀ ਕਾਰਵਾਈਆਂ ਨਾਲ਼ ਦੂਸਰੇ ਸਿਆਸਤਦਾਨਾਂ ਦੀ ਤੁਲਨਾ ਵਿੱਚ ਸਾਡੇ ਉਦੇਸ਼ਾਂ ਦੇ ਲਈ ਬਹੁਤ ਕੰਮ 'ਚ ਆਉਣ ਵਾਲ਼ਾ ਸਾਬਤ ਹੋਇਆ ਹੈ।

ਪੱਤਰ ਪ੍ਰੇਰਕ- ਬਸਿਮਾਰਕ ਦੇ ਸੰਬੰਧ 'ਚ ਤੁਹਾਡੀ ਕੀ ਰਾਏ ਹੈ?

ਡਾ. ਮਾਰਕਸ- ਜਦੋਂ ਤੱਕ ਨੈਪੋਲੀਅਨ ਦਾ ਪਤਨ ਨਹੀਂ ਹੋਇਆ ਸੀ ਉਦੋਂ ਤੱਕ ਉਹ ਇੱਕ ਪਿਛਾਂਹ ਖਿੱਚੂ ਆਦਮੀ ਮੰਨਿਆ ਜਾਂਦਾ ਸੀ। ਪਰ ਜਿਉਂ ਹੀ ਉਹਦਾ ਪਤਨ ਹੋ ਗਿਆ, ਲੋਕ ਉਹਨੂੰ ਮੂਰਖ ਕਹਿਣ ਲੱਗੇ। ਬਿਸਮਾਰਕ ਦੀ ਇਹੋ ਦਸ਼ਾ ਹੋਵੇਗੀ। ਉਹਨੇ ਏਕੀਕਰਨ ਦੇ ਬਹਾਨੇ ਤਾਨਾਸ਼ਾਹੀ ਦੀ ਸਥਾਪਨਾ ਕੀਤੀ। ਪਰ ਹੁਣ ਉਹਦੇ ਕਾਲ਼ੇ ਕਾਰਨਾਮਿਆਂ ਦਾ ਰਹੱਸ ਲੋਕਾਂ ਨੂੰ ਪਤਾ ਲੱਗ ਗਿਆ ਹੈ। ਉਹਦੀ ਪਿਛਲੀ ਚਾਲ ਰਾਜਸੀ ਹਲਚਲ ਦੀ ਇੱਕੋ ਇੱਕ ਕੋਸ਼ਿਸ਼ ਹੈ। ਪਰ ਉਹ ਵੀ ਅਸਫਲ ਹੋਵੇਗੀ। ਫਰਾਂਸ ਦੇ ਸਮਾਜਵਾਦੀਆਂ ਵਾਂਗੂੰ ਜਰਮਨੀ ਦੇ ਸਮਾਜਵਾਦੀਆਂ ਨੇ ਵੀ 1870 ਦੇ ਯੁੱਧ ਨੂੰ ਕੋਰਾ ਰਾਜਵੰਸ਼ੀ ਯੁੱਧ ਸਮਝ ਕੇ ਉਹਦਾ ਵਿਰੋਧ ਕੀਤਾ। ਉਹਨਾਂ ਨੇ ਜਰਮਨੀ ਨੂੰ ਸਾਵਧਾਨ ਕਰਦਿਆਂ ਹੋਇਆ ਆਪਣੇ ਐਲਾਨ ਨਾਮਿਆਂ ਵਿੱਚ ਕਿਹਾ ਕਿ ਜੇ ਲੋਕਾਂ ਨੇ ਇਸ ਅਖੌਤੀ ਸੁਰੱਖਿਆਤਮਕ ਲੜਾਈ ਨੂੰ ਜੇਤੂ ਮੁਹਿੰਮ ਦਾ ਰੂਪ ਲੈਣ ਦਿੱਤਾ ਤਾਂ ਉਹ ਫੌਜੀ ਤਾਨਾਸ਼ਾਹੀ ਦੇ ਦਮਨ ਦਾ ਸ਼ਿਕਾਰ ਹੋਵੇਗੀ ਅਤੇ ਕਿਸਾਨਾਂ ਮਜ਼ਦੂਰਾਂ ਉਤੇ ਦਿਲ ਕੰਬਾਊ ਅਤਿਆਚਾਰ ਕੀਤੇ ਜਾਣਗੇ। ਫਰਾਂਸ ਦੇ ਨਾਲ਼ ਸਨਮਾਨ ਜਨਕ ਸ਼ਾਂਤੀ ਦੀ ਹਮਾਇਤ ਵਿੱਚ ਸਭਾਵਾਂ ਕਰਨ ਅਤੇ ਐਲਾਨਨਾਮੇ ਜਾਰੀ ਕਰਨ ਦੇ ਲਈ ਜਰਮਨ ਦੀ ਸਮਾਜਿਕ ਜਮਹੂਰੀ ਪਾਰਟੀ ਉੱਤੇ ਜਰਮਨ ਸਰਕਾਰ ਨੇ ਜਬਰ ਕੀਤਾ ਅਤੇ ਪਾਰਟੀ ਦੇ ਅਨੇਕਾਂ ਆਗੂਆਂ ਨੂੰ ਕੈਦ ਕਰ ਲਿਆ। ਫਿਰ ਵੀ ਸਿਰਫ਼ ਉਸ ਪਾਰਟੀ ਦੇ ਪ੍ਰਤਿਨਿਧ ਹੀ ਜਰਮਨ ਸੰਸਦ ਵਿੱਚ ਫਰਾਂਸ ਦੇ ਸੂਬਿਆਂ ਨੂੰ ਜਬਰੀ ਹੜੱਪ ਕਰਕੇ ਜਰਮਨੀ ਵਿੱਚ ਮਿਲ਼ਾਉਣ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਬਿਸਮਾਰਕ ਨੇ ਤਾਕਤ ਰਾਹੀਂ ਆਪਣੀਆਂ ਨੀਤੀਆਂ ਨੂੰ ਲਾਗੂ ਕੀਤਾ ਅਤੇ ਲੋਕਾਂ ਨੇ ਉਹਦੀ ਬੁੱਧੀ ਦੀ ਤਰੀਫ ਕੀਤੀ। ਲੜਾਈ ਹੋਈ ਅਤੇ ਜਦੋਂ ਬਿਸਮਾਰਕ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਤਾਂ ਲੋਕਾਂ ਨੇ ਉਸ ਤੋਂ ਨਵੇਂ ਵਿਚਾਰਾਂ ਦੀ ਆਸ ਰੱਖੀ। ਪਰ ਇਸ ਕੰਮ ਵਿੱਚ ਉਹ ਬੁਰੀ ਤਰ੍ਹਾਂ ਅਸਫਲ ਹੋਇਆ। ਉਸ ਵਿੱਚ ਲੋਕਾਂ ਦਾ ਵਿਸ਼ਵਾਸ ਘੱਟ ਹੋਣ ਲੱਗਾ। ਉਹਨੂੰ ਪੈਸਾ ਚਾਹੀਦਾ ਸੀ ਅਤੇ ਰਾਜ ਨੂੰ ਵੀ ਪੈਸੇ ਦੀ ਲੋੜ ਹੈ। ਇੱਕ ਬਨਾਉਟੀ ਸੰਵਿਧਾਨ ਦੇ ਬਹਾਨੇ ਉਹਨੇ ਏਕੀਕਰਨ ਅਤੇ ਫੌਜ ਸੰਬੰਧੀ ਆਪਣੀਆਂ ਯੋਜਨਾਵਾਂ ਲਈ ਲੋਕਾਂ ਉਤੇ ਲੱਕ ਤੋੜਵੇਂ ਟੈਕਸ ਲਾਏ। ਹੁਣ ਉਹ ਸੰਵਿਧਾਨ ਨੂੰ ਹੀ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਲੋਕਾਂ ਉਤੇ ਹੋਰ ਵਧੇਰੇ ਟੈਕਸ ਲਾਉਣਾ ਚਾਹੁੰਦਾ ਹੈ। ਲੋਕਾਂ ਉਤੇ ਮਨਮਰਜ਼ੀ ਦੇ ਟੈਕਸ ਲਾਉਣ ਲਈ ਹੀ ਹੁਣ ਉਨੇ ਸਮਾਜਵਾਦ ਦਾ ਹਊਆ ਖੜਾ ਕਰ ਰੱਖਿਆ ਹੈ ਅਤੇ ਦੰਗੇ ਕਰਵਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਪੱਤਰ ਪ੍ਰੇਰਕ- ਕੀ ਤੁਹਾਨੂੰ ਬਰਲਿਨ ਤੋਂ ਲਗਾਤਰ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਹਨ?

ਡਾ. ਮਾਰਕਸ- ਜੀ ਹਾਂ ਮੇਰੇ ਮਿੱਤਰ ਮੈਨੂੰ ਲਗਾਤਾਰ ਸੂਚਨਾਵਾਂ ਦਿੰਦੇ ਰਹਿੰਦੇ ਹਨ। ਜਰਮਨੀ ਅੱਜਕੱਲ੍ਹ ਪੂਰੀ ਤਰਾਂ ਸ਼ਾਂਤ ਹੈ ਅਤੇ ਬਿਸਮਾਰਕ ਇਸ ਤੋਂ ਪ੍ਰੇਸ਼ਾਨ ਹੈ। ਉਹਨੇ ਹੋਸੇ ਲਮਨ, ਰਾਕੋਵ ਅਤੇ ਵਾਮਨ ਆਦਿ 40 ਨੌਜਵਾਨ ਆਗੂਆਂ ਨੂੰ ਜਰਮਨੀ 'ਚੋਂ ਕੱਢ ਦਿੱਤਾ ਹੈ।6 ਇਹਨਾਂ ਆਗੂਆਂ ਨੇ ਜਰਮਨੀ ਦੇ ਮਜ਼ਦੂਰਾਂ ਨੂੰ ਸ਼ਾਂਤ ਕਰ ਰੱਖਿਆ ਸੀ। ਬਿਸਮਾਰਕ ਇਹ ਜਾਣਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਉਸ ਸ਼ਹਿਰ ਵਿੱਚ ਤਕਰੀਬਨ 75 ਹਜ਼ਾਰ ਮਜ਼ਦੂਰ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ। ਉਹਦਾ ਖਿਆਲ ਸੀ ਕਿ ਇਨ੍ਹਾਂ ਆਗੂਆਂ ਦੇ ਜਰਮਨੀ ਤੋਂ ਬਾਹਰ ਜਾਂਦਿਆਂ ਹੀ ਲੋਕ ਬੇਚੈਨ ਹੋਕੇ ਵਿਦਰੋਹ ਕਰ ਦੇਣਗੇ ਅਤੇ ਖੂਨੀ ਹੋਲੀ ਖੇਡਣ ਦਾ ਚੰਗਾ ਮੌਕਾ ਮਿਲ ਜਾਵੇਗਾ। ਪੂਰੇ ਜਰਮਨ ਸਾਮਰਾਜ ਵਿੱਚ ਜਬਰ ਦਾ ਗੇੜ ਤੇਜ਼ੀ ਨਾਲ਼ ਚੱਲੇਗਾ ਅਤੇ ਉਹਨੂੰ ਆਪਣੇ ਖੂਨ ਖਰਾਬੇ ਅਤੇ ਜਬਰ ਕਰਨ ਦੇ ਮਨਚਾਹੇ ਸਿਧਾਂਤ ਨੂੰ ਪੂਰੀ ਤਰ੍ਹਾਂ ਅਮਲ 'ਚ ਲਾਗੂ ਕਰਨ ਦਾ ਮੌਕਾ ਮਿਲ ਜਾਵੇਗਾ। ਫਿਰ ਤਾਂ ਲੋਕਾਂ ਉਤੇ ਮਨਚਾਹੇ ਟੈਕਸ ਲਾਉਣਾ ਵੀ ਆਸਾਨ ਹੋ ਜਾਵੇਗਾ। ਪਰ ਹੁਣ ਤੱਕ ਉਥੇ ਕੋਈ ਦੰਗਾ ਫਸਾਦ ਨਹੀਂ ਹੋਇਆ ਹੈ। ਬਿਸਮਾਰਕ ਇਸ ਹਾਲਤ ਤੋਂ ਹੈਰਾਨ ਅਤੇ ਸਾਰੇ ਸਿਆਸਤਦਾਨ ਉਹਦਾ ਮਖੌਲ ਉਡਾ ਰਹੇ ਹਨ।

1. ਇਸ ਗੱਲਬਾਤ ਦੇ ਸਮੇਂ ਮਾਰਕਸ ਦੀ ਉਮਰ 60-61 (18 ਦਸੰਬਰ 1871ਨੂੰ) ਦੇ ਦਰਮਿਆਨ ਸੀ ਉਨ੍ਹਾਂ ਦੀ ਜਨਮ ਮਿਤੀ 5 ਮਈ 1818 ਹੈ।

2. ਇਹ ਔਰਤ ਲਾਜ਼ਮੀ ਹੀ ਮਾਰਕਸ ਦੇ ਪਰੀਵਾਰ ਦੀ ਦੇਖਭਾਲ ਕਰਨ ਵਾਲੀ ਹੈਲਨ ਡੇਮੁਥ ਹੋਵੇਗੀ।

3. ਵੀਹਵੀਂ ਸਦੀ ਦੇ ਆਰੰਭ 1917 ਵਿੱਚ ਹੀ ਰੂਸ ਦੇ ਇਨਕਲਾਬ ਨਾਲ਼ ਮਾਰਕਸ ਦੇ ਸਿਧਾਂਤ ਦੀ ਸੱਚਾਈ ਪ੍ਰਤੱਖ ਸਾਬਤ ਹੋ ਗਈ।

4. ਅੰਤਰ ਰਾਸ਼ਟਰੀ ਸਮਾਜ ਹਕੀਕਤ 'ਚ 1864 ਵਿੱਚ ਸਥਾਪਤ ਕੌਮਾਂਤਰੀ ਮਜ਼ਦੂਰ ਸਭਾ ਹੀ ਸੀ।

5. ਮਾਰਕਸ ਦੀ ਕਿਤਾਬ 'ਫਰਾਂਸ 'ਚ ਘਰੇਲੂ ਜੰਗ' ਦੇ ਸੰਬੰਧ 'ਚ

6. ਬੇਬਲ ਦੀ ਆਤਮ ਕਥਾ ਮੁਤਾਬਕ 61 ਆਗੂਆਂ ਨੂੰ ਦੇਸ਼ ਨਿਕਾਲੇ ਦੀ ਸਜ਼ਾ ਮਿਲੀ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਨੂੰ 48 ਘੰਟਿਆਂ ਦੇ ਅੰਦਰ ਅੰਦਰ ਜਰਮਨ ਛੱਡਣਾ ਪਿਆ ਸੀ ਇੰਝ ਲੱਗਦਾ ਹੈ ਕਿ ਪੱਤਰਕਾਰ ਨੇ ਸਮੇਂ ਨੂੰ ਗਿਣਤੀ ਸਮਝ ਲਿਆ ਹੈ।
ਸ੍ਰੋਤ-ਪ੍ਰ੍ਤੀਬੱਧ

No comments:

Post a Comment