Monday, February 22, 2010

ਕਮਿਊਨਿਸਟ ਮੈਨੀਫੇਸਟੋ 3 ਅਤੇ 4

3

ਸੋਸ਼ਲਿਸਟ ਅਤੇ ਕਮਿਊਨਿਸਟ ਸਾਹਿਤ

੧.ਪਿੱਛਾਖੜੀ ਸੋਸ਼ਲਿਜ਼ਮ

ੳ.ਜਾਗੀਰਦਾਰੀ ਸੋਸ਼ਲਿਜ਼ਮ

ਫ਼ਰਾਂਸ ਅਤੇ ਇੰਗਲੈਂਡ ਦੇ ਅਮੀਰਸ਼ਾਹੀਆਂ ਦੀ ਇਤਹਾਸਕ ਹੈਸੀਅਤ ਕੁੱਝ ਅਜਿਹੀ ਸੀ ਕਿ ਆਧੁਨਿਕ ਬੁਰਜ਼ੁਆ ਸਮਾਜ ਦੇ ਖਿਲਾਫ ਮੁਖ਼ਤਸਰ ਪਮਫ਼ਲਟ ਲਿਖਣਾ ਇਸ ਦਾ ਸ਼ੁਗਲ ਬਣ ਗਿਆ ਜੁਲਾਈ 1830ਦੇ ਫ਼ਰਾਂਸੀਸੀ ਇਨਕਲਾਬ ਅਤੇ ਅੰਗਰੇਜ਼ੀ ਸੁਧਾਰ ਤਹਿਰੀਕ ਵਿੱਚ ਅਮੀਰਸ਼ਾਹੀਆਂ ਨੂੰ ਇਕ ਵਾਰ ਫਿਰ ਉਸ ਜ਼ਲੀਲ ਨਵੇਂ ਦੌਲਤ ਮੰਦ ਦੇ ਸਾਹਮਣੇ ਹਥਿਆਰ ਸੁੱਟ ਦੇਣੇ ਪਏ ਉਸ ਦਿਨ ਤੋਂ ਕਿਸੇ ਸੰਜੀਦਾ ਸਿਆਸੀ ਜਦੋਜਹਿਦ ਦਾ ਸਵਾਲ ਹੀ ਬਾਕੀ ਨਹੀਂ ਰਿਹਾ , ਹੁਣ ਸਿਰਫ਼ ਕਲਮ ਦੀ ਲੜਾਈ ਹੀ ਸੰਭਵ ਰਹਿ ਗਈ ਸੀ ਲੇਕਿਨ ਸਾਹਿਤ ਦੇ ਮੈਦਾਨ ਵਿੱਚ ਵੀ ਬਾਦਸ਼ਾਹਤ ਦੀ ਪੁਨਰ ਸਥਾਪਨਾ [ ਇੰਗਲੈਂਡ ਦੀ 1660ਤੋਂ 1689ਦੀ ਬਾਦਸ਼ਾਹਤ ਦੀ ਨਹੀਂ ਬਲਕਿ 1814ਤੋਂ ਤੱਕ ਦੀ ਫ਼ਰਾਂਸ ਦੀ ਬਾਦਸ਼ਾਹਤ ਦੀ ਪੁਨਰ ਸਥਾਪਨਾ ] ਦੇ ਜ਼ਮਾਨੇ ਦੇ ਨਾਅਰੇ ਬੁਲੰਦ ਕਰਨਾ ਹੁਣ ਮੁਹਾਲ ਹੋ ਗਿਆ ਸੀ

ਹਮਦਰਦੀ ਪੈਦਾ ਕਰਨ ਦੀ ਗ਼ਰਜ਼ ਨਾਲ ਅਮੀਰਸ਼ਾਹੀ ਨੂੰ ਮਜਬੂਰ ਹੋਣਾ ਪਿਆ ਕਿ ਬਜ਼ਾਹਿਰ ਖ਼ੁਦ ਆਪਣੇ ਮੁਫ਼ਾਦ ਨੂੰ ਵੀ ਨਜ਼ਰ ਅੰਦਾਜ਼ ਕਰ ਦੇਵੇ ਅਤੇ ਬੁਰਜ਼ੁਆ ਜਮਾਤ ਦੇ ਖਿਲਾਫ ਫ਼ਰਦ ਜੁਰਮ ਮੁਰਤਬ ਕਰਨ ਵਿੱਚ ਸਿਰਫ਼ ਸੋਸ਼ਿਤ ਮਜ਼ਦੂਰ ਜਮਾਤ ਦੇ ਮੁਫ਼ਾਦ ਨੂੰ ਸਾਹਮਣੇ ਰਖੇ ਇਸ ਤਰ੍ਹਾਂ ਅਮੀਰਸ਼ਾਹੀ ਨੇ ਆਪਣੇ ਨਵੇਂ ਮਾਲਕਾਂ ਤੋਂ ਇੰਤਕਾਮ ਦੀ ਸੂਰਤ ਇਹ ਕਢੀ ਕਿ ਉਸ ਦੀ ਸ਼ਾਨ ਵਿੱਚ ਚੋਭਵੀਆਂ ਨਜ਼ਮਾਂ ਲਿਖਦੀ ਰਹੇ ਅਤੇ ਆਉਣ ਵਾਲੀ ਤਬਾਹੀ ਦੀ ਗੂੰਜ ਉਸ ਦੇ ਕੰਨਾਂ ਤੱਕ ਪਹੁੰਚਾਉਂਦੀ ਰਵੇ

ਇਸ ਤਰ੍ਹਾਂ ਜਾਗੀਰਦਾਰੀ ਸੋਸ਼ਲਿਜ਼ਮ ਦਾ ਜ਼ਹੂਰ ਹੋਇਆ : ਕੁਛ ਰੋਣਾ ਧੋਣਾ, ਕੁਛ ਮਿਹਣੇ ਬਾਜ਼ੀ , ਕੁਛ ਅਤੀਤ ਦੀ ਗੂੰਜ ਅਤੇ ਕੁਛ ਭਵਿਖ ਦਾ ਡਰ ਕਦੇ ਕਦੇ ਅਪਣੀ ਤਲਖ਼ ਮਖੌਲੀਆ ਅਤੇ ਚੋਭਵੀਂ ਆਲੋਚਨਾ ਨਾਲ ਉਹ ਬੁਰਜ਼ੁਆ ਜਮਾਤ ਦੇ ਦਿਲ ਦੀਆਂ ਗਹਰਾਈਆਂ ਤੱਕ ਵਾਰ ਕਰ ਜਾਂਦਾ ਲੇਕਿਨ ਆਧੁਨਿਕ ਇਤਹਾਸ ਦੇ ਤਕਾਜਿਆਂ ਨੂੰ ਸਮਝਣ ਤੋਂ ਬਿਲਕੁਲ ਅਸਮਰਥ ਹੋਣ ਕਾਰਨ ਉਸ ਦਾ ਅਸਰ ਹਮੇਸ਼ਾ ਹਾਸੋਹੀਣਾ ਹੁੰਦਾ

ਅਮੀਰਸ਼ਾਹੀ ਨੇ ਲੋਕਾਂ ਨੂੰ ਆਪਣੇ ਗਿਰਦ ਇਕਠਾ ਕਰਨ ਦੇ ਲਈ ਮਜਦੂਰਾਂ ਦੇ ਨਾਮ ਤੇ ਖ਼ੈਰਾਤ ਦੀ ਝੋਲੀ ਚੁੱਕੀ ਅਤੇ ਇਸਨੂੰ ਆਪਣਾ ਪ੍ਰਚਮ ਬਣਾ ਲਿਆ ਮਗਰ ਜਦੋਂ ਕਦੇ ਵੀ ਲੋਕ ਉਸ ਦੇ ਹਲਕੇ ਵਿੱਚ ਦਾਖ਼ਲ ਹੁੰਦੇ ਤਾਂ ਉਹਨਾਂ ਦੀ ਪਿਠ ਪਿੱਛੇ ਉਹੀ ਪੁਰਾਣੀ ਜਾਗੀਰਦਾਰ ਹਕੂਮਤ ਦਾ ਨਿਸ਼ਾਨ ਅਜੇ ਤੱਕ ਮਹਿਫ਼ੂਜ਼ ਦੇਖਦੇ , ਤਾਂ ਜ਼ੋਰ ਦੇ ਹਿਕਾਰਤ ਭਰੇ ਕਹਿਕਹੇ ਲਗਾਉਂਦੇ ਹੋਏ ਉਹ ਇਸ ਨੂੰ ਛੱਡ ਜਾਂਦੇ
ਫ਼ਰਾਂਸੀਸੀ ਵਿਰਾਸਤ ਪਸੰਦਾਂ [ ਸਾਊ ਜ਼ਮੀਨਦਾਰਾਂ ਦੀ ਪਾਰਟੀ ਜੋ ਚਾਹੁੰਦੇ ਸਨ ਕਿ ਫ਼ਰਾਂਸ ਵਿੱਚ ਦੁਬਾਰਾ ਬੂਰਬੋਂ ਖ਼ਾਨਦਾਨ ਦੀ ਬਾਦਸ਼ਾਹੀ ਕਾਇਮ ਹੋਵੇ - ਐਡੀਟਰ ]ਅਤੇ ਨੌਜਵਾਨ ਇੰਗਲੈਂਡ (ਯੰਗ ਇੰਗਲੈਂਡ ) ਦੇ ਇੱਕ ਹਿਸੇ ਨੇ ਇਹੀ ਨਜ਼ਾਰਾ ਪੇਸ਼ ਕੀਤਾ [ ਯੰਗ ਇੰਗਲੈਂਡ: ਟੋਰੀ ਪਾਰਟੀ ਨਾਲ ਜੁੜੇ ਅੰਗਰੇਜ਼ ਕਦਾਮਤ ਪਸੰਦਾਂ ਦਾ ਗਿਰੋਹ 1842 ਦੇ ਲਾਗੇ ਚਾਗੇ ਕਾਇਮ ਹੋਇਆ ਸੀ ਇਸ ਵਿੱਚ ਅਮੀਰ ਸਿਆਸਤਦਾਨ ਅਤੇ ਸਾਹਿਤਕਾਰ ਸਨ ਇਸ ਵਿੱਚ ਡਜ਼ਰੇਲੀ, ਟਾਮਸ ਕਾਰਲਾਈਲ ਵਗ਼ੈਰਾ ਦੇ ਨਾਮ ਮਸ਼ਹੂਰ ਸਨ ]
ਜੇਕਰ ਜਾਗੀਰਦਾਰੀ ਸਮਰਥਕ ਕਹਿੰਦੇ ਹਨ ਕਿ ਉਨ੍ਹਾਂ ਦਾ ਲੁੱਟਖਸੁੱਟ ਦਾ ਤਰੀਕਾ ਬੁਰਜ਼ੁਆ ਜਮਾਤ ਤੋਂ ਮੁਖ਼ਤਲਿਫ਼ ਸੀ , ਤਾਂ ਉਹ ਭੁਲ ਜਾਂਦੇ ਹਨ ਕਿ ਜਿਸ ਮਾਹੌਲ ਅਤੇ ਜਿਹਨਾਂ ਹਾਲਤਾਂ ਵਿੱਚ ਉਹ ਲੁੱਟਖਸੁੱਟ ਕਰਦੇ ਸਨ ਉਹ ਬਿਲਕੁਲ ਵੱਖ ਸਨ ਅਤੇ ਹੁਣ ਗਏ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਈਆਂ ਸਨਜੇਕਰ ਉਹ ਕਹਿੰਦੇ ਹਨ ਕਿ ਉਸ ਦੇ ਜ਼ਮਾਨੇ ਵਿੱਚ ਆਧੁਨਿਕ ਪਰੋਲਤਾਰੀ ਦਾ ਕਿਤੇ ਵਜੂਦ ਨਹੀਂ ਸੀ ਤਾਂ ਉਹ ਭੁਲ ਜਾਂਦੇ ਹਨ ਕਿ ਆਧੁਨਿਕ ਬੁਰਜ਼ੁਆ ਜਮਾਤ ਉਸ ਦੇ ਸਮਾਜੀ ਨਿਜ਼ਾਮ ਦੀ ਹੀ ਪੈਦਾਵਾਰ ਹੈ
ਤੇ ਰਹੀ ਬਾਕੀ ਗੱਲ, ਉਹ ਅਪਣੀ ਆਲੋਚਨਾ ਦੇ ਪਿੱਛਾਖੜੀ ਖਾਸੇ ਨੂੰ ਛੁਪਾਉਣ ਦੀ ਬਹੁਤ ਘੱਟ ਕੋਸ਼ਿਸ਼ ਕਰਦੇ ਹਨ ਬੁਰਜ਼ੁਆ ਜਮਾਤ ਦੇ ਖਿਲਾਫ ਉਨ੍ਹਾਂ ਦਾ ਸਭ ਤੋਂ ਵੱਡਾ ਇਲਜ਼ਾਮ ਇਹ ਹੈ ਕਿ ਬੁਰਜ਼ੁਆ ਨਿਜ਼ਾਮ ਹੇਠ ਇੱਕ ਅਜਿਹੀ ਜਮਾਤ ਪੈਦਾ ਹੋ ਰਹੀ ਹੈ ਜਿਸਨੇ ਪੁਰਾਣੇ ਸਮਾਜੀ ਨਿਜ਼ਾਮ ਨੂੰ ਐਨ ਬੁਨਿਆਦ ਤੋਂ ਹੀ ਉਖਾੜ ਸੁੱਟਣਾ ਹੈ
ਉਹ ਬੁਰਜ਼ੁਆ ਜਮਾਤ ਨੂੰ ਸਿਰਫ ਇਸ ਗੱਲ ਦੇ ਲਈ ਹੀ ਨਹੀਂ ਕਿ ਉਹ ਪਰੋਲਤਾਰੀ ਪੈਦਾ ਕਰਦਾ ਹੈ ਸਗੋਂ ਇਸ ਲਈ ਜ਼ਿਆਦਾ ਝਿੜਕਾਂ ਦਿੰਦੇ ਹਨ ਕਿ ਉਹ ਇਨਕਲਾਬੀ ਪ੍ਰੋਲਤਾਰੀ ਪੈਦਾ ਕਰਦਾ ਹੈ
ਇਸ ਲਈ ਅਮਲੀ ਸਿਆਸਤ ਵਿੱਚ ਉਹ ਮਜ਼ਦੂਰ ਜਮਾਤ ਦੇ ਖਿਲਾਫ ਤਸ਼ਦਦ ਦੀਆਂ ਸਾਰੀਆਂ ਕਾਰਵਾਈਆਂ ਵਿੱਚ ਪੂਰਾ ਹਿੱਸਾ ਲੈਂਦੇ ਹਨ , ਅਤੇ ਰੋਜ਼ਮਰਾ ਦੀ ਜਿੰਦਗੀ ਵਿੱਚ ਅਪਣੀਆਂ ਸਾਰੀਆਂ ਵੱਡੀਆਂ ਵੱਡੀਆਂ ਡੀਂਗਾਂ ਦੇ ਬਾਵਜੂਦ ਸਨਅਤ ਦੇ ਦਰਖ਼ਤ ਤੋਂ ਜੋ ਸੁਨਹਿਰੇ ਫਲ ਟਪਕਦੇ ਹਨ ਉਨ੍ਹਾਂ ਨੂੰ ਚੁੱਕਣ ਦੇ ਲਈ ਟੁਟ ਪੈਂਦੇ ਹਨ ਅਤੇ ਉੱਨ, ਚਕੰਦਰ ਦੀ ਖੰਡ ਅਤੇ ਆਲੂਆਂ ਦੀ ਸ਼ਰਾਬ ਦੀ ਤਜਾਰਤ ਵਿੱਚ ਸੱਚਾਈ , ਮੁਹਬਤ ਅਤੇ ਗ਼ੈਰਤ ਸਭ ਕੁਝ ਦਾ ਸੌਦਾ ਕਰਨ ਤੱਕ ਨਿਘਰ ਜਾਂਦੇ ਹਨ
[ ਇਹ ਗੱਲ ਖਾਸ ਤੌਰ ਤੇ ਜਰਮਨੀ ਤੇ ਪੂਰੀ ਉਤਰਦੀ ਹੈ ਜਿੱਥੇ ਦੇ ਜ਼ਮੀਨਦਾਰ ਅਮੀਰਸ਼ਾਹ ਅਤੇ ਵੱਡੇ ਵੱਡੇ ਆਰਾਜ਼ੀਦਾਰ ਅਪਣੀਆਂ ਜ਼ਮੀਨਾਂ ਦੇ ਜ਼ਿਆਦਾ ਹਿਸੇ ਤੇ ਆਪਣੇ ਲਈ ਗਮਾਸ਼ਤਿਆਂ ਦੇ ਜ਼ਰੀਏ ਖੇਤੀ ਕਰਾਉਂਦੇ ਹਨ ਅਤੇ ਨਾਲ ਹੀ ਉਹ ਸ਼ਕਰ ਅਤੇ ਸ਼ਰਾਬ ਦੇ ਵੱਡੇ ਵੱਡੇ ਕਾਰਖ਼ਾਨਿਆਂ ਦੇ ਮਾਲਿਕ ਹਨਅੰਗਰੇਜ਼ ਅਮੀਰਸ਼ਾਹੀ ਜੋ ਇਸ ਤੋਂ ਵੀ ਜ਼ਿਆਦਾ ਦੌਲਤ ਮੰਦ ਹੈ , ਅਜੇ ਤੱਕ ਇਨ੍ਹਾਂ ਗੱਲਾਂ ਤੋਂ ਉੱਪਰ ਹੈ
ਲੇਕਿਨ ਉਹ ਵੀ ਆਪਣੇ ਘਟਦੇ ਹੋਏ ਲਗਾਨ ਨੂੰ ਪੂਰਾ ਕਰਨ ਦੇ ਤਰੀਕੇ ਖ਼ੂਬ ਜਾਣਦੀ ਹੈ ਅਤੇ ਸ਼ੱਕੀ ਕਿਸਮ ਦੀਆਂ ਜੁਆਇੰਟ ਸਟਾਕ ਕੰਪਨੀਆਂ ਖੋਹਲਣ ਵਾਲਿਆਂ ਨੂੰ ਆਪਣਾ ਨਾਮ ਉਧਾਰ ਦਿੰਦੀ ਹੈ ਜਰਮਨੀ ਦਾ ਇਹ ਪੈਟੀ ਬੁਰਜ਼ੁਆ ਜਮਾਤ ਸੋਲਵੀਂ ਸਦੀ ਦੀ ਨਿਸ਼ਾਨੀ ਹੈ ਅਤੇ ਉਸ ਵਕਤ ਤੋਂ ਬਰਾਬਰ ਮੁਖ਼ਤਲਿਫ਼ ਸੂਰਤਾਂ ਵਿੱਚ ਅਵਤਾਰ ਧਾਰਦਾ ਰਿਹਾ ਹੈ ਅਤੇ ਇਹੀ ਮੌਜੂਦਾ ਸੂਰਤੇ ਹਾਲ ਦੀ ਅਸਲੀ ਸਮਾਜੀ ਬੁਨਿਆਦ ਹੈ-1888 ਦੀ ਅੰਗ੍ਰੇਜੀ ਐਡੀਸਨ ਲਈ ਏਂਗਲਜ਼ ਦਾ ਨੋਟ ]
ਮਸੀਹੀ ਸੋਸ਼ਲਿਜ਼ਮ ਅਤੇ ਜਾਗੀਰਦਾਰੀ ਸੋਸ਼ਲਿਜ਼ਮ ਵਿੱਚ ਉਸੇ ਤਰ੍ਹਾਂ ਚੋਲੀ ਦਾਮਨ ਦਾ ਸਾਥ ਹੈ , ਜਿਸ ਤਰ੍ਹਾਂ ਪਾਦਰੀ ਅਤੇ ਜ਼ਮੀਨਦਾਰ ਵਿੱਚ
ਇਸਾਈ ਸਨਿਆਸ ਨੂੰ ਸੋਸ਼ਲਿਜ਼ਮ ਦਾ ਜਾਮਾ ਪੁਆਉਣ ਤੋਂ ਜ਼ਿਆਦਾ ਆਸਾਨ ਹੋਰ ਕੋਈ ਕੰਮ ਨਹੀਂ ਕੀ ਇਸਾਈਅਤ ਨੇ ਵੀ ਜ਼ਾਤੀ ਮਲਕੀਅਤ ਦੇ ਖਿਲਾਫ਼ ਵਿਆਹ ਦੇ ਖਿਲਾਫ਼ ਅਤੇ ਰਿਆਸਤ ਦੇ ਖਿਲਾਫ ਫ਼ਤਵੇ ਨਹੀਂ ਜਾਰੀ ਕੀਤੇ ? ਕੀ ਇਸ ਨੇ ਵੀ ਇਹਨਾਂ ਦੀ ਜਗਹਾ ਤੇ ਦਾਨ ਪੁੰਨ ਅਤੇ ਫ਼ੱਕਰਪੁਣੇ ਦਾ, ਬ੍ਰਹਮਚਰੀਏ ਅਤੇ ਘੋਰ ਤਪਸਵੀ ਜਿੰਦਗੀ ਦਾ ਅਤੇ ਮੱਠਾਂ ਦੇ ਜੀਵਨ ਅਤੇ ਚਰਚ ਮਾਤਾ ਦਾ ਪ੍ਰਚਾਰ ਨਹੀਂ ਕੀਤਾ? ਮਸੀਹੀ ਸੋਸ਼ਲਿਜ਼ਮ ਕੇਵਲ ਉਹ ਗੰਗਾ ਜਲ ਹੈ ਜਿਸ ਦੇ ਛਿੱਟਿਆਂ ਨਾਲ ਪਾਦਰੀ ਅਮੀਰਸ਼ਾਹ ਦੇ ਦਿਲ ਦੀ ਜਲਨ ਨੂੰ ਠੰਡਕ ਪਹੁੰਚਾਉਂਦਾ ਹੈ

ਅ--ਪੈਟੀ ਬੁਰਜ਼ੁਆ ਸੋਸ਼ਲਿਜ਼ਮ

ਜਾਗੀਰਦਾਰ ਅਮੀਰਸ਼ਾਹੀ ਹੀ ਇਕ ਅਜਿਹਾ ਜਮਾਤ ਨਹੀਂ ਜਿਸ ਨੂੰ ਬੁਰਜ਼ੁਆ ਜਮਾਤ ਨੇ ਬਰਬਾਦ ਕੀਤਾ ਹੋਵੇ ਜਿਸ ਦਾ ਨਿਜ਼ਾਮ ਜਿੰਦਗੀ ਆਧੁਨਿਕ ਬੁਰਜ਼ੁਆ ਸਮਾਜ ਦੀ ਫ਼ਿਜ਼ਾ ਵਿੱਚ ਝੁਲਸ ਕੇ ਬਰਬਾਦ ਹੋ ਚੁਕਾ ਹੋਵੇ ਮਧਕਾਲ ਦੇ ਸ਼ਹਿਰੀ ਵਪਾਰੀ ਅਤੇ ਛੋਟੇ ਆਰਾਜ਼ੀਦਾਰ ਕਿਸਾਨ ਆਧੁਨਿਕ ਬੁਰਜ਼ੁਆ ਜਮਾਤ ਦੇ ਪੇਸ਼ ਰੌ ਸਨ ਜਿਨ੍ਹਾਂ ਮੁਲਕਾਂ ਵਿੱਚ ਸਨਅਤ ਅਤੇ ਤਜਾਰਤ ਨੇ ਜ਼ਿਆਦਾ ਤਰਕੀ ਨਹੀਂ ਕੀਤੀ ਓਥੇ ਅੱਜ ਵੀ ਇਹ ਦੋਵੇਂ ਜਮਾਤ ਨਵੇਂ ਉਠ ਰਹੇ ਬੁਰਜ਼ੁਆ ਜਮਾਤ ਦੇ ਪਹਿਲੂ ਬਾ ਪਹਿਲੂ ਭੈੜੇ ਭਲੇ ਜਿੰਦਗੀ ਦੇ ਦਿਨ ਕੱਟ ਰਹੇ ਹਨ

ਜਿਨ੍ਹਾਂ ਮੁਲਕਾਂ ਵਿੱਚ ਆਧੁਨਿਕ ਤਹਿਜ਼ੀਬ ਪੂਰੇ ਜੋਬਨ ਤੇ ਪਹੁੰਚ ਗਈ ਹੈ ਓਥੇ ਪੈਟੀ ਬੁਰਜ਼ੁਆ ਦਾ ਇਕ ਨਵਾਂ ਜਮਾਤ ਬਣ ਗਿਆ ਹੈ ਜੋ ਪਰੋਲਤਾਰੀ ਅਤੇ ਬੁਰਜ਼ੁਆ ਜਮਾਤ ਦੇ ਵਿੱਚਕਾਰ ਡਾਵਾਂ ਡੋਲ ਰਹਿੰਦਾ ਹੈ ਅਤੇ ਬੁਰਜ਼ੁਆ ਸਮਾਜ ਦੇ ਇਕ ਜ਼ਿਮਨੀ ਹਿਸੇ ਦੀ ਹੈਸੀਅਤ ਨਾਲ ਬਰਾਬਰ ਆਪਣਾ ਨਵੀਨੀਕਰਨ ਕਰਦਾ ਰਹਿੰਦਾ ਹੈ ਲੇਕਿਨ ਮੁਕਾਬਲਾ ਇਸ ਜਮਾਤ ਦੇ ਵਿਅਕਤੀਆਂ ਨੂੰ ਇਕ ਇਕ ਕਰਕੇ ਮਜ਼ਦੂਰ ਜਮਾਤ ਦੇ ਅੰਦਰ ਧੱਕਦਾ ਰਹਿੰਦਾ ਹੈ ਅਤੇ ਜਿਉਂ ਜਿਉਂ ਆਧੁਨਿਕ ਸਨਅਤ ਤਰੱਕੀ ਕਰਦੀ ਹੈ ਉਹ ਖ਼ੁਦ ਉਸ ਲਮਹੇ ਨੂੰ ਕਰੀਬ ਆਉਂਦਾ ਦੇਖ ਲੈਂਦੇ ਹਨ ਜਦੋਂ ਆਧੁਨਿਕ ਸਮਾਜ ਵਿੱਚ ਉਸ ਦੀ ਆਜ਼ਾਦ ਹੈਸੀਅਤ ਖ਼ਤਮ ਹੋ ਜਾਵੇਗੀ ਅਤੇ ਸਨਅਤ ਜ਼ਰਾਇਤ ਅਤੇ ਤਜਾਰਤ ਵਿੱਚ ਨਿਗਰਾਨ ਕਾਰਿੰਦੇ ਅਤੇ ਦੁਕਾਨ ਦੇ ਮੁਲਾਜ਼ਮ ਉਸ ਦੀ ਜਗ੍ਹਾ ਲੈ ਲੈਣਗੇ

ਫ਼ਰਾਂਸ ਵਰਗੇ ਮੁਲਕਾਂ ਵਿੱਚ ਜਿਥੇ ਆਬਾਦੀ ਵਿੱਚ ਅੱਧੇ ਤੋਂ ਜ਼ਿਆਦਾ ਕਿਸਾਨ ਹਨ , ਓਥੇ ਇਹ ਕੁਦਰਤੀ ਗੱਲ ਸੀ ਕਿ ਬੁਰਜ਼ੁਆ ਜਮਾਤ ਦੇ ਖਿਲਾਫ ਪਰੋਲਤਾਰੀ ਦਾ ਸਾਥ ਦੇਣ ਵਾਲੇ ਲੇਖਕ ਬੁਰਜ਼ੁਆ ਨਿਜ਼ਾਮ ਦੀ ਆਲੋਚਨਾ ਕਰਨ ਵਿੱਚ ਕਿਸਾਨ ਜਾਂ ਪੈਟੀ ਬੁਰਜ਼ੁਆ ਜਮਾਤ ਦੀ ਕਸੌਟੀ ਤੋਂ ਕੰਮ ਲੈਂਦੇ ਅਤੇ ਇਹਨਾਂ ਦਰਮਿਆਨੇ ਤਬਕਿਆਂ ਦੇ ਨੁਕਤੇ ਨਜ਼ਰ ਤੋਂ ਮਜ਼ਦੂਰ ਜਮਾਤ ਦੀ ਪੁਸ਼ਤ ਪਨਾਹੀ ਕਰਦੇ ਇਸ ਤਰ੍ਹਾਂ ਪੈਟੀ ਬੁਰਜ਼ੁਆ ਸੋਸ਼ਲਿਜ਼ਮ ਪੈਦਾ ਹੋਇਆ ਸਿਸਮੋਂਦੀ ਸਿਰਫ਼ ਫ਼ਰਾਂਸ ਵਿੱਚ ਹੀ ਨਹੀਂ ਬਲਕਿ ਇੰਗਲੈਂਡ ਵਿੱਚ ਵੀ ਇਸ ਧਾਰਾ ਦੇ ਲੋਕਾਂ ਦਾ ਮੁਖੀ ਸੀ

ਸੋਸ਼ਲਿਜ਼ਮ ਦੀ ਇਸ ਧਾਰਾ ਨੇ ਆਧੁਨਿਕ ਪੈਦਾਵਾਰੀ ਤਾਲੁਕਾਤ ਵਿੱਚ ਤਜ਼ਾਦ ਦੀ ਛਾਣ ਬੀਣ ਕਰਨ ਵਿੱਚ ਬਹੁਤ ਤੀਖਣ ਬੁਧੀ ਦਾ ਪ੍ਰਮਾਣ ਦਿੱਤਾ ਇਸ ਨੇ ਅਰਥਵਿਗਿਆਨੀਆਂ ਦੀਆਂ ਦੰਭੀ ਬਹਾਨੇਸਾਜ਼ੀਆਂ ਦਾ ਪਰਦਾ ਫ਼ਾਸ਼ ਕੀਤਾ ਇਸ ਨੇ ਨਾਕਾਬਲੇ ਤਰਦੀਦ ਦਲੀਲਾਂ ਨਾਲ ਸਾਬਤ ਕੀਤਾ ਕਿ ਮਸ਼ੀਨ ਸਾਜ਼ੀ ਅਤੇ ਮਿਹਨਤ ਦੀ ਵੰਡ , ਚੰਦ ਹੱਥਾਂ ਵਿੱਚ ਸਰਮਾਇਆ ਅਤੇ ਜ਼ਮੀਨ ਦਾ ਜਮ੍ਹਾ ਹੋਣਾ , ਫ਼ਾਜ਼ਲ ਪੈਦਾਵਾਰ ਅਤੇ ਸੰਕਟ ਕਿਸ ਕਿਸ ਤਰ੍ਹਾਂ ਦੇ ਤਬਾਹਕੁਨ ਅਸਰ ਪੈਦਾ ਕਰਦੇ ਹਨ ਇਸ ਨੇ ਪੈਟੀ ਬੁਰਜ਼ੁਆ ਅਤੇ ਕਿਸਾਨਾਂ ਦੀ ਅਟੱਲ ਬਰਬਾਦੀ , ਮਜ਼ਦੂਰ ਜਮਾਤ ਦੀ ਮੰਦਹਾਲੀ , ਪੈਦਾਵਾਰ ਦੀ ਅਫਰਾਤਫਰੀ , ਦੌਲਤ ਦੀ ਵੰਡ ਵਿੱਚ ਸ਼ਦੀਦ ਨਾਬਰਾਬਰੀ , ਕੌਮਾਂ ਦੀ ਆਪਸ ਵਿੱਚ ਇਕ ਦੂੱਜੇ ਨੂੰ ਮਿਟਾ ਦੇਣ ਵਾਲੀ ਸਨਅਤੀ ਜੰਗ , ਪੁਰਾਣੇ ਇਖ਼ਲਾਕੀ ਬੰਧਨਾਂ , ਪੁਰਾਣੇ ਖ਼ਾਨਦਾਨੀ ਰਿਸ਼ਤਿਆਂ ਅਤੇ ਪੁਰਾਣੀਆਂ ਕੌਮੀਅਤਾਂ ਦੀ ਬਰਬਾਦੀ ਵੱਲ ਧਿਆਨ ਦਿਵਾਇਆ

ਲੇਕਿਨ ਆਪਣੇ ਹਾਂ-ਪੱਖੀ ਮਕਸਦਾਂ ਵਿੱਚ ਇਸ ਕਿਸਮ ਦਾ ਸੋਸ਼ਲਿਜ਼ਮ ਜਾਂ ਤਾਂ ਪੈਦਾਵਾਰ ਅਤੇ ਤਬਾਦਲੇ ਦੇ ਪੁਰਾਣੇ ਵਸੀਲਿਆਂ ਨੂੰ ਅਤੇ ਇਸ ਦੇ ਨਾਲ ਮਲਕੀਅਤ ਦੇ ਪੁਰਾਣੇ ਰਿਸ਼ਤਿਆਂ ਅਤੇ ਪੁਰਾਣੇ ਸਮਾਜ ਨੂੰ ਬਹਾਲ ਕਰਨ ਦਾ ਚਾਹਵਾਨ ਹੈ ਜਾਂ ਫਿਰ ਪੈਦਾਵਾਰ ਅਤੇ ਤਬਾਦਲੇ ਦੇ ਆਧੁਨਿਕ ਵਸੀਲਿਆਂ ਨੂੰ ਮਲਕੀਅਤ ਦੇ ਪੁਰਾਣੇ ਰਿਸ਼ਤਿਆਂ ਦੀ ਹੱਦ ਬੰਦੀ ਦੇ ਅੰਦਰ ਤਾੜਨਾ ਚਾਹੁੰਦਾ ਹੈ , ਹਾਲਾਂਕਿ ਇਨ੍ਹਾਂ ਵਸੀਲਿਆਂ ਨੇ ਹੀ ਉਹ ਰਿਸ਼ਤੇ ਧਮਾਕੇ ਦੇ ਨਾਲ ਭੰਨੇ ਸਨ ਅਤੇ ਇਹ ਹਰ ਹਾਲ ਹੋਣਾ ਹੀ ਸੀ ਦੋਨਾਂ ਸੂਰਤਾਂ ਵਿੱਚ ਇਹ ਸੋਸ਼ਲਿਜ਼ਮ ਰਜਅਤ ਪ੍ਰਸਤ ਅਤੇ ਯੂਟੋਪੀਆਈ ਹੈ

ਕਾਰਖਾਨੇਦਾਰੀ ਵਿੱਚ ਕਾਰਪੋਰੇਟ ਗਿਲਡ ਅਤੇ ਜ਼ਰਾਇਤ ਵਿੱਚ ਪਿਤਰੀਵਾਦੀ ਰਿਸ਼ਤੇ , ਇਹੀ ਇਸ ਸੋਸ਼ਲਿਜ਼ਮ ਦਾ ਅੱਖਰੇ ਆਖਿਰ ਹੈ

ਲੇਕਿਨ ਅੰਤ ਵਿੱਚ ਜਦੋਂ ਇਤਹਾਸ ਦੀਆਂ ਅਟਲ ਹਕੀਕਤਾਂ ਨੇ ਖ਼ੁਦ ਫ਼ਰੇਬੀ ਦਾ ਤਮਾਮ ਸਰੂਰ ਉਤਾਰ ਦਿੱਤਾ ਤਾਂ ਇਸ ਕਿਸਮ ਦੇ ਸੋਸ਼ਲਿਜ਼ਮ ਦਾ ਅੰਤ ਨਸ਼ੇ ਦੀ ਇੰਤਹਾਈ ਦੁਖਦਾਈ ਤੋੜ ਦੇ ਆਲਮ ਵਿੱਚ ਹੋਇਆ

ਜਰਮਨ ਜਾਂ “ਸੱਚਾ" ਸੋਸ਼ਲਿਜ਼ਮ

ਫ਼ਰਾਂਸ ਦਾ ਸੋਸ਼ਲਿਸਟ ਅਤੇ ਕਮਿਊਨਿਸਟ ਸਾਹਿਤ ਅਜਿਹਾ ਸਾਹਿਤ ਸੀ ਜੋ ਸੱਤਾਧਾਰੀ ਬੁਰਜ਼ੁਆ ਜਮਾਤ ਦੇ ਦਬਾਓ ਦੇ ਤਹਿਤ ਪੈਦਾ ਹੋਇਆ ਸੀ ਅਤੇ ਜੋ ਇਸ ਸੱਤਾ ਦੇ ਖਿਲਾਫ ਜਦੋਜਹਿਦ ਦਾ ਪ੍ਰਗਟਾ ਸੀ ਇਹ ਸਾਹਿਤ ਜਰਮਨੀ ਉਸ ਵਕਤ ਅੱਪੜਿਆ ਜਦੋਂ ਇਸ ਮੁਲਕ ਦਾ ਬੁਰਜ਼ੁਆ ਜਮਾਤ ਜਾਗੀਰਦਾਰ ਨਿਰੰਕੁਸ਼ਵਾਦ ਦੇ ਖਿਲਾਫ ਅਜੇ ਮੈਦਾਨ ਵਿੱਚ ਉੱਤਰਿਆ ਹੀ ਸੀ

ਜਰਮਨੀ ਦੇ ਫ਼ਲਸਫ਼ੀ , ਭਾਵੀ ਫ਼ਲਸਫ਼ੀ ਅਤੇ ਲਛੇਦਾਰ ਭਾਸ਼ਾ ਦੇ ਪ੍ਰੇਮੀ ਵਿਦਵਾਨ ਵੱਡੇ ਉਤਸਾਹ ਨਾਲ ਇਸ ਸਾਹਿਤ ਤੇ ਟੁਟ ਪਏ ਬੱਸ ਏਨਾ ਭੁੱਲ ਗਏ ਕਿ ਇਹ ਲਿਖਤਾਂ ਜਦੋਂ ਫ਼ਰਾਂਸ ਤੋਂ ਜਰਮਨੀ ਆਈਆਂ ਤਾਂ ਉਹਨਾਂ ਦੇ ਨਾਲ ਫ਼ਰਾਂਸ ਦੇ ਸਮਾਜੀ ਹਾਲਾਤ ਨਹੀਂ ਆਏ ਸਨ ਜਰਮਨੀ ਦੇ ਸਮਾਜੀ ਹਾਲਾਤ ਵਿੱਚ ਆਉਂਦਿਆਂ ਹੀ ਇਹ ਫ਼ਰਾਂਸੀਸੀ ਸਾਹਿਤ ਅਪਣੀ ਸਾਰੀ ਫ਼ੌਰੀ ਅਮਲੀ ਅਹਿਮੀਅਤ ਖੋਹ ਬੈਠਾ ਅਤੇ ਇਸ ਨੇ ਖ਼ਾਲਸ ਸਾਹਿਤਕ ਸੂਰਤ ਧਾਰਨ ਕਰ ਲਈ ਇਸ ਤਰ੍ਹਾਂ ਅਠਾਰਵੀਂ ਸਦੀ ਦੇ ਜਰਮਨ ਫਿਲਾਸਫਰਾਂ ਦੀ ਨਜ਼ਰ ਵਿੱਚ ਪਹਿਲੇ ਫ਼ਰਾਂਸੀਸੀ ਇਨਕਲਾਬ ਦੀਆਂ ਮੰਗਾਂ ਆਮ ਤੌਰ ਤੇ "ਅਮਲੀ ਮੰਤਕ" ਦੇ ਤਕਾਜਿਆਂ ਦੇ ਸਿਵਾ ਹੋਰ ਕੁੱਝ ਨਹੀਂ ਸਨ ਅਤੇ ਉਹਨਾਂ ਦੇ ਖ਼ਿਆਲ ਵਿੱਚ ਫ਼ਰਾਂਸ ਦੀ ਇਨਕਲਾਬੀ ਬੁਰਜ਼ੁਆਜ਼ੀ ਦੀ ਰਜ਼ਾ ਦਾ ਇਜ਼ਹਾਰ ਦਰਅਸਲ ਖ਼ਾਲਸ ਰਜ਼ਾ ਜਾਂ ਰਜ਼ਾ ਦੀ ਅਸਲੀ ਸੂਰਤ ਯਾਨੀ ਸੱਚੀ ਇਨਸਾਨੀ ਰਜ਼ਾ ਦੇ ਕਾਨੂੰਨਾਂ ਦੀ ਅਹਿਮੀਅਤ ਰੱਖਦਾ ਸੀ

ਜਰਮਨੀ ਦੇ ਬੁਧੀਜੀਵੀਆਂ ਦਾ ਕੰਮ ਮਹਿਜ਼ ਇਹ ਸੀ ਕਿ ਨਵੇਂ ਫ਼ਰਾਂਸੀਸੀ ਖ਼ਿਆਲਾਂ ਨੂੰ ਆਪਣੀ ਪੁਰਾਤਨ ਫ਼ਲਸਫ਼ੀਆਨਾ ਫ਼ਰਾਂਸੀਸੀ ਜ਼ਮੀਰ ਨਾਲ ਇਕਸੁਰਤਾ ਵਿੱਚ ਲਿਆਉਣ ਜਾਂ ਸਗੋਂ ਆਪਣੇ ਫ਼ਲਸਫ਼ੀਆਨਾ ਨੁਕਤਾ ਨਜ਼ਰ ਨੂੰ ਛੱਡੇ ਬਗੈਰ ਫ਼ਰਾਂਸੀਸੀ ਖ਼ਿਆਲਾਂ ਨੂੰ ਆਪਣਾ ਲੈਣ

ਇਹਨਾਂ ਖ਼ਿਆਲਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਅਪਣਾਇਆ ਜਿਵੇਂ ਕਿਸੇ ਬਦੇਸੀ ਜ਼ਬਾਨ ਦੇ ਸਾਹਿਤ ਨੂੰ ਅਪਣਾਇਆ ਜਾਂਦਾ ਹੈ ਯਾਨੀ ਤਰਜਮੇ ਦੇ ਜ਼ਰੀਏ

ਇਹ ਸਭ ਨੂੰ ਮਾਲੂਮ ਹੈ ਕਿ ਕਿਵੇਂ ਕਦੀਮ ਜ਼ਮਾਨੇ ਦੇ ਕਲਾਸਿਕੀ ਕਲਮੀ ਨੁਸਖਿਆਂ ਦੇ ਮਸੌਦਿਆਂ ਦੇ ਉਪਰ ਭਿਕਸੂਆਂ ਨੇ ਕੈਥੋਲਿਕ ਸੰਤਾਂ ਦੀਆਂ ਅਹਿਮਕਾਨਾ ਜੀਵਨੀਆਂ ਲਿਖੀਆਂ ਸਨ ਜਰਮਨੀ ਦੇ ਬੁਧੀਜੀਵੀਆਂ ਨੇ ਫ਼ਰਾਂਸ ਦੇ ਦੁਨਿਆਵੀ ਸਾਹਿਤ ਦੇ ਸਿਲਸਿਲੇ ਵਿੱਚ ਇਸ ਤਰੀਕੇ ਨੂੰ ਉਲਟਾ ਦਿੱਤਾ ਫ਼ਰਾਂਸੀਸੀ ਖ਼ਿਆਲਾਂ ਨੂੰ ਉਹਨਾਂ ਨੇ ਆਪਣਾ ਫ਼ਲਸਫ਼ੀਆਨਾ ਬਕਵਾਸ ਲਿਖਣ ਦੇ ਲਈ ਵਰਤਿਆ ਮਿਸਾਲ ਵਜੋਂ ਮੁਦਰਾ ਦੇ ਆਰਥਿਕ ਕਾਰਜਾਂ ਦੇ ਬਾਰੇ ਵਿੱਚ ਫ਼ਰਾਂਸੀਸੀ ਆਲੋਚਨਾ ਦੇ ਹੇਠਾਂ ਉਹਨਾਂ ਨੇ “ਇਨਸਾਨੀਅਤ ਦੀ ਬੇਗਾਨਗੀ" ਲਿਖਿਆ ਅਤੇ ਬੁਰਜ਼ੁਆ ਰਿਆਸਤ ਦੀ ਫ਼ਰਾਂਸੀਸੀ ਆਲੋਚਨਾ ਦੇ ਹੇਠਾਂ ਲਿਖਿਆ “ਆਮ ਦੇ ਪ੍ਰਵਰਗ ਨੂੰ ਸੱਤਾ ਸਿੰਘਾਸਨ ਤੋਂ ਲਾਹੁਣਾ” , ਵਗ਼ੈਰਾ

ਇਸ ਤਰ੍ਹਾਂ ਉਹਨਾਂ ਨੇ ਫ਼ਰਾਂਸੀਸੀ ਇਤਹਾਸਕ ਆਲੋਚਨਾਵਾਂ ਦੇ ਨਾਲ ਆਪਣੇ ਫ਼ਲਸਫ਼ੀਆਨਾ ਫ਼ਿਕਰਾਂ ਦੀ ਪੂਛ ਲੱਗਾ ਦਿੱਤੀ ਅਤੇ ਉਸ ਦਾ ਨਾਮ ਰੱਖ ਦਿੱਤਾ : “ਅਮਲ ਦਾ ਫ਼ਲਸਫ਼ਾ ” , “ਸੱਚਾ ਸੋਸ਼ਲਿਜ਼ਮ" , “ਸੋਸ਼ਲਿਜ਼ਮ ਦੀ ਜਰਮਨ ਸਾਇੰਸ” , "ਸੋਸ਼ਲਿਜ਼ਮ ਦੀ ਫ਼ਲਸਫ਼ੀਆਨਾ ਬੁਨਿਆਦ" , ਵਗ਼ੈਰਾ

ਇਸ ਤਰ੍ਹਾਂ ਫ਼ਰਾਂਸੀਸੀ ਸੋਸ਼ਲਿਸਟ ਅਤੇ ਕਮਿਊਨਿਸਟ ਸਾਹਿਤ ਬਿਲਕੁਲ ਬੇਜਾਨ ਬਣਾ ਦਿੱਤਾ ਗਿਆ ਅਤੇ ਹਾਲਾਂਕਿ ਜਰਮਨਾਂ ਦੇ ਹੱਥ ਵਿੱਚ ਉਹ ਇਕ ਜਮਾਤ ਦੇ ਖਿਲਾਫ ਦੂਜੇ ਦੀ ਜਦੋਜਹਿਦ ਦਾ ਸ਼ੀਸ਼ਾ ਵੀ ਨਾ ਰਿਹਾ ,ਇਸ ਲਈ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸ ਨੇ “ਫ਼ਰਾਂਸੀਸੀ ਇਕਤਰਫ਼ਾਪਣ” ਦੂਰ ਕਰ ਦਿੱਤਾ ਹੈ ਅਤੇ ਉਹ ਹਕੀਕੀ ਤਕਾਜਿਆਂ ਦੀ ਨਹੀਂ ਬਲਕਿ ਹੱਕ ਦੇ ਤਕਾਜਿਆਂ ਦੀ, ਮਜ਼ਦੂਰ ਜਮਾਤ ਦੇ ਮੁਫ਼ਾਦ ਦੀ ਨਹੀਂ ਬਲਕਿ ਇਨਸਾਨੀ ਫ਼ਿਤਰਤ ਦੇ ਮਫ਼ਾਦ ਦੀ, ਯਾਨੀ ਆਮ ਮਨੁੱਖ ਦੀ ਨੁਮਾਇੰਦਗੀ ਕਰਦਾ ਹੈ , ਜੋ ਕਿਸੇ ਜਮਾਤ ਦਾ ਨਹੀਂ ਹੈ,ਜਿਸ ਦੀ ਕੋਈ ਹਕੀਕਤ ਨਹੀਂ, ਜਿਸ ਦਾ ਵਜੂਦ ਸਿਰਫ਼ ਫ਼ਲਸਫ਼ੀਆਨਾ ਕਲਪਨਾ ਦੇ ਧੁੰਦਲੇ ਮੰਡਲ ਵਿੱਚ ਹੈ

ਇਹ ਜਰਮਨ ਸੋਸ਼ਲਿਜ਼ਮ ਜਿਸ ਨੇ ਆਪਣੇ ਬਚਗਾਨਾ ਕੰਮਾਂ ਨੂੰ ਏਨਾ ਗਹਿਰ ਗੰਭੀਰ ਸਮਝ ਰਖਿਆ ਸੀ ਅਤੇ ਬਾਜ਼ਾਰੀ ਦਵਾ ਫ਼ਰੋਸ਼ ਦੀ ਤਰ੍ਹਾਂ ਆਪਣੇ ਦੋ ਕੌਡੀ ਦੇ ਮਾਲ ਦਾ ਢੰਡੋਰਾ ਪਿੱਟਿਆ ਸੀ , ਰਫ਼ਤਾ ਰਫ਼ਤਾ ਅਪਣੀ ਕਿਤਾਬੀ ਮਾਅਸੂਮੀਅਤ ਖੋਹ ਬੈਠਾ

ਜਾਗੀਰਦਾਰ ਅਮੀਰਸ਼ਾਹੀ ਅਤੇ ਨਿਰੰਕੁਸ ਬਾਦਸ਼ਾਹੀ ਦੇ ਖਿਲਾਫ ਜਰਮਨੀ ਅਤੇ ਖ਼ਾਸ ਤੌਰ ਤੇ ਪਰੂਸ਼ੀਆ ਦੇ ਬੁਰਜ਼ੁਆ ਜਮਾਤ ਦੀ ਲੜਾਈ ਜਾਂ ਦੂਜੇ ਲਫ਼ਜ਼ਾਂ ਵਿੱਚ ਲਿਬਰਲ ਤਹਿਰੀਕ ਜ਼ਿਆਦਾ ਸੰਗੀਨ ਹੋ ਗਈ

ਇਸ ਤੋਂ ਸੱਚੇ ਸੋਸ਼ਲਿਜ਼ਮ ਦੀ ਪੁਰਾਣੀ ਆਰਜ਼ੂ ਨੂੰ ਬੂਰ ਆਇਆ ਕਿ ਇਸਨੂੰ ਮੌਕਾ ਮਿਲ ਗਿਆ ਕਿ ਇਹ ਸਿਆਸੀ ਤਹਿਰੀਕ ਦੇ ਸਾਹਮਣੇ ਸੋਸ਼ਲਿਸਟ ਮਤਾਲਬੇ ਪੇਸ਼ ਕਰੇ ਉਦਾਰਵਾਦ, ਪ੍ਰਤੀਨਿਧੀ ਹਕੂਮਤ , ਬੁਰਜ਼ੁਆ ਮੁਕਾਬਲਾ, ਪ੍ਰੈਸ ਦੀ ਬੁਰਜ਼ੁਆ ਅਜ਼ਾਦੀ, ਬੁਰਜ਼ੁਆ ਕਾਨੂੰਨ ਸਾਜ਼ੀ ਅਤੇ ਬੁਰਜ਼ੁਆ ਅਜ਼ਾਦੀ ਅਤੇ ਸਮਾਨਤਾ ਦੇ ਖਿਲਾਫ ਅਪਣੀਆਂ ਪੁਰਾਣੀਆਂ ਲਾਹਨਤਾਂ ਦੀ ਬੁਛਾੜ ਸ਼ੁਰੂ ਕਰੇ ਅਤੇ ਅਵਾਮ ਨੂੰ ਦੱਸੇ ਕਿ ਇਸ ਬੁਰਜ਼ੁਆ ਤਹਿਰੀਕ ਵਿੱਚ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ , ਸਰਾਸਰ ਨੁਕਸਾਨ ਹੀ ਨੁਕਸਾਨ ਹੈ ਜਰਮਨ ਸੋਸ਼ਲਿਜ਼ਮ ਐਨ ਵਕਤ ਤੇ ਭੁਲ ਗਿਆ ਕਿ ਉਹ ਖ਼ੁਦ ਜਿਸ ਫ਼ਰਾਂਸੀਸੀ ਆਲੋਚਨਾ ਦੀ ਇਕ ਬੇ ਮਾਅਨੀ ਨਕਲ ਸੀ , ਉਸ ਦੇ ਪੇਸ਼ ਫਰਜ਼ ਆਧੁਨਿਕ ਬੁਰਜ਼ੁਆ ਸਮਾਜ ਆਪਣੇ ਮੁਤਾਬਕ ਜਿੰਦਗੀ ਦੀਆਂ ਪਦਾਰਥਕ ਹਾਲਤਾਂ ਅਤੇ ਸਿਆਸੀ ਢਾਂਚੇ ਸਮੇਤ ਪਹਿਲਾਂ ਹੀ ਮੌਜੂਦ ਸੀ ਅਤੇ ਇਹੀ ਉਹ ਚੀਜਾਂ ਸਨ ਜਿਹਨਾਂ ਨੂੰ ਹਾਸਲ ਕਰਨਾ ਜਰਮਨੀ ਦੀ ਆਉਣ ਵਾਲੀ ਜਦੋਜਹਿਦ ਦਾ ਮਕਸਦ ਸੀ

ਨਿਰੰਕੁਸ ਹਕੂਮਤਾਂ ਲਈ ਜਿਨ੍ਹਾਂ ਨਾਲ ਪਾਦਰੀਆਂ , ਪਰੋਫ਼ੈਸਰਾਂ , ਦਿਹਾਤੀ ਜ਼ਮੀਨਦਾਰਾਂ ਅਤੇ ਅਫ਼ਸਰਾਂ ਦਾ ਇਕ ਲਾਉ ਲਸਕਰ ਮੌਜੂਦ ਸੀ , ਇਹ ਸੋਸ਼ਲਿਜ਼ਮ ਇਕ ਪਸੰਦੀਦਾ ਹਊਆ ਸੀ ਜਿਸ ਨਾਲ ਖ਼ਤਰਾ ਬਣੀ ਬੁਰਜ਼ੁਆਜ਼ੀ ਨੂੰ ਡਰਾਇਆ ਜਾ ਸਕਦਾ ਸੀ

ਇਹ ਕੋੜਿਆਂ ਅਤੇ ਗੋਲੀਆਂ ਦੀ ਤਲਖ ਦਵਾਈ,ਜਿਸ ਰਾਹੀਂ ਉਹੀ ਹਕੂਮਤਾਂ ਜਰਮਨ ਮਜਦੂਰਾਂ ਦੀਆਂ ਬਗ਼ਾਵਤਾਂ ਨੂੰ ਦਬਾ ਰਹੀਆਂ ਸਨ,ਤੋਂ ਬਾਅਦ ਤਲਖੀ ਦੂਰ ਕਰਨ ਲਈ ਇੱਕ ਮਿੱਠੀ ਘੁੱਟ ਸੀ

ਇਕ ਤਰਫ਼ ਤਾਂ ਇਹ “ਸੱਚਾ ਸੋਸ਼ਲਿਜ਼ਮ" ਜਰਮਨ ਬੁਰਜ਼ੁਆ ਜਮਾਤ ਦੇ ਖਿਲਾਫ ਲੜਨ ਦੇ ਲਈ ਹਕੂਮਤਾਂ ਦੇ ਹੱਥ ਵਿੱਚ ਇੱਕ ਹਥਿਆਰ ਦਾ ਕੰਮ ਦਿੰਦਾ ਸੀ ਅਤੇ ਦੂਜੀ ਤਰਫ਼ ਪ੍ਰਤੱਖ ਭਾਂਤ ਇਕ ਪਿੱਛਾਖੜੀ ਮੁਫ਼ਾਦ ਯਾਨੀ ਜਰਮਨ ਖੂਹ ਦੇ ਡੱਡੂਆਂ ਦੇ ਮੁਫ਼ਾਦ ਦਾ ਝੰਡਾ ਬਰਦਾਰ ਸੀ

ਇਸ ਜਮਾਤ ਨੂੰ ਕਾਇਮ ਰਖਣ ਦਾ ਮਤਲਬ ਜਰਮਨੀ ਵਿੱਚ ਮੌਜੂਦ ਸੂਰਤੇ ਹਾਲ ਨੂੰ ਕਾਇਮ ਰਖਣਾ ਹੈ ਬੁਰਜ਼ੁਆਜ਼ੀ ਦੀ ਸਨਅਤੀ ਅਤੇ ਸਿਆਸੀ ਬਰਤਰੀ ਤੋਂ ਡਰਦੇ ਹੋਏ ਉਹ ਅਪਣੀ ਨਿਸਚਿਤ ਤਬਾਹੀ ਦਾ ਇੰਤਜਾਰ ਕਰਦਾ ਹੈ ਇਕ ਤਰਫ਼ ਸਰਮਾਏ ਦੇ ਇੱਕੇਂਦ੍ਰਿਤ ਹੋਣ ਕਾਰਨ ਅਤੇ ਦੂਜੀ ਤਰਫ਼ ਇਨਕਲਾਬੀ ਪਰੋਲਤਾਰੀ ਦੇ ਆਗਮਨ ਕਰਕੇ ਮਾਲੂਮ ਹੁੰਦਾ ਹੈ ਕਿ "ਸੱਚਾ” ਸੋਸ਼ਲਿਜ਼ਮ ਇਕ ਤੀਰ ਨਾਲ ਦੋ ਸ਼ਿਕਾਰ ਕਰਦਾ ਹੈ ਅਤੇ ਸੱਚਾ ਸੋਸ਼ਲਿਜ਼ਮ ਇਕ ਛੂਤ ਦੇ ਰੋਗ ਦੀ ਤਰ੍ਹਾਂ ਫੈਲ ਗਿਆ

ਜਰਮਨ ਸੋਸ਼ਲਿਸਟਾਂ ਨੇ ਆਪਣੀਆਂ ਤਰਸਯੋਗ 'ਸਦੀਵੀ ਸਚਾਈਆਂ' ਨੂੰ ,ਨਿਰੇ ਨਿਰਜਿੰਦ ਹੱਡ ਮਾਸ ਦੇ ਪਿੰਜਰ ਨੂੰ ਇਕ ਨਿਰਗੁਣ ਰੂਹਾਨੀ ਲਿਬਾਸ ਪਹਿਨਾ ਦਿੱਤਾ ਜਿਸ ਨੂੰ ਖਿਆਲੀ ਜਾਲਿਆਂ ਦੇ ਤਾਣੇ ਬਾਣੇ ਨਾਲ ਬੁਣਿਆ ਗਿਆ ਸੀ , ਜਿਸ ਤੇ ਅਲੰਕਾਰ ਕਲਾ ਨਾਲ ਵੇਲ ਬੂਟੇ ਕੱਢੇ ਹੋਏ ਸਨ ਅਤੇ ਜੋ ਨਾਖੁਸ਼ ਅਹਿਸਾਸਾਂ ਦੀ ਸ਼ਬਨਮ ਨਾਲ ਭਿਜਿਆ ਹੋਇਆ ਸੀ ਇਹ ਲਿਬਾਸ ਅਜਿਹੀ ਜਨਤਾ ਵਿੱਚ ਇਸ ਦੇ ਮਾਲ ਦੀ ਖਪਤ ਵਧਾਉਣ ਵਿੱਚ ਬਹੁਤ ਕਾਰਆਮਦ ਸਾਬਤ ਹੋਇਆ

ਅਤੇ ਅਪਣੀ ਵਲੋਂ ਜਰਮਨ ਸੋਸ਼ਲਿਜ਼ਮ ਰੋਜ ਬਰੋਜ਼ ਇਹ ਤਸਲੀਮ ਕਰਦਾ ਗਿਆ ਕਿ ਲੰਮੀਆਂ ਚੌੜੀਆਂ ਗੱਲਾਂ ਕਰਕੇ ਪੈਟੀ ਬੁਰਜ਼ੁਆ ਜਮਾਤ ਦੀ ਵਕਾਲਤ ਕਰਨਾ ਹੀ ਉਸ ਦਾ ਅਸਲੀ ਕੰਮ ਹੈ

ਇਸ ਨੇ ਦਾਅਵਾ ਕੀਤਾ ਕਿ ਜਰਮਨ ਕੌਮ ਹੀ ਇਕ ਮਿਸਾਲੀ ਕੌਮ ਹੈ ਅਤੇ ਜਰਮਨ ਦਾ ਪੈਟੀ ਬੁਰਜ਼ੁਆ ਖੂਹ ਦਾ ਡੱਡੂ ਇਨਸਾਨੀਅਤ ਦਾ ਆਹਲਾ ਨਮੂਨਾ ਇਸ ਮਿਸਾਲੀ ਮਨੁੱਖ ਦੀ ਹਰ ਕਮੀਨੀ ਹਰਕਤ ਨੂੰ ਇਸਨੇ ਕੋਈ ਲੁਕਵਾਂ,ਉਚੇਰਾ ਅਤੇ ਸੋਸ਼ਲਿਸਟ ਅਰਥ ਪੇਸ਼ ਕੀਤਾ ਜੋ ਇਸ ਦੀ ਅਸਲੀ ਖ਼ਸਲਤ ਦੇ ਬਿਲਕੁਲ ਉਲਟ ਸੀ ਇੰਤਹਾ ਇਹ ਕਿ ਇਸ ਨੇ ਕਮਿਊਨਿਜ਼ਮ ਦੀ ਖੁਲਮ ਖੁੱਲ੍ਹਾ ਮੁਖ਼ਾਲਫ਼ਤ ਸ਼ੁਰੂ ਕਰ ਦਿੱਤੀ ਕਿ ਇਸ ਵਿੱਚ ” ਵਹਿਸ਼ੀ ਤਬਾਹੀ “ ਦਾ ਰੁਝਾਨ ਪਿਆ ਹੈ ਅਤੇ ਤਮਾਮ ਜਮਾਤੀ ਜਦੋਜਹਿਦਾਂ ਦੇ ਲਈ ਆਪਣੀ ਸਰਬਉਚ,ਨਿਰਪੱਖ ਨਫਰਤ ਦਾ ਇਜ਼ਹਾਰ ਕਰਨ ਦੀ ਇੰਤਹਾ ਤੱਕ ਗਿਆ ਅੱਜ ਕਲ ਜਰਮਨੀ ਵਿੱਚ ਸੋਸ਼ਲਿਜ਼ਮ ਅਤੇ ਕਮਿਊਨਿਜ਼ਮ ਦੇ ਨਾਂ ਤੇ ਜਿਹਨਾਂ ਕਿਤਾਬਾਂ ਦਾ ਚਲਣ ਹੈ ਉਹਨਾਂ ਵਿੱਚੋਂ ਚੰਦ ਇਕ ਨੂੰ ਛੱਡ ਕੇ ਸਭ ਇਸ ਗੰਦੇ ਅਤੇ ਨਿਕੰਮਾ ਬਣਾ ਦੇਣ ਵਾਲੇ ਸਾਹਿਤ ਨਾਲ ਤਾਅਲੁਕ ਰੱਖਦੀਆਂ ਹਨ [ 1848ਦੇ ਇਨਕਲਾਬੀ ਤੂਫ਼ਾਨ ਨੇ ਇਸ ਪੂਰੇ ਭੌਂਡੇ ਰੁਝਾਨ ਨੂੰ ਮਿਟਾ ਦਿੱਤਾ ਅਤੇ ਇਸ ਦੇ ਝੰਡਾਬਰਦਾਰਾਂ ਦਾ ਸੋਸ਼ਲਿਜ਼ਮ ਵਿੱਚ ਉਲਝਣ ਦਾ ਸ਼ੌਕ ਦੂਰ ਕਰ ਦਿੱਤਾ ਇਸ ਰੁਝਾਨ ਦਾ ਅਸਲੀ ਅਤੇ ਮਖ਼ਸੂਸ ਨੁਮਾਇੰਦਾ ਹਰ ਕਾਰਲ ਗਰਿਊਨ ਹੈ ]


੨.
ਰੂੜ੍ਹੀਵਾਦੀ ਜਾਂ ਬੁਰਜ਼ੁਆ ਸੋਸ਼ਲਿਜ਼ਮ

ਬੁਰਜ਼ੁਆ ਜਮਾਤ ਦਾ ਇੱਕ ਹਿਸਾ ਸਮਾਜ ਦੀਆਂ ਖ਼ਰਾਬੀਆਂ ਨੂੰ ਦੂਰ ਕਰ ਦੇਣਾ ਚਾਹੁੰਦਾ ਹੈ ਤਾਂ ਕਿ ਬੁਰਜ਼ੁਆ ਸਮਾਜ ਦੀ ਜਿੰਦਗੀ ਨੂੰ ਕਾਇਮ ਰਖਿਆ ਜਾ ਸਕੇ ਇਸ ਗਿਰੋਹ ਵਿੱਚ ਮਾਹਰੀਨ ਅਰਥਸਾਸਤਰੀ, ਇਨਸਾਨੀਅਤ ਦੋਸਤ , ਗ਼ਰੀਬਾਂ ਦੇ ਹਮਦਰਦ, ਮਜ਼ਦੂਰ ਜਮਾਤ ਦੀ ਹਾਲਤ ਸੁਧਾਰਨ ਵਾਲੇ ,ਖਰੈਤੀ ਮਾਮਲਿਆਂ ਦਾ ਇੰਤਜਾਮ ਕਰਨ ਵਾਲੇ , ਜਾਨਵਰਾਂ ਤੇ ਬੇ ਰਹਿਮੀ ਦੀ ਮੁਖ਼ਾਲਫ਼ਤ ਕਰਨ ਵਾਲੀਆਂ ਸੁਸਾਇਟੀਆਂ ਦੇ ਮੈਂਬਰ , ਸ਼ਰਾਬ ਨੋਸ਼ੀ ਦੇ ਕਟੜ ਮੁਖ਼ਾਲਿਫ਼ ਅਤੇ ਹਰ ਕਿਸਮ ਦੇ ਛੋਟੇ ਛੋਟੇ ਸੁਧਾਰਕ ਸ਼ਾਮਿਲ ਹਨ ਅਗਲੀ ਗੱਲ ਇਹ ਕਿ ਇਸ ਕਿਸਮ ਦੇ ਸੋਸ਼ਲਿਜ਼ਮ ਦੇ ਮੁਕੰਮਲ ਨਿਜ਼ਾਮ ਵੀ ਤਿਆਰ ਕਰ ਲਏ ਗਏ ਹਨ

ਇਸ ਤਰ੍ਹਾਂ ਦੇ ਸੋਸ਼ਲਿਜ਼ਮ ਦੀ ਇਕ ਮਿਸਾਲ ਸਾਨੂੰ ਪਰੂਧੋਂ ਦੀ ਕਿਤਾਬ “ਕੰਗਾਲੀ ਦਾ ਫ਼ਲਸਫ਼ਾ ” ਵਿੱਚ ਮਿਲਦੀ ਹੈ

ਇਹ ਬੁਰਜ਼ੁਆ ਸੋਸ਼ਲਿਸਟ ਲੋਕ ਆਧੁਨਿਕ ਸਮਾਜੀ ਹਾਲਤਾਂ ਦੇ ਤਮਾਮ ਫ਼ਾਇਦਿਆਂ ਨੂੰ ਤਾਂ ਕਾਇਮ ਰਖਣਾ ਚਾਹੁੰਦੇ ਹਨ, ਮਗਰ ਇਸ ਜਦੋਜਹਿਦ ਨੂੰ ਅਤੇ ਇਸ ਖ਼ਤਰਿਆਂ ਨੂੰ ਨਹੀਂ ਜੋ ਉਨ੍ਹਾਂ ਦਾ ਲਾਜ਼ਮੀ ਨਤੀਜਾ ਹਨ ਉਹ ਸਮਾਜ ਦੀ ਮੌਜੂਦਾ ਸੂਰਤੇ ਹਾਲ ਨੂੰ ਪਸੰਦ ਕਰਦੇ ਹਨ ਬਸ਼ਰਤੇ ਕਿ ਉਸ ਦੇ ਇਨਕਲਾਬੀ ਅਤੇ ਇੰਤਸ਼ਾਰ ਪੈਦਾ ਕਰਨ ਵਾਲੇ ਅਨਸ਼ਰਾਂ ਨੂੰ ਨਫ਼ੀ ਕਰ ਦਿੱਤਾ ਜਾਵੇਉਹ ਚਾਹੁੰਦੇ ਹਨ ਕਿ ਬੁਰਜ਼ੁਆ ਜਮਾਤ ਰਹੇ ਮਗਰ ਪ੍ਰੋਲਤਾਰੀ ਨਾ ਰਹੇ ਜ਼ਾਹਰ ਹੈ ਕਿ ਬੁਰਜ਼ੁਆਜ਼ੀ ਦੀ ਨਜ਼ਰ ਵਿੱਚ ਸਭ ਤੋਂ ਅਛੀ ਦੁਨੀਆ ਉਹੀ ਹੋਵੇਗੀ ਜਿਸ ਵਿੱਚ ਖ਼ੁਦ ਇਸ ਦੀ ਸਰਬ ਉੱਚਤਾ ਹੋਵੇ ਅਤੇ ਬੁਰਜ਼ੁਆ ਸੋਸ਼ਲਿਜ਼ਮ ਇਸ ਸੁਖਦਾਈ ਖਿਆਲ ਨੂੰ ਵਿਕਸਤ ਕਰਕੇ ਘੱਟ ਵਧ ਕਈ ਮੁਕੰਮਲ ਪ੍ਰਬੰਧਾਂ ਵਿੱਚ ਢਾਲ ਲੈਂਦਾ ਹੈ ਮਜਦੂਰਾਂ ਨੂੰ ਜਦੋਂ ਉਸ ਵਲੋਂ ਤਜਵੀਜ਼ ਦਿੱਤੀ ਜਾਂਦੀ ਹੈ ਕਿ ਇਸ ਪ੍ਰਬੰਧ ਨੂੰ ਅਮਲ ਵਿੱਚ ਰੂਪਮਾਨ ਕਰਨ ਅਤੇ ਬੈਠੇ ਬਿਠਾਏ ਇਕ ਨਵੀਂ ਜੰਨਤ ਵਿੱਚ ਪਹੁੰਚ ਜਾਣ ਤਾਂ ਹਕੀਕਤ ਵਿੱਚ ਕਹਿਣ ਦੀ ਗ਼ਰਜ਼ ਇਹ ਹੁੰਦੀ ਹੈ ਕਿ ਪ੍ਰੋਲਤਾਰੀ ਮੌਜੂਦਾ ਸਮਾਜ ਦੇ ਦਾਇਰੇ ਦੇ ਅੰਦਰ ਰਹਿਣ ਮਗਰ ਬੁਰਜ਼ੁਆ ਜਮਾਤ ਬਾਰੇ ਨਫ਼ਰਤ ਭਰੇ ਖ਼ਿਆਲ ਆਪਣੇ ਦਿਮਾਗ਼ ਵਿਚੋਂ ਕੱਢ ਦੇਣ

ਇਸ ਸੋਸ਼ਲਿਜ਼ਮ ਦੀ ਇਕ ਹੋਰ ਜ਼ਿਆਦਾ ਅਮਲੀ ਸੂਰਤ ਹੈ ਲੇਕਿਨ ਇਸ ਵਿੱਚ ਤਰਤੀਬੀ ਸਿਲਸਲੇ ਦੀ ਕਮੀ ਹੈ ਉਹ ਮਜ਼ਦੂਰ ਜਮਾਤ ਦੀਆਂ ਨਜ਼ਰਾਂ ਵਿੱਚ ਹਰ ਇਨਕਲਾਬੀ ਤਹਿਰੀਕ ਦੀ ਵੁੱਕਤ ਘੱਟ ਕਰਨ ਦੇ ਲਈ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਮਹਿਜ਼ ਕਿਸੇ ਸਿਆਸੀ ਸੁਧਾਰ ਨਾਲ ਨਹੀਂ ਬਲਕਿ ਜਿੰਦਗੀ ਦੀਆਂ ਪਦਾਰਥਕ ਹਾਲਤਾਂ ਨੂੰ ਅਤੇ ਆਰਥਕ ਰਿਸ਼ਤਿਆਂ ਨੂੰ ਬਦਲਣ ਨਾਲ ਹੀ ਕੁੱਝ ਫ਼ਾਇਦਾ ਹੋ ਸਕਦਾ ਹੈ ਲੇਕਿਨ ਜਿੰਦਗੀ ਦੀਆਂ ਪਦਾਰਥਕ ਹਾਲਤਾਂ ਨੂੰ ਬਦਲਣ ਦੀ ਇਸ ਸੋਸ਼ਲਿਜ਼ਮ ਦੀ ਇੱਛਾ ਹਰਗਿਜ਼ ਇਹ ਨਹੀਂ ਹੁੰਦੀ ਕਿ ਪੈਦਾਵਾਰ ਦੇ ਬਰਜ਼ੁਵਾ ਤਾਲੁਕਾਤ ਮਿਟਾ ਦਿੱਤੇ ਜਾਣ ਇਹ ਕੰਮ ਤਾਂ ਸਿਰਫ਼ ਇਨਕਲਾਬ ਦੇ ਜ਼ਰੀਏ ਹੀ ਪੂਰਾ ਹੋ ਸਕਦਾ ਹੈ ਇਸ ਦਾ ਮਤਲਬ ਮੌਜੂਦਾ ਰਿਸ਼ਤਿਆਂ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੀ ਬੁਨਿਆਦ ਉਤੇ ਪ੍ਰਬੰਧ ਵਿੱਚ ਸੁਧਾਰ ਕਰਨਾ ਹੁੰਦਾ ਹੈ ਇਸ ਸੁਧਾਰ ਨਾਲ ਸਰਮਾਏ ਅਤੇ ਮਿਹਨਤ ਦੇ ਰਿਸ਼ਤੇ ਤੇ ਕੋਈ ਅਸਰ ਨਹੀ ਪੈਂਦਾ, ਬਲਕਿ ਬਹੁਤਾ ਹੋਇਆ ਤਾਂ ਬੁਰਜ਼ੁਆ ਹਕੂਮਤ ਦੇ ਖ਼ਰਚਿਆਂ ਵਿੱਚ ਕਮੀ ਹੋ ਸਕਦੀ ਹੈ ਅਤੇ ਉਸ ਦੀ ਪ੍ਰਬੰਧਕੀ ਕਾਰਗੁਜ਼ਾਰੀ ਵਿੱਚ ਵਧੇਰੇ ਸਹੂਲਤ ਅਤੇ ਸਾਦਗੀ ਪੈਦਾ ਹੋ ਸਕਦੀ ਹੈ

ਬੁਰਜ਼ੁਆ ਸੋਸ਼ਲਜ਼ਮ ਦਾ ਅਸਲੀ ਇਜ਼ਹਾਰ ਉਸ ਵਕਤ ਅਤੇ ਸਿਰਫ਼ ਉਸ ਵਕਤ ਹੁੰਦਾ ਹੈ ਜਦੋਂ ਉਹ ਮਹਿਜ਼ ਇਕ ਬਿੰਬ ਬਿਆਨ ਦੀ ਸੂਰਤ ਵਿੱਚ ਪੇਸ਼ ਕੀਤਾ ਜਾਂਦਾ ਹੈ

ਆਜ਼ਾਦ ਵਪਾਰ: ਮਜ਼ਦੂਰ ਜਮਾਤ ਦੀ ਭਲਾਈ ਦੇ ਲਈ ! ਹਿਫ਼ਾਜ਼ਤੀ ਮਹਿਸੂਲ : ਮਜ਼ਦੂਰ ਜਮਾਤ ਦੀ ਭਲਾਈ ਦੇ ਲਈ ! ਜੇਲ੍ਹ ਸੁਧਾਰ : ਮਜ਼ਦੂਰ ਜਮਾਤ ਦੀ ਭਲਾਈ ਦੇ ਲਈ ਬੁਰਜ਼ੁਆ ਸੋਸ਼ਲਿਜ਼ਮ ਦਾ ਆਖਰੀ ਅੱਖਰ ਇਹੀ ਹੈ ਅਤੇ ਇਹੀ ਇਕ ਅਜਿਹਾ ਅੱਖਰ ਹੈ ਜਿਸ ਨੂੰ ਇਸ ਨੇ ਗੰਭੀਰਤਾ ਨਾਲ ਲਿਆ ਹੈ ਇਸ ਦਾ ਨਿਚੋੜ ਇਸ ਵਾਕੰਸ਼ ਵਿੱਚ ਮੌਜੂਦ ਹੈ : ਬੁਰਜ਼ੁਆ ਬੁਰਜ਼ੁਆ ਹੈ , ਮਜ਼ਦੂਰ ਜਮਾਤ ਦੀ ਭਲਾਈ ਦੇ ਲਈ !

੩.ਆਲੋਚਨਾਤਮਕ-ਯੂਟੋਪੀਆਈ ਸੋਸ਼ਲਿਜ਼ਮ ਅਤੇ ਕਮਿਊਨਿਜ਼ਮ

ਅਸੀ ਇੱਥੇ ਉਸ ਸਾਹਿਤ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੇ ਜਿਸ ਨੇ ਅੱਜ ਕਲ ਦੇ ਹਰ ਵੱਡੇ ਇਨਕਲਾਬ ਵਿੱਚ ਪਰੋਲਤਾਰੀ ਦੀਆਂ ਮੰਗਾਂ ਦੀ ਅਵਾਜ਼ ਬੁਲੰਦ ਕੀਤੀ ਹੈ ਅਤੇ ਜਿਸ ਦੀ ਮਿਸਾਲ ਬਾਬਿਓਫ਼ ਵਗ਼ੈਰਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ

ਪਰੋਲਤਾਰੀ ਵਲੋਂ ਆਪਣੇ ਮਕਸਦਹਾਸਲ ਕਰਨ ਲਈ ਪਹਿਲੀਆਂ ਸਿਧੀਆਂ ਕੋਸ਼ਿਸ਼ਾਂ ਉਸ ਵਕਤ ਕੀਤੀਆਂ ਗਈਆਂ ਜਦੋਂ ਹਰ ਤਰਫ਼ ਹਲਚਲ ਮੱਚੀ ਹੋਈ ਸੀ ਅਤੇ ਜਾਗੀਰਦਾਰ ਸਮਾਜ ਨੂੰ ਉਲਟਾਇਆ ਜਾ ਰਿਹਾ ਸੀਉਹਨਾਂ ਕੋਸ਼ਿਸ਼ਾਂ ਦਾ ਨਾਕਾਮ ਰਹਿਣਾ ਲਾਜ਼ਮੀ ਸੀ ਕਿਉਂਕਿ ਉਸ ਵਕਤ ਮਜ਼ਦੂਰ ਜਮਾਤ ਨੇ ਜ਼ਿਆਦਾ ਤਰਕੀ ਨਹੀਂ ਕੀਤੀ ਸੀ ਉਸ ਦੀ ਨਜਾਤ ਦੇ ਲਈ ਜੋ ਆਰਥਕ ਹਾਲਤਾਂ ਜਰੂਰੀ ਹਨ ਉਹ ਵੀ ਮੌਜੂਦ ਨਾ ਸਨ ਉਨ੍ਹਾਂ ਨੇ ਅਜੇ ਵਜੂਦ ਵਿੱਚ ਆਉਣਾ ਸੀ ਅਤੇ ਆਉਣ ਵਾਲਾ ਬੁਰਜ਼ੁਆ ਦੌਰ ਹੀ ਉਨ੍ਹਾਂ ਨੂੰ ਵਜੂਦ ਵਿੱਚ ਲਿਆ ਸਕਦਾ ਸੀ ਪਰੋਲਤਾਰੀ ਦੀਆਂ ਇਹਨਾਂ ਅਰੰਭਕ ਤਹਿਰੀਕਾਂ ਦੇ ਨਾਲ ਜੋ ਇਨਕਲਾਬੀ ਸਾਹਿਤ ਪੈਦਾ ਹੋਇਆ , ਉਸ ਦਾ ਖਾਸਾ ਲਾਜ਼ਮਨ ਰਜਾਤ ਪਸੰਦ ਸੀ ਇਸ ਨੇ ਦੁਨੀਆਵੀ ਸੰਨਿਆਸ ਅਤੇ ਨਿਹਾਇਤ ਅਨਘੜ ਕਿਸਮ ਦੀ ਸਮਾਜੀ ਬਰਾਬਰੀ ਦੀ ਸਿਖਿਆ ਦਿੱਤੀ

ਸਾਂ ਸਾਈਮਨ ਫ਼ੋਰੀਏ ਅਤੇ ਓਵਨ ਵਗ਼ੈਰਾ ਦੀਆਂ ਸੋਸ਼ਲਿਸਟ ਅਤੇ ਕਮਿਊਨਿਸਟ ਪ੍ਰਣਾਲੀਆਂ ਜਿਹਨਾਂ ਨੂੰ ਵਾਜਬ ਤੌਰ ਤੇ ਇਉਂ ਪੁਕਾਰਿਆ ਜਾ ਸਕਦਾ ਹੈ ਉਸ ਜ਼ਮਾਨੇ ਵਿੱਚ ਪੈਦਾ ਹੋਈਆਂ ਸਨ ਜਦੋਂ ਪਰੋਲਤਾਰੀ ਅਤੇ ਬੁਰਜ਼ੁਆ ਜਮਾਤ ਦੇ ਦਰਮਿਆਨ ਜਦੋਜਹਿਦ ਨਿਹਾਇਤ ਅਰੰਭਕ ਅਤੇ ਅਵਿਕਸਤ ਹਾਲਤ ਵਿੱਚ ਸੀ ਇਸ ਦਾ ਜ਼ਿਕਰ ਉਪਰ ਆ ਚੁੱਕਾ ਹੈ (ਦੇਖੋ ਭਾਗ ਪਹਿਲਾ,"ਬੁਰਜੂਆਜ਼ੀ ਅਤੇ ਪ੍ਰੋਲਤਾਰੀ")

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਪ੍ਰਣਾਲੀਆਂ ਦੇ ਬਾਨੀ ਜਮਾਤੀ ਵਿਰੋਧਾਂ ਤੋਂ ਬੇ ਖ਼ਬਰ ਨਹੀਂ ਸਨ ਉਹਨਾਂ ਨੇ ਉਹਨਾਂ ਅਨਸ਼ਰਾਂ ਨੂੰ ਵੀ ਵੇਖਿਆ ਸੀ ਜਿਨ੍ਹਾਂ ਦੇ ਅਮਲ ਨਾਲ ਮੌਜੂਦਾ ਸਮਾਜ ਵਿੱਚ ਇੰਤਸ਼ਾਰ ਪੈਦਾ ਹੋ ਰਿਹਾ ਸੀ ਲੇਕਿਨ ਪਰੋਲਤਾਰੀ ਉਸ ਵਕਤ ਤੱਕ ਆਪਣੇ ਬਾਲਪਨ ਦੇ ਆਲਮ ਵਿੱਚ ਸੀ ਅਤੇ ਉਸ ਵਿੱਚ ਉਨ੍ਹਾਂ ਨੂੰ ਕੋਈ ਲੱਛਣ ਨਜ਼ਰ ਨਹੀਂ ਆਏ ਜਿਹਨਾਂ ਤੋਂ ਪਤਾ ਲਗੇ ਕਿ ਇਸ ਜਮਾਤ ਵਿੱਚ ਇਤਹਾਸਕ ਪਹਿਲਕਦਮੀ ਜਾਂ ਆਜ਼ਾਦ ਸਿਆਸੀ ਤਹਿਰੀਕ ਦਾ ਮਾਦਾ ਮੌਜੂਦ ਹੈ

ਕਿਉਂਕਿ ਜਮਾਤੀ ਸੰਘਰਸ਼ ਦਾ ਵਿਕਾਸ ਸਨਅਤ ਦੀ ਤਰਕੀ ਦੇ ਨਾਲ ਕਦਮ ਮਿਲਾ ਕੇ ਚਲਦਾ ਹੁੰਦਾ ਹੈ , ਇਸ ਲਈ ਉਹਨਾਂ ਲੋਕਾਂ ਨੂੰ ਉਹ ਪਦਾਰਥਕ ਹਾਲਤਾਂ ਨਹੀਂ ਮਿਲੀਆਂ ਜੋ ਪਰੋਲਤਾਰੀ ਦੀ ਨਜਾਤ ਦੇ ਲਈ ਜਰੂਰੀ ਹਨ ਲਹਾਜ਼ਾ ਉਹ ਇਕ ਨਵੀਂ ਸਮਾਜੀ ਸਾਇੰਸ , ਨਵੇਂ ਸਮਾਜੀ ਕਾਨੂੰਨ ਦੀ ਖੋਜ ਕਰਨ ਲੱਗੇ ਜਿਸ ਨਾਲ ਇਹ ਹਾਲਤਾਂ ਪੈਦਾ ਕੀਤੀਆਂ ਜਾ ਸਕਣ

ਇਤਹਾਸਕ ਅਮਲ ਦੀ ਜਗਹਾ ਉਨ੍ਹਾਂ ਨੂੰ ਆਪਣੇ ਨਿਜੀ ਤੌਰ ਤੇ ਘੜੇ ਅਮਲ ਅੱਗੇ , ਨਜਾਤ ਦੀਆਂ ਇਤਹਾਸਕ ਤੌਰ ਤੇ ਪੈਦਾ ਹੋਣ ਵਾਲੀਆਂ ਹਾਲਤਾਂ ਦੀ ਜਗਹਾ ਖ਼ਿਆਲੀ ਹਾਲਤਾਂ ਅੱਗੇ , ਅਤੇ ਪਰੋਲਤਾਰੀ ਦੀ ਸਹਿਜੇ ਸਹਿਜੇ ਆਪ ਮੁਹਾਰੇ ਤੌਰ ਤੇ ਜਮਾਤੀ ਤਨਜ਼ੀਮ ਦੀ ਜਗਹਾ ਸਮਾਜ ਦੀ ਇਕ ਅਜਿਹੀ ਤਨਜ਼ੀਮ ਦੇ ਅੱਗੇ- ਜਿਸ ਨੂੰ ਇਹਨਾਂ ਕਾਢਕਾਰਾਂ ਨੇ ਖਾਸ ਤੌਰ ਤੇ ਤੀਆਰ ਕੀਤਾ ਹੈ- ਝੁਕਣਾ ਜਰੂਰੀ ਹੋ ਜਾਂਦਾ ਹੈ ਉਹਨਾਂ ਦੇ ਖ਼ਿਆਲ ਵਿੱਚ ਭਵਿੱਖ ਦਾ ਇਤਹਾਸ ਉਹਨਾਂ ਦੇ ਸਮਾਜੀ ਮਨਸੂਬਿਆਂ ਦਾ ਪ੍ਰਾਪੇਗੰਡਾ ਅਤੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਬਣ ਜਾਂਦਾ ਹੈ

ਅਪਣੀ ਤਜਵੀਜ਼ਾਂ ਨੂੰ ਸੂਤਰਬਧ ਕਰਦੇ ਹੋਏ ਉਹ ਸੁਚੇਤ ਹੁੰਦੇ ਹਨ ਕਿ ਸਭ ਤੋਂ ਜ਼ਿਆਦਾ ਮੁਸੀਬਤ ਜ਼ਦਾ ਜਮਾਤ ਹੋਣ ਦੇ ਨਾਤੇ ਮਜ਼ਦੂਰ ਜਮਾਤ ਦੇ ਮੁਫ਼ਾਦ ਦਾ ਖਾਸ ਧਿਆਨ ਰਖਿਆ ਜਾਵੇ ਉਹਨਾਂ ਦੀ ਨਜ਼ਰ ਵਿੱਚ ਪਰੋਲਤਾਰੀ ਦਾ ਵਜੂਦ ਸਿਰਫ਼ ਸਭ ਤੋਂ ਜ਼ਿਆਦਾ ਮੁਸੀਬਤ ਦੀ ਮਾਰੀ ਹੋਈ ਜਮਾਤ ਹੋਣ ਦੇ ਨਜ਼ਰੀਏ ਤੋਂ ਹੀ ਹੁੰਦਾ ਹੈ

ਜਮਾਤੀ ਜਦੋ ਜਹਿਦ ਦੀ ਅਵਿਕਸਤ ਹਾਲਤ ਅਤੇ ਫਿਰ ਇਸ ਦੀਆਂ ਆਪਣੀਆਂ ਜੀਵਨ ਹਾਲਤਾਂ ਦਾ ਨਤੀਜਾ ਇਹ ਹੁੰਦਾ ਹੈ ਕਿ ਇਸ ਕਿਸਮ ਦੇ ਸੋਸ਼ਲਿਸਟ ਆਪਣੇ ਆਪ ਨੂੰ ਤਮਾਮ ਜਮਾਤੀ ਵਖਰੇਵਿਆਂ ਤੋਂ ਬਹੁਤ ਉੱਚਾ ਸਮਝਣ ਲੱਗਦੇ ਹਨ ਉਹ ਸਮਾਜ ਦੇ ਹਰ ਮੈਂਬਰ ਦੀ ਹਾਲਤ ਸੁਧਾਰਨਾ ਚਾਹੁੰਦੇ ਹਨ , ਉਹਨਾਂ ਦੀ ਵੀ ਜਿਹਨਾਂ ਨੂੰ ਦੁਨੀਆਂ ਦੀ ਹਰ ਨੇਹਮਤ ਹਾਸਲ ਹੈ ਇਸ ਲਈ ਉਹ ਆਦਤ ਮੂਜਬ ਜਮਾਤੀ ਲਿਹਾਜ਼ ਲਾਂਭੇ ਰੱਖ ਕੇ ਪੂਰੇ ਸਮਾਜ ਨੂੰ ਅਪੀਲ ਕਰਦੇ ਹਨ ਏਨਾ ਹੀ ਨਹੀਂ ਬਲਕਿ ਹੁਕਮਰਾਨ ਜਮਾਤ ਨੂੰ ਜ਼ਿਆਦਾ ਤਰਜੀਹੀ ਪਾਤਰ ਸਮਝਦੇ ਹਨ
ਉਨ੍ਹਾਂ ਦਾ ਖ਼ਿਆਲ ਹੈ ਕਿ ਇਕ ਵਾਰ ਇਸ ਦੇ ਨਿਜ਼ਾਮ ਨੂੰ ਸਮਝ ਲੈਣ ਦੇ ਬਾਅਦ ਕਿਵੇਂ ਕੋਈ ਸ਼ਖ਼ਸ ਮੁਨਕਰ ਹੋ ਸਕਦਾ ਹੈ ਕਿ ਸਮਾਜ ਦੀ ਬਿਹਤਰੀਨ ਹਾਲਤ ਦਾ ਬਿਹਤਰੀਨ ਮਨਸੂਬਾ ਇਹ ਨਹੀਂ ਹੈ ਇਸ ਲਈ ਇਹਨਾਂ ਤਜਵੀਜ਼ਾਂ ਦਾ ਖਾਸਾ ਮਹਿਜ਼ ਯੂਟੋਪੀਆਈ ਹੈ ਹੁਕਮਰਾਨ ਜਮਾਤਾਂ ਨੂੰ ਕਮਿਊਨਿਸਟ ਇਨਕਲਾਬ ਦੇ ਖ਼ੌਫ਼ ਨਾਲ ਕੰਬਣ ਦਿਓ

ਇਸ ਲਈ ਉਹ ਤਮਾਮ ਸਿਆਸੀ ਅਤੇ ਖ਼ਾਸਕਰ ਇਨਕਲਾਬੀ ਅਮਲ ਨੂੰ ਠੁਕਰਾਉਂਦੇ ਹਨ ਉਹ ਪੁਰਅਮਨ ਤਰੀਕਿਆਂ ਨਾਲ- ਜਿਹਨਾਂ ਦਾ ਅੰਜਾਮ ਨਾਕਾਮੀ ਦੇ ਸਿਵਾ ਹੋਰ ਕੁੱਝ ਨਹੀਂ ਹੋ ਸਕਦਾ-ਆਪਣੇ ਮਕਸਦ ਪੂਰਾ ਕਰਨਾ ਚਾਹੁੰਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਮਿਸਾਲ ਕਾਇਮ ਕਰਨ ਦੀ ਸ਼ਕਤੀ ਨਾਲ ਨਵੇਂ ਸਮਾਜੀ ਉਪਦੇਸ਼ ਲਈ ਰਸਤਾ ਸਾਫ਼ ਕਰਨ

ਆਉਣ ਵਾਲੇ ਸਮਾਜ ਦੀਆਂ ਇਹ ਵਚਿਤਰ ਖ਼ਿਆਲੀ ਤਸਵੀਰਾਂ ਉਸ ਵਕਤ ਖਿਚੀਆਂ ਗਈਆਂ ਸਨ ਜਦੋਂ ਪਰੋਲਤਾਰੀ ਅਜੇ ਬਹੁਤ ਪਛੜੀ ਹੋਈ ਹਾਲਤ ਵਿੱਚ ਸੀ ਅਤੇ ਖ਼ੁਦ ਇਸ ਦੇ ਜ਼ਿਹਨ ਵਿੱਚ ਆਪਣੀ ਹੈਸੀਅਤ ਦੇ ਬਾਰੇ ਵਚਿਤਰ ਤਰ੍ਹਾਂ ਦੇ ਖ਼ਿਆਲ ਭਰੇ ਹੋਏ ਸਨ ਇਹ ਸਮਾਜ ਦੇ ਆਮ ਪੁਨਰ ਨਿਰਮਾਣ ਦੀਆਂ ਉਸ ਜਮਾਤ ਦੀਆਂ ਅਰੰਭਕ ਸਹਿਜ ਤਮੰਨਾਵਾਂ ਨਾਲ ਮੇਲ ਖਾਂਦੀਆਂ ਹਨ

ਲੇਕਿਨ ਇਹਨਾਂ ਸੋਸ਼ਲਿਸਟ ਅਤੇ ਕਮਿਊਨਿਸਟ ਪ੍ਰਕਾਸ਼ਨਾਵਾਂ ਵਿੱਚ ਇਕ ਆਲੋਚਨਾਤਮਕ ਅੰਸ਼ ਵੀ ਮੌਜੂਦ ਹੈ ਉਹ ਮੌਜੂਦਾ ਸਮਾਜ ਦੇ ਹਰ ਅਸੂਲ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੀਆਂ ਹਨ ਲਿਹਾਜ਼ਾ ਮਜ਼ਦੂਰ ਜਮਾਤ ਦੀ ਚੇਤਨਾ ਰੌਸ਼ਨ ਕਰਨ ਲਈ ਇਹਨਾਂ ਵਿੱਚ ਨਿਹਾਇਤ ਵਡਮੁਲਾ ਮਸਾਲਾ ਭਰਿਆ ਪਿਆ ਹੈ ਇਸ ਵਿੱਚ ਜੋ ਅਮਲੀ ਤਦਬੀਰਾਂ ਪੇਸ਼ ਕੀਤੀਆਂ ਗਈਆਂ ਹਨ-ਮਸਲਨ ਇਹ ਕਿ ਸ਼ਹਿਰ ਅਤੇ ਪਿੰਡ ਦੀ ਤਮੀਜ਼ ਦਾ , ਖ਼ਾਨਦਾਨ ਦਾ , ਵਿਅਕਤੀਆਂ ਦੇ ਜਾਤੀ ਫ਼ਾਇਦੇ ਦੇ ਲਈ ਸਨਅਤੀ ਕਾਰੋਬਾਰ ਦਾ ਅਤੇ ਉਜਰਤੀ ਨਿਜ਼ਾਮ ਦਾ ਖਾਤਮਾ , ਸਮਾਜੀ ਇੱਕਸੁਰਤਾ ਦਾ ਐਲਾਨ , ਰਿਆਸਤ ਦੇ ਕੰਮਕਾਜ਼ ਘਟਾ ਕੇ ਉਸ ਨੂੰ ਮਹਿਜ਼ ਪੈਦਾਵਾਰ ਦਾ ਨਿਗਰਾਨ ਬਣਾਉਣਾ-ਇਹ ਸਭ ਤਜਵੀਜ਼ਾਂ ਸਿਰਫ਼ ਇਹ ਦੱਸ ਰਹੀਆਂ ਹਨ ਕਿ ਜਮਾਤੀ ਵੈਰ ਵਿਰੋਧ ਨਹੀਂ ਰਹਿਣੇ ਮਗਰ ਉਸ ਵਕਤ ਸਿਰਫ਼ ਉਹਨਾਂ ਨੇ ਅਜੇ ਉੱਭਰਨਾ ਸ਼ੁਰੂ ਹੀ ਕੀਤਾ ਸੀ ਅਤੇ ਇਹਨਾਂ ਪ੍ਰਕਾਸ਼ਨਾਵਾਂ ਵਿੱਚ ਉਹਨਾਂ ਨੂੰ ਬਿਲਕੁਲ ਮੁਢਲੇ ਅਨਿਖਰਵੇਂ ਅਤੇ ਅਪ੍ਰਿਭਾਸ਼ਿਤ ਰੂਪਾਂ ਵਿੱਚ ਹੀ ਪ੍ਰਵਾਨ ਕੀਤਾ ਗਿਆ ਹੈ

ਆਲੋਚਨਾਤਮਕ-ਯੂਟੋਪੀਆਈ ਸੋਸ਼ਲਿਜ਼ਮ ਅਤੇ ਕਮਿਊਨਿਜ਼ਮ ਦੀ ਅਹਿਮੀਅਤ ਅਤੇ ਇਤਹਾਸਕ ਵਿਕਾਸ ਦਾ ਆਪੋ ਵਿੱਚ ਉਲਟ ਤਾਅਲੁਕ ਹੈ ਜਿਸ ਅਨੁਪਾਤ ਨਾਲ ਆਧੁਨਿਕ ਜਮਾਤੀ ਜਦੋਜਹਿਦ ਵਿਕਾਸ ਕਰਦੀ ਹੈ ਅਤੇ ਨਿਖਰਵੀਂ ਸ਼ਕਲ ਇਖਤਿਆਰ ਕਰਦੀ ਹੈ ਉਸਦੇ ਸਮਾਨੁਪਾਤ ਇਸ ਦੀ ਬੇ ਬੁਨਿਆਦ ਅਲਹਿਦਗੀ ਅਤੇ ਉਸ ਦੀ ਬੇਸਿਰ ਪੈਰ ਮੁਖ਼ਾਲਫ਼ਤ ਆਪਣੀ ਸਾਰੀ ਅਮਲੀ ਕਦਰ ਕੀਮਤ ਅਤੇ ਸਾਰੀ ਸਿਧਾਂਤਕ ਤਰਕਸ਼ੀਲਤਾ ਗੁਆ ਲੈਂਦੀ ਹੈ ਨਤੀਜਾ ਇਹ ਹੈ ਕਿ ਚਾਹੇ ਇਹਨਾਂ ਪ੍ਰਣਾਲੀਆਂ ਦੇ ਬਾਨੀ ਕਈ ਪੱਖਾਂ ਤੋਂ ਇਨਕਲਾਬੀ ਸਨ ਮਗਰ ਉਹਨਾਂ ਦੇ ਪੈਰੋਕਾਰਾਂ ਨੇ ਹਰ ਸੂਰਤ ਵਿੱਚ ਮਹਜ਼ ਰਜਾਤ ਪਸੰਦ ਫਿਰਕਿਆਂ ਦਾ ਹੀ ਨਿਰਮਾਣ ਕੀਤਾ ਉਹ ਮਜ਼ਦੂਰ ਜਮਾਤ ਦੇ ਤਰੱਕੀ ਪਸੰਦ ਇਤਹਾਸਕ ਵਿਕਾਸ ਦੇ ਖਿਲਾਫ਼ ਆਪਣੇ ਉਸਤਾਦਾਂ ਦੇ ਮੌਲਿਕ ਖ਼ਿਆਲਾਂ ਨੂੰ ਚਿੰਬੜੇ ਰਹਿੰਦੇ ਹਨ ਇਸ ਲਈ ਉਹ ਜਮਾਤੀ ਕਸ਼ਮਕਸ਼ ਨੂੰ ਖ਼ਤਮ ਕਰਨ ਅਤੇ ਜਮਾਤੀ ਵੀ ਵਿਰੋਧਾਂ ਦੀ ਸੁਲਾਹ ਕਰਾਉਣ ਦੀ ਕੋਸ਼ਿਸ਼ ਤੇ ਉਹ ਵੀ ਲਗਾਤਾਰ ਕਰਦੇ ਰਹਿੰਦੇ ਹਨ ਉਹ ਹੁਣ ਤੱਕ ਵੀ ਆਪਣੇ ਤਜਰਬਿਆਂ ਦੇ ਜ਼ਰੀਏ ਆਪਣੇ ਸਮਾਜੀ ਯੂਟੋਪੀਆਈ ਮਨਸੂਬਿਆਂ ਨੂੰ ਪੂਰਾ ਕਰਨ ਦੇ ; ਵੱਖ ਵੱਖ” ਫ਼ਲਾਨਸਤਰ “ਕਾਇਮ ਕਰਨ ਦੇ ,ਹੋਮ ਕਲੋਨੀਆਂ ਵਸਾਉਣ ਦੇ ; ਛੋਟੇ ਛੋਟੇ ਇਕੇਰੀਆ*ਕਾਇਮ ਕਰਨ ਦੇ ਖ਼ਾਬ ਦੇਖਦੇ ਹਨ ਨਵੇਂ ਯੇਰੂਸ਼ਲਮ ਦਾ ਮੁਖ਼ਤਸਰ ਨਮੂਨਾ ਬਨਾਉਣਾ ਚਾਹੁੰਦੇ ਹਨ

*[ ਫ਼ੋਰੀਏ ਨੇ ਸੋਸ਼ਲਿਸਟ ਕਲੋਨੀਆਂ ਦਾ ਮਨਸੂਬਾ ਬਣਾਇਆ ਸੀ ਜਿਨ੍ਹਾਂ ਨੂੰ ਫ਼ਲਾਨਸਤਰ ਕਿਹਾ ਜਾਂਦਾ ਸੀ ਕਾਬੇ ਨੇ ਆਪਣੀ ਖ਼ਿਆਲੀ ਕਮਿਊਨਿਸਟ ਕਾਲੋਨੀ ਬਸਾਈ ਤਾਂ ਉਸ ਦਾ ਇਹੀ ਨਾਮ ਇਕੇਰੀਆ ਪਿਆ ਅਤੇ ਬਾਅਦ ਵਿੱਚ ਆਪਣੀ ਅਮਰੀਕੀ ਕਮਿਊਨਿਸਟ ਬਸਤੀ ਨੂੰ ਇਹ ਨਾਂ ਦਿੱਤਾ(1888ਦੀ ਅੰਗ੍ਰੇਜ਼ੀ ਐਡੀਸਨ ਲਈ ਏਂਗਲਜ਼ ਦਾ ਨੋਟ) ਓਵਨ ਅਪਣੀਆਂ ਮਿਸਾਲੀ ਕਮਿਊਨਿਸਟ ਸੋਸਾਇਟੀਆਂ ਨੂੰ ਹੋਮ ਕਲੋਨੀਆਂ ਕਹਿੰਦਾ ਸੀ ਫ਼ੋਰੀਏ ਨੇ ਅਵਾਮੀ ਮਹਿਲਾਂ ਦਾ ਮਨਸੂਬਾ ਬਣਾਇਆ ਸੀ ਉਨ੍ਹਾਂ ਦਾ ਨਾਮ ਫ਼ਲਾਨਸਤਰ ਸੀ ਅਤੇ ਖ਼ਾਬ ਖ਼ਿਆਲਾਂ ਦੀ ਉਹ ਯੂਟੋਪੀਆਈ ਦੁਨੀਆ ਜਿਸ ਦੇ ਕਮਿਊਨਿਸਟ ਅਦਾਰਿਆਂ ਦੀ ਤਸਵੀਰ ਕਾਬੇ ਨੇ ਉਲੀਕੀ ਸੀ ਉਸ ਨੂੰ ਇਕੇਰੀਆ ਕਿਹਾ ਜਾਂਦਾ ਸੀ (1890ਦੀ ਜਰਮਨ ਐਡੀਸਨ ਲਈ ਏਂਗਲਜ਼ ਦਾ ਨੋਟ)]

ਅਤੇ ਇਹਨਾਂ ਤਮਾਮ ਹਵਾਈ ਕਿਲਿਆਂ ਦੀ ਉਸਾਰੀ ਦੇ ਲਈ ਮਜਬੂਰ ਹੁੰਦੇ ਹਨ ਕਿ ਬੁਰਜ਼ੁਆਜ਼ੀ ਦੇ ਜਜ਼ਬਾਤ ਨੂੰ ਅਪੀਲਾਂ ਕਰਨ ਅਤੇ ਉਸ ਦੇ ਥੈਲੀ ਸ਼ਾਹਾਂ ਦੇ ਸਾਹਮਣੇ ਹੱਥ ਫੈਲਾਉਣ ਇਸ ਤਰ੍ਹਾਂ ਰਫ਼ਤਾ ਰਫ਼ਤਾ ਉਹ ਵੀ ਇਸ ਰਜਾਤ ਪਸੰਦ ਜਾਂ ਰੂੜ੍ਹੀਵਾਦੀ ਸੋਸ਼ਲਿਸਟਾਂ ਦੇ ਜ਼ੁਮਰੇ ਵਿੱਚ ਜਾ ਮਿਲਦੇ ਹਨ ਜਿਹਨਾਂ ਦੀ ਤਸਵੀਰ ਉਪਰ ਉਲੀਕੀ ਗਈ ਹੈ ਫਰਕ ਸਿਰਫ਼ ਇਹ ਹੁੰਦਾ ਹੈ ਕਿ ਇਹ ਲੋਕ ਅਪਣੀ ਬਾਕਾਇਦਾ ਕਿਤਾਬ ਪ੍ਰਸਤੀ ਅਤੇ ਅਪਣੀ ਸਮਾਜੀ ਸਾਇੰਸ ਦੇ ਕਰਾਮਾਤੀ ਅਸਰ ਤੇ ਈਮਾਨ ਰੱਖਦੇ ਹਨ ਜੋ ਜ਼ਨੂਨ ਅਤੇ ਵਹਿਮਪ੍ਰਸਤੀ ਦੀ ਹੱਦ ਤੱਕ ਜਾ ਅੱਪੜਿਆ ਹੈ ਇਸ ਲਈ ਉਹ ਮਜ਼ਦੂਰ ਜਮਾਤ ਦੀ ਹਰ ਕਾਰਵਾਈ ਦੀ ਸ਼ਿਦਤ ਨਾਲ ਮੁਖ਼ਾਲਫ਼ਤ ਕਰਦੇ ਹਨ ਉਹਨਾਂ ਦੇ ਖ਼ਿਆਲ ਵਿੱਚ ਸਮਾਜੀ ਕਾਰਵਾਈ ਦਾ ਰਸਤਾ ਉਹੀ ਲੋਕ ਇਖ਼ਤਿਆਰ ਕਰ ਸਕਦੇ ਹਨ ਜੋ ਤਾਅਸੁਬ ਨਾਲ ਅੰਨ੍ਹੇਂ ਹੋ ਕੇ ਉਹਨਾਂ ਦੀ ਨਵੀਂ ਅੰਜੀਲ ਨੂੰ ਮੰਨਣ ਤੋਂ ਮੁਨਕਰ ਹੋ ਜਾਣ ਇਸ ਲਈ ਇੰਗਲਿਸਤਾਨ ਵਿੱਚ ਓਵਨਵਾਦੀ ਚਾਰਟਿਸਟਾਂ ਦੀ ਅਤੇ ਫ਼ਰਾਂਸ ਵਿੱਚ ਫ਼ੋਰੀਏ ਦੇ ਨਾਮ ਲੇਵਾ ਰਿਫਾਰਮਿਸਟਾਂ ਦੀ ਮੁਖ਼ਾਲਫ਼ਤ ਕਰਦੇ ਹਨ

ਦੂਜੀਆਂ ਮੁਖ਼ਾਲਿਫ਼ ਪਾਰਟੀਆਂ ਦੇ ਸੰਬੰਧ ਵਿੱਚ ਕਮਿਊਨਿਸਟਾਂ ਦੀ ਪੁਜੀਸ਼ਨ

ਦੂਜੇ ਭਾਗ ਵਿੱਚ ਵਜ਼ਾਹਤ ਕੀਤੀ ਜਾ ਚੁੱਕੀ ਹੈ ਕਿ ਮਜ਼ਦੂਰ ਜਮਾਤ ਦੀਆਂ ਮੌਜੂਦਾ ਪਾਰਟੀਆਂ ਨਾਲ ਜਿਵੇਂ ਇੰਗਲਿਸਤਾਨ ਵਿੱਚ ਚਾਰਟਿਸਟਾਂ ਅਤੇ ਉਤਰੀ ਅਮਰੀਕਾ ਵਿੱਚ ਜ਼ਰਈ ਸੁਧਾਰਕਾਂ ਨਾਲ ਕਮਿਊਨਿਸਟਾਂ ਦੇ ਤਾਲੁਕਾਤ ਕੀ ਹਨ

ਕਮਿਊਨਿਸਟ ਜਦੋਜਹਿਦ ਇਸ ਲਈ ਕਰਦੇ ਹਨ ਕਿ ਮਜ਼ਦੂਰ ਜਮਾਤ ਦੇ ਫ਼ੌਰੀ ਮਕਸਦ ਹਾਸਲ ਹੋਣ , ਇਸ ਦੇ ਆਰਜ਼ੀ ਮੁਫ਼ਾਦ ਪੂਰੇ ਕੀਤੇ ਜਾ ਸਕਣ ਲੇਕਿਨ ਹਾਲ ਦੀ ਤਹਿਰੀਕ ਵਿੱਚ ਉਹ ਇਸ ਤਹਿਰੀਕ ਦੇ ਭਵਿਖ ਦੀ ਵੀ ਤਰਜਮਾਨੀ ਕਰਦੇ ਹਨ ਅਤੇ ਉਸ ਦਾ ਧਿਆਨ ਰੱਖਦੇ ਹਨ ਫ਼ਰਾਂਸ ਵਿੱਚ ਕਮਿਊਨਿਸਟ ਰੂੜ੍ਹੀਵਾਦੀ ਅਤੇ ਰੈਡੀਕਲ ਬੁਰਜ਼ੁਆਜ਼ੀ ਦੇ ਖਿਲਾਫ ਸੋਸ਼ਲ ਡੀਮੋਕਰੇਟਾਂ ਨਾਲ ਏਕਾ ਕਰਦੇ ਹਨ ਮਗਰ ਇਨਕਲਾਬ ਫ਼ਰਾਂਸ ਤੋਂ ਪਰੰਪਰਾਗਤ ਤੌਰ ਤੇ ਮਿਲੀ ਲਫ਼ਾਜੀ ਅਤੇ ਭਰਮਾਂ ਦੇ ਬਾਰੇ ਆਲੋਚਨਾਤਮਕ ਪੁਜੀਸ਼ਨ ਲੈਣ ਦਾ ਹੱਕ ਉਹਨਾਂ ਨੇ ਨਹੀਂ ਛਡਿਆ

[ਇਸ ਪਾਰਟੀ ਦੀ ਨੁਮਾਇੰਦਗੀ ਉਸ ਸਮੇਂ ਪਾਰਲੀਮੈਂਟ ਵਿੱਚ ਲੀਦਰਿਊ-ਰੋਲੇਂ , ਸਾਹਿਤ ਵਿੱਚ ਲੂਈ ਬਲਾਂ , ਰੋਜ਼ਾਨਾ ਅਖ਼ਬਾਰਾ ਵਿੱਚ 'reforme' ਕਰਦੇ ਸਨ ਉਹਨਾਂ ਲੋਕਾਂ ਲਈ ਸੋਸ਼ਲ ਡੈਮੋਕਰੇਸੀ ਦੇ ਲਫ਼ਜ਼ ਦਾ ਮਤਲਬ ਡੈਮੋਕਰੇਟਿਕ ਜਾਂ ਰਿਪਬਲਿਕਨ ਪਾਰਟੀ ਦਾ ਉਹ ਹਿੱਸਾ ਸੀ ਜਿਸ ਤੇ ਸੋਸ਼ਲਿਜ਼ਮ ਦਾ ਘੱਟ ਜਾਂ ਵਧ ਕੁੱਝ ਅਸਰ ਸੀ (1888ਦੀ ਅੰਗ੍ਰੇਜ਼ੀ ਐਡੀਸਨ ਲਈ ਏਂਗਲਜ਼ ਦਾ ਨੋਟ) ਫ਼ਰਾਂਸ ਵਿੱਚ ਇਸ ਦਿਨਾਂ ਜੋ ਪਾਰਟੀ ਆਪਣੇ ਤੁਹਾਨੂੰ ਸੋਸ਼ਲ ਡੈਮੋਕਰੇਟਿਕ ਕਹਿੰਦੀ ਸੀ , ਉਸ ਦੇ ਨੁਮਾਇੰਦੇ ਸਿਆਸੀ ਜਿੰਦਗੀ ਵਿੱਚ ਲੀਦਰਿਊ - ਰੋਲੇਂ , ਸਾਹਿਤ ਵਿੱਚ ਲੂਈ ਬਲਾਂ ਕਰਦੇ ਸਨ ਇਸ ਲਈ ਉਹ ਮੌਜੂਦਾ ਜ਼ਮਾਨੇ ਦੀ ਜਰਮਨ ਸੋਸ਼ਲ ਡੈਮੋਕਰੇਸੀ ਤੋਂ ਬਹੁਤ ਮੁਖ਼ਤਲਿਫ਼ ਸੀ(1890ਦੀ ਜਰਮਨ ਐਡੀਸਨ ਲਈ ਏਂਗਲਜ਼ ਦਾ ਨੋਟ)]

ਸਵਿਟਜ਼ਰਲੈਂਡ ਵਿੱਚ ਉਹ ਰੈਡੀਕਲ ਪਾਰਟੀ ਦੀ ਮਦਦ ਕਰਦੇ ਹਨ ਮਗਰ ਇਸ ਹਕੀਕਤ ਤੋਂ ਆਖਾਂ ਨਹੀਂ ਮੀਚਦੇ ਕਿ ਇਹ ਪਾਰਟੀ ਵਿਰੋਧੀ ਅੰਸ਼ਾਂ ਤੋਂ ਮਿਲ ਕੇ ਬਣੀ ਹੈ ਜਿਸ ਵਿੱਚ ਕੁੱਝ ਤਾਂ ਫ਼ਰਾਂਸੀਸੀ ਕਿਸਮ ਦੇ ਜਮਹੂਰੀ ਸੋਸ਼ਲਿਸਟ ਹਨ ਅਤੇ ਕੁੱਝ ਰੈਡੀਕਲ ਬੁਰਜ਼ੁਆ

ਪੋਲੈਂਡ ਵਿੱਚ ਉਹ ਉਸ ਪਾਰਟੀ ਦੀ ਮਦਦ ਕਰਦੇ ਹਨ ਜੋ ਜ਼ਰਈ ਇਨਕਲਾਬ ਤੇ ਜ਼ੋਰ ਦਿੰਦੀ ਹੈ ਕਿ ਇਹੀ ਕੌਮੀ ਨਜਾਤ ਦੀ ਪਹਿਲੀ ਸ਼ਰਤ ਹੈ 1846ਵਿੱਚ ਇਸ ਪਾਰਟੀ ਨੇ ਕਰਾਕਫ਼ ਵਿੱਚ ਬਗਾਵਤ ਦੀ ਅੱਗ ਭੜਕਾਈ ਸੀ

ਜਰਮਨੀ ਵਿੱਚ ਬੁਰਜ਼ੁਆ ਜਮਾਤ ਜਦੋਂ ਕਦੇ ਕਿਸੇ ਇਨਕਲਾਬੀ ਰਸਤੇ ਤੇ ਕਦਮ ਰੱਖਦੀ ਹੈ ਅਤੇ ਨਿਰੰਕੁਸ਼ ਬਾਦਸ਼ਾਹੀ, ਜਾਗੀਰਦਾਰ ਜ਼ਮੀਨਦਾਰੀ ਅਤੇ ਪੈਟੀ ਬੁਰਜ਼ੁਆਜ਼ੀ ਦੇ ਖਿਲਾਫ ਇਨਕਲਾਬੀ ਕਾਰਵਾਈ ਕਰਦੀ ਹੈ ਤਾਂ ਕਮਿਊਨਿਸਟ ਉਸ ਦੇ ਨਾਲ ਮਿਲ ਕੇ ਲੜਦੇ ਹਨ

ਲੇਕਿਨ ਇਕ ਲਮਹੇ ਦੇ ਲਈ ਵੀ ਉਹ ਬੁਰਜ਼ੁਆ ਅਤੇ ਪਰੋਲਤਾਰੀ ਦੀ ਬੁਨਿਆਦੀ ਦੁਸ਼ਮਣੀ ਦਾ ਖ਼ਿਆਲ ਨਿਹਾਇਤ ਸਪਸ਼ਟਤਾ ਦੇ ਨਾਲ ਮਜ਼ਦੂਰ ਜਮਾਤ ਦੇ ਦਿਲ ਵਿੱਚ ਬਿਠਾਉਣਾ ਬੰਦ ਨਹੀਂ ਕਰਦੇ ਤਾਂ ਕਿ ਜਦੋਂ ਵਕਤ ਆਏ ਤਾਂ ਜਰਮਨ ਮਜ਼ਦੂਰ ਇਸ ਸਮਾਜੀ ਅਤੇ ਸਿਆਸੀ ਹਾਲਾਤ ਨੂੰ ਜਿਸ ਨੂੰ ਬੁਰਜ਼ੁਆ ਜਮਾਤ ਆਪਣੇ ਗਲਬੇ ਦੇ ਨਾਲ ਨਾਲ ਲਾਜ਼ਮੀ ਕਾਇਮ ਕਰੇਗੀ , ਖ਼ੁਦ ਬੁਰਜ਼ੁਆ ਜਮਾਤ ਦੇ ਖਿਲਾਫ ਕਈ ਹਥਿਆਰ ਬਣਾ ਕੇ ਇਸਤੇਮਾਲ ਕਰਨ ਅਤੇ ਜਰਮਨੀ ਵਿੱਚ ਰਜਾਤ ਪਸੰਦ ਜਮਾਤਾਂ ਦੇ ਖਾਤਮੇ ਦੇ ਬਾਅਦ ਖ਼ੁਦ ਬੁਰਜ਼ੁਆ ਜਮਾਤ ਦੇ ਖਿਲਾਫ ਲੜਾਈ ਫ਼ੌਰਨ ਸ਼ੁਰੂ ਕਰ ਦਿੱਤੀ ਜਾਵੇ

ਕਮਿਊਨਿਸਟਾਂ ਦੀ ਨਜ਼ਰ ਸਭ ਤੋਂ ਜ਼ਿਆਦਾ ਜਰਮਨੀ ਤੇ ਲੱਗੀ ਹੋਈ ਹੈ ਕਿਉਂਕਿ ਇਸ ਮੁਲਕ ਵਿੱਚ ਬੁਰਜ਼ੁਆ ਇਨਕਲਾਬ ਦੀ ਘੜੀ ਆ ਪਹੁੰਚੀ ਹੈ ਅਤੇ ਇਹ ਇਨਕਲਾਬ ਲਾਜ਼ਮੀ ਯੂਰਪੀ ਤਹਿਜ਼ੀਬ ਦੀਆਂ ਬਹੁਤ ਜ਼ਿਆਦਾ ਤਰਕੀ ਯਾਫ਼ਤਾ ਹਾਲਤਾਂ ਵਿੱਚ ਅਤੇ ਇਕ ਅਜਿਹੇ ਪਰੋਲਤਾਰੀ ਦੇ ਨਾਲ ਹੋਵੇਗਾ ਜੋ ਸਤਾਰਵੀਂ ਸਦੀ ਦੇ ਇੰਗਲੈਂਡ ਅਤੇ ਅਠਾਰਵੀਂ ਸਦੀ ਦੇ ਫ਼ਰਾਂਸ ਦੇ ਪਰੋਲਤਾਰੀ ਦੇ ਮੁਕਾਬਲੇ ਬਹੁਤ ਅੱਗੇ ਵਧ ਚੁਕਾ ਹੈ ਅਤੇ ਦੂਜੇ ਇਸ ਲਈ ਵੀ ਕਿ ਜਰਮਨੀ ਵਿੱਚ ਬੁਰਜ਼ੁਆ ਇਨਕਲਾਬ ਆਪਣੇ ਫੌਰਨ ਬਾਅਦ ਆਉਣ ਵਾਲੇ ਪ੍ਰੋਲਤਾਰੀ ਇਨਕਲਾਬ ਦੀ ਭੂਮਿਕਾ ਸਾਬਤ ਹੋਵੇਗਾ

ਮੁਖ਼ਤਸਰ ਇਹ ਕਿ ਕਮਿਉਨਿਸਟ ਹਰ ਜਗ੍ਹਾ ਮੌਜੂਦ ਸਮਾਜੀ ਅਤੇ ਸਿਆਸੀ ਨਿਜ਼ਾਮ ਦੇ ਖ਼ਿਲਾਫ਼ ਹਰ ਇਨਕਲਾਬੀ ਤਹਿਰੀਕ ਦੀ ਮਦਦ ਕਰਦੇ ਹਨ

ਉਹ ਇਹਨਾਂ ਸਾਰੀਆਂ ਤਹਿਰੀਕਾਂ ਵਿੱਚ ਹਰੇਕ ਦੇ ਮੋਹਰੀ ਸਵਾਲ, ਯਾਨੀ ਮਲਕੀਅਤ ਦੇ ਸਵਾਲ, ਨੂੰ ਸਾਹਮਣੇ ਲਿਆਉਂਦੇ ਹਨ ਚਾਹੇ ਉਹ ਤਹਿਰੀਕ ਉਸ ਵਕਤ ਕਿਸੇ ਵੀ ਮਰਹਲੇ ਵਿੱਚ ਕਿਉਂ ਨਾ ਹੋਵੇ

ਅਤੇ ਸਭ ਤੋਂ ਆਖ਼ਿਰ ਵਿੱਚ ਇਹ ਕਿ ਕਮਿਉਨਿਸਟ ਹਮੇਸ਼ਾ ਤਮਾਮ ਮੁਲਕਾਂ ਦੀਆਂ ਜਮਹੂਰੀ ਪਾਰਟੀਆਂ ਵਿੱਚ ਏਕਾ ਅਤੇ ਸਮਝੌਤਾ ਕਾਇਮ ਕਰਨ ਲਈ ਕੋਸ਼ਿਸ਼ ਕਰਦੇ ਹਨ

ਆਪਣੇ ਖ਼ਿਆਲ ਅਤੇ ਮਕਸਦ ਛੁਪਾਉਣਾ ਕਮਿਊਨਿਸਟ ਅਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ ਉਹ ਖੁਲੇਆਮ ਐਲਾਨ ਕਰਦੇ ਹਨ ਕਿ ਉਹਨਾਂ ਦਾ ਅਸਲੀ ਮਕਸਦ ਤਦ ਹੀ ਪੂਰਾ ਹੋ ਸਕਦਾ ਹੈ ਜਦੋਂ ਮੌਜੂਦਾ ਸਮਾਜੀ ਨਿਜ਼ਾਮ ਦਾ ਤਖ਼ਤਾ ਜਬਰਦਸਤੀ ਉਲਟਾ ਦਿੱਤਾ ਜਾਏਗਾ ਮਜ਼ਦੂਰਾਂ ਕੋਲ ਆਪਣੀਆਂ ਜੰਜੀਰਾਂ ਦੇ ਸਿਵਾ ਗੁਆਉਣ ਵਾਸਤੇ ਕੁਝ ਨਹੀਂ ਹੈ ਅਤੇ ਜਿਤਣ ਵਾਸਤੇ ਸਾਰੀ ਦੁਨੀਆ ਪਈ ਹੈ

ਦੁਨੀਆ ਭਰ ਦੇ ਮਜ਼ਦੂਰੋ, ਇਕ ਹੋ ਜਾਓ !