Friday, January 8, 2010

ਮਾਰਕਸ ਦੀ ਕਬਰ 'ਤੇ ਏਂਗਲਜ਼ ਦੀ ਤਕਰੀਰ

14 ਮਾਰਚ ਨੂੰ ਪੌਣੇ ਤਿੰਨ ਵਜੇ ਸਾਡੇ ਸਭ ਤੋਂ ਮਹਾਨ ਜਿਊਂਦੇ ਵਿਚਾਰਵਾਨ ਦੀ ਹੋਂਦ ਨਾ ਰਹੀ। ਉਹਨੂੰ ਬਸ ਦੋ ਮਿੰਟ ਲਈ ਹੀ ਇਕੱਲਾ ਛੱਡਿਆ ਗਿਆ ਸੀ ਅਤੇ ਜਦੋਂ ਅਸੀਂ ਵਾਪਸ ਆਏ ਤਾਂ ਅਸਾਂ ਉਹਨੂੰ ਆਪਣੀ ਅਰਾਮ ਕੁਰਸੀ ਵਿੱਚ ਅਮਨ ਨਾਲ ਸੁੱਤੇ ਵੇਖਿਆ-ਪਰ ਸਦਾ ਲਈ।
ਇਸ ਮਨੁੱਖ ਦੀ ਮੌਤ ਨਾਲ ਯੂਰਪ ਅਤੇ ਅਮਰੀਕਾ ਦੇ ਲੜਾਕੂ ਪ੍ਰੋਲਤਾਰੀ ਅਤੇ ਇਤਿਹਾਸਕ ਵਿਗਿਆਨ ਦੁਹਾਂ ਨੂੰ ਅਸੀਮ ਨੁਕਸਾਨ ਪੁੱਜਾ ਹੈ। ਇਸ ਮਹਾਨ ਆਤਮਾ ਦੇ ਚਲੇ ਜਾਣ ਨਾਲ ਜਿਹੜਾ ਖੱਪਾ ਪਿਆ ਹੈ, ਉਹ ਛੇਤੀ ਹੀ ਆਪਣੇ-ਆਪ ਨੂੰ ਪ੍ਰਗਟ ਕਰੇਗਾ।
ਜਿਵੇਂ ਡਾਰਵਿਨ ਨੇ ਜੀਵੀ ਪ੍ਰਕਿਰਤੀ ਦੇ ਵਿਕਾਸ ਦੇ ਨਿਯਮ ਲੱਭੇ, ਐਨ ਉਸੇ ਤਰ੍ਹਾਂ ਮਾਰਕਸ ਨੇ ਮਨੁੱਖੀ ਇਤਿਹਾਸ ਦੇ ਵਿਕਾਸ ਦੇ ਨਿਯਮ ਲੱਭੇ, ਹੁਣ ਤੱਕ ਵਿਚਾਰਧਾਰਾ ਦੇ ਝਾੜ-ਬੂਟ ਹੇਠ ਲੁਕਿਆ ਇਹ ਸਾਦਾ ਤੱਥ ਕਿ ਇਸ ਤੋਂ ਪਹਿਲਾਂ ਕਿ ਉਹ ਰਾਜਨੀਤੀ, ਵਿਗਿਆਨ, ਕਲਾ, ਧਰਮ ਆਦਿ ਵਿੱਚ ਹਿੱਸਾ ਲਵੇ, ਇਹ ਲਾਜ਼ਮੀ ਹੈ ਕਿ ਮਨੁੱਖ ਜਾਤੀ ਸਭ ਤੋਂ ਪਹਿਲਾਂ ਖਾਵੇ, ਪੀਵੇ ਅਤੇ ਉਹਦੇ ਕੋਲ ਵਸੇਬਾ ਅਤੇ ਕੱਪੜੇ ਹੋਣ; ਕਿ ਇਸੇ ਲਈ ਨਿਰਬਾਹ ਦੇ ਫੌਰੀ ਸਾਧਨਾਂ ਦਾ ਉਤਪਾਦਨ ਅਤੇ ਇਹਦੇ ਸਿੱਟੇ ਵਜੋਂ ਕਿਸੇ ਖਾਸ ਕੌਮ ਵੱਲੋਂ ਜਾਂ ਕਿਸੇ ਖਾਸ ਯੁੱਗ ਵਿੱਚ ਪ੍ਰਾਪਤ ਕੀਤੀ ਆਰਥਿਕ ਵਿਕਾਸ ਦੀ ਪੱਧਰ ਉਹ ਆਧਾਰ ਬਣਦੇ ਹਨ, ਜਿਨ੍ਹਾਂ ਉੱਤੇ ਸੰਬੰਧਤ ਲੋਕਾਂ ਦੀਆਂ ਰਾਜ ਦੀਆਂ ਸੰਸਥਾਵਾਂ, ਕਾਨੂੰਨੀ ਸੰਕਲਪ, ਕਲਾ ਅਤੇ ਇੱਥੋਂ ਤੱਕ ਕਿ ਧਰਮ ਸੰਬੰਧੀ ਵਿਚਾਰ ਵਿਕਸਤ ਹੁੰਦੇ ਹਨ ਅਤੇ ਜਿਨ੍ਹਾਂ ਦੀ, ਇਸੇ ਲਈ, ਉਨ੍ਹਾਂ ਦੀ ਰੌਸ਼ਨੀ ਵਿੱਚ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ,ਨਾ ਕਿ ਇਹਦੇ ਉਲਟ, ਜਿਵੇਂ ਹੁਣ ਤੱਕ ਕੀਤਾ ਜਾਂਦਾ ਰਿਹਾ ਹੈ।
ਪਰ ਇਹੋ ਸਭ ਕੁਝ ਨਹੀਂ। ਮਾਰਕਸ ਨੇ ਉਤਪਾਦਨ ਦੇ ਅਜੋਕੇ ਸਰਮਾਏਦਾਰ ਢੰਗ ਅਤੇ ਉਤਪਾਦਨ ਦੇ ਇਸ ਢੰਗ ਨੇ ਜਿਹੜਾ ਸਰਮਾਏਦਾਰ ਸਮਾਜ ਸਿਰਜਿਆ ਹੈ, ਉਹਦੇ ਉੱਤੇ ਲਾਗੂ ਹੁੰਦੇ ਗਤੀ ਦੇ ਵਿਸ਼ੇਸ਼ ਨਿਯਮ ਵੀ ਲੱਭੇ। ਵਾਧੂ ਕਦਰ ਦੀ ਲੱਭਤ ਨੇ ਅਚਾਨਕ ਉਸ ਮਸਲੇ ਉੱਤੇ ਰੌਸ਼ਨੀ ਪਾਈ, ਜਿਸ ਨੂੰ ਹੱਲ ਕਰਨ ਦੇ ਯਤਨ ਵਿੱਚ ਪਹਿਲੀਆਂ ਖੋਜਾਂ, ਬੁਰਜੂਆ ਅਰਥ-ਵਿਗਿਆਨੀਆਂ ਅਤੇ ਉਨ੍ਹਾਂ ਸੋਸ਼ਲਿਸਟ ਪੜਚੋਲੀਆਂ ਦੁਹਾਂ ਦੀਆਂ ਹਨੇਰੇ ਵਿੱਚ ਭਟਕਦੀਆਂ ਰਹੀਆਂ ਸਨ।
ਦੋ ਅਜਿਹੀਆਂ ਲੱਭਤਾਂ ਇੱਕ ਜੀਵਨ ਕਾਲ ਲਈ ਕਾਫੀ ਹੁੰਦੀਆਂ, ਜਿਸ ਕਿਸੇ ਮਨੁੱਖ ਦੇ ਹਿੱਸੇ ਅਜਿਹੀ ਇੱਕ ਲੱਭਤ ਲੱਭਣਾ ਆਇਆ ਹੈ, ਉਹ ਵੱਡਭਾਗਾ ਹੈ, ਪਰ ਉਹ ਉਸ ਖੇਤਰ ਵਿੱਚ ਜਿਸ ਦੀ ਮਾਰਕਸ ਨੇ ਖੋਜ ਕੀਤੀ- ਅਤੇ ਉਹਨੇ ਅਨੇਕ ਖੇਤਰਾਂ ਵਿੱਚ ਖੋਜ ਕੀਤੀ ਹੈ ਅਤੇ ਕਿਸੇ ਵਿੱਚ ਵੀ ਉਪਰੋਂ ਉੱਪਰੀ ਨਹੀਂ-ਹਰ ਖੇਤਰ ਵਿੱਚ, ਇੱਥੋਂ ਤੱਕ ਕਿ ਗਣਿਤ ਦੇ ਖੇਤਰ ਵਿੱਚ ਵੀ, ਉਹਨੇ ਸੁਤੰਤਰ ਲੱਭਤਾਂ ਲੱਭੀਆਂ।
ਅਜਿਹਾ ਇਹ ਵਿਗਿਆਨ ਦਾ ਮਨੁੱਖ ਸੀ, ਪਰ ਇਹ ਤਾਂ ਮਨੁੱਖ ਦਾ ਅੱਧ ਵੀ ਨਹੀਂ ਸੀ। ਮਾਰਕਸ ਲਈ ਵਿਗਿਆਨ ਇੱਕ ਇਤਿਹਾਸਤਕ ਤੌਰ 'ਤੇ ਗਤੀਸ਼ੀਲ, ਇਨਕਲਾਬੀ ਸ਼ਕਤੀ ਸੀ। ਭਾਵੇਂ ਉਹ ਕਿਸੇ ਸਿਧਾਂਤਕ ਵਿਗਿਆਨ ਵਿੱਚ ਕਿਸੇ ਨਵੀਂ ਲੱਭਤ ਦਾ, ਜਿਸ ਦਾ ਅਮਲ ਵਿੱਚ ਲਾਗੂ ਕੀਤੇ ਜਾਣ ਬਾਰੇ ਸੋਚਣਾ ਸ਼ਾਇਦ ਅਜੇ ਅਸੰਭਵ ਸੀ, ਕਿੰਨੀ ਖੁਸ਼ੀ ਨਾਲ ਸਵਾਗਤ ਕਰਦਾ, ਜੇ ਲੱਭਤ ਕਾਰਨ ਸਨਅਤ ਅਤੇ ਆਮ ਤੌਰ 'ਤੇ ਇਤਿਹਾਸਕ ਵਿਕਾਸ ਵਿੱਚ ਫੌਰੀ ਇਨਕਲਾਬੀ ਤਬਦੀਲੀਆਂ ਆਉਂਦੀਆਂ,ਤਾਂ ਉਹਨੂੰ ਇੱਕ ਹੋਰ ਹੀ ਤਰ੍ਹਾਂ ਦੀ ਖੁਸ਼ੀ ਦਾ ਅਨੁਭਵ ਹੁੰਦਾ। ਮਿਸਾਲ ਵਜੋਂ ਉਹਨੇ ਬਿਜਲੀ ਦੇ ਖੇਤਰ ਵਿੱਚ ਲੱਭਤਾਂ ਦੇ ਵਿਕਾਸ ਦਾ ਅਤੇ ਥੋੜ੍ਹਾ ਸਮਾਂ ਪਹਿਲਾਂ ਮਾਰਸਲ ਦੇ ਪ੍ਰੇਜ਼ ਦੀਆਂ ਲੱਭਤਾਂ ਦਾ ਬੜੇ ਧਿਆਨ ਨਾਲ ਅਧਿਅਨ ਕੀਤਾ।
ਕਿਉਂਕਿ ਮਾਰਕਸ ਸਭ ਤੋਂ ਪਹਿਲਾਂ ਇਨਕਲਾਬੀ ਸੀ, ਕਿਉਂਕਿ ਜੀਵਨ ਵਿੱਚ ਉਹਦਾ ਮਨੋਰਥ ਇੱਕ ਜਾਂ ਦੂਜੇ ਢੰਗ ਨਾਲ ਸਰਮਾਏਦਾਰ ਸਮਾਜ ਅਤੇ ਇਹਨੇ ਜਿਹੜੀਆਂ ਰਾਜ ਸੰਸਥਾਵਾਂ ਹੋਂਦ ਵਿੱਚ ਲਿਆਂਦੀਆਂ ਸਨ, ਨੂੰ ਤਬਾਹ ਕਰਨਾ, ਨਵੀਨ ਪ੍ਰੋਲਤਾਰੀ ਦੀ ਮੁਕਤੀ ਵਿੱਚ ਹਿੱਸਾ ਪਾਉਣਾ, ਪ੍ਰੋਲਤਾਰੀ, ਜਿਸ ਨੂੰ ਉਹਨੇ ਉਹਦੀ ਆਪਣੀ ਪ੍ਰਸਥਿਤੀ ਤੋਂ ਉਹਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਸੀ, ਉਹਦੀ ਮੁਕਤੀ ਲਈ ਲੋੜੀਂਦੀਆਂ ਸ਼ਰਤਾਂ ਤੋਂ ਜਾਣੂ ਕਰਵਾਇਆ ਸੀ ।ਲੜਨਾ ਉਹਦਾ ਤੱਤ ਸੀ ਅਤੇ ਉਹ ਅਜਿਹੇ ਜੋਸ਼, ਸਿਰੜ ਅਤੇ ਸਫਲਤਾ ਨਾਲ ਲੜਦਾ, ਜਿਸ ਦੀ ਬਹੁਤ ਘੱਟ ਹੀ ਮਿਸਾਲ ਮਿਲਦੀ ਹੈ। ਪਹਿਲੇ "Rheinische Zeitung" (1842), the Paris Vorwarts !" 85 (1844), " Brasseler Deutsche Zeitung" (1847), the Neue Rheinische Zeitung" (1841-49), "the New York Tribune" (1852-61)ਲਈ ਉਹਦਾ ਕੰਮ,ਇਸ ਤੋਂ ਬਿਨਾਂ ਅਣਗਿਣਤ ਲੜਾਕੂ ਪੈਂਫਲਟ, ਪੈਰਿਸ, ਬਰਸੇਲਜ਼ਅਤੇ ਲੰਡਨ ਵਿੱਚ ਜਥੇਬੰਦੀਆਂ ਵਿੱਚ ਉਹਦਾ ਕੰਮ, ਅਤੇ ਅੰਤ, ਸਭ ਦੀ ਸਿਖਰ, ਕਿਰਤੀ ਲੋਕਾਂ ਦੀ ਕੌਮਾਂਤਰੀ ਸਭਾ 86 ਦੀ ਸਥਾਪਤੀ-ਇਹ ਇੱਕ ਅਜਿਹੀ ਪ੍ਰਾਪਤੀ ਸੀ, ਜਿਸ ਉੱਤੇ, ਜੇ, ਉਹਨੇ ਹੋਰ ਕੁਝ ਵੀ ਨਾ ਕੀਤਾ ਹੁੰਦਾ, ਤਾਂ ਇਹਦਾ ਮੋਢੀ ਮਾਣ ਕਰ ਸਕਦਾ ਸੀ।
ਅਤੇ ਇਹਦੇ ਸਿੱਟੇ ਵਜੋਂ ਮਾਰਕਸ ਆਪਣੇ ਸਮੇਂ ਦਾ ਸਭ ਤੋਂ ਵੱਧ ਘ੍ਰਿਣਤ ਅਤੇ ਸਭ ਤੋਂ ਵੱਧ ਬੱਦੂ ਕੀਤਾ ਮਨੁੱਖ ਸੀ। ਨਿਰਅੰਕੁਸ਼ਵਾਦੀ ਅਤੇ ਜਮਹੂਰੀ ਦੋਹਾਂ ਹਕੂਮਤਾਂ ਨੇ ਉਹਨਾਂ ਆਪਣੇ ਇਲਾਕਿਆਂ ਵਿੱਚੋਂ ਬਦਰ ਕੀਤਾ। ਬੁਰਜੂਆ, ਭਾਵੇਂ ਪੁਰਾਤਨ-ਖਿਆਲੀ ਜਾਂ ਪਰਾ-ਜਮਹੂਰੀ, ਉਹਦੇ ਉੱਤੇ ਊਜਾਂ ਥੱਪਣ ਵਿੱਚ ਇੱਕ ਦੂਜੇ ਤੋਂ ਅੱਗੇ ਵਧਣ ਦਾ ਯਤਨ ਕਰਦੇ। ਇਸ ਸਭ ਕੁਝ ਨੂੰ ਉਹ ਇੱਕ ਲਾਂਭੇ ਹੂੰਝ ਦਿੰਦਾ, ਜਿਵੇਂ ਮੱਕੜੀ ਦਾ ਜਾਲਾ ਹੋਵੇ, ਇਹਨੂੰ ਅੱਖੋਂ ਓਹਲੇ ਕਰ ਦਿੰਦਾ, ਅਤੇ ਉਦੋਂ ਹੀ ਜਵਾਬ ਦਿੰਦਾ, ਜਦੋਂ ਅਤਿ ਦੀ ਲੋੜ ਉਹਨੂੰ ਮਜਬੂਰ ਕਰਦੀ। ਅਤੇ ਉਹ ਲਖੂਖਾ ਸਾਥੀ ਕਿਰਤੀਆਂ ਵਲੋਂ ਪਿਆਰਿਆ, ਸਤਿਕਾਰੀਆਂ ਅਤੇ ਸੋਗ ਮਨਾਇਆ ਹੋਇਆ ਮਰਿਆ -ਸਾਇਬੇਰੀਆ ਦੀਆਂ ਖਾਣਾਂ ਤੋਂ ਲੈ ਕੇ ਕੈਲੀਫੋਰਨੀਆ ਤੱਕ, ਯੂਰਪ ਅਤੇ ਅਮਰੀਕਾ ਦੇ ਸਭਨਾਂ ਹਿੱਸਿਆਂ ਵਿੱਚ-ਅਤੇ ਮੈਂ ਇਹ ਕਹਿਣ ਦੀ ਦਲੇਰੀ ਕਰਦਾ ਹਾਂ ਕਿ ਭਾਵੇਂ ਉਹਦੇ ਅਨੇਕ ਵਿਰੋਧੀ ਸਨ, ਉਹਦਾ ਸ਼ਾਇਦ ਹੀ ਕੋਈ ਨਿੱਜੀ ਦੁਸ਼ਮਣ ਸੀ।
ਪੀੜ੍ਹੀਆਂ ਤੱਕ ਉਹਦਾ ਨਾਂਅ ਜਿਊਂਦਾ ਰਹੇਗਾ ਅਤੇ ਇਸੇ ਤਰ੍ਹਾਂ ਉਹਦਾ ਕੰਮ ਵੀ!
ਏਂਗਲਜ਼ ਵੱਲੋਂ ਲੰਡਨ ਦੇ ਹਾਈਗੇਟ ਕਬਰਿਸਤਾਨ ਵਿੱਚ 17, 1883 ਨੂੰ ਅੰਗਰੇਜ਼ੀ ਵਿੱਚ ਕੀਤੀ ਤਕਰੀਰ।

No comments:

Post a Comment