Thursday, April 8, 2010

ਕਾਰਲ ਮਾਰਕਸ : ਇੱਕ ਅਦਭੁੱਤ ਗਾਥਾ - ਸੁਰਜਨ ਜ਼ੀਰਵੀ -


" …ਮਾਰਕਸ ਇੱਕ ਮੁੱਖ ਇਤਿਹਾਸਕ ਵਾਪਰਨਾ ਸੀ। ਅਕਸਰ ਇਹ ਖ਼ਿਆਲ ਕੀਤਾ ਜਾਂਦਾ ਹੈ ਜੇ ਕੋਈ ਹੋਰ ਨਾ ਹੋਇਆ ਹੁੰਦਾ ਤਾਂ ਉਸਦਾ ਕਾਰਜ ਕਿਸੇ ਹੋਰ ਨੇ ਸਿਰੇ ਚੜ੍ਹਾ ਦੇਣਾ ਸੀ… ਪਰ ਇਹ ਨਹੀਂ ਆਖਿਆ ਜਾ ਸਕਦਾ ਕਿ ਜੇ ਮਾਰਕਸ ਨਾ ਜੀਵਿਆ ਹੁੰਦਾ ਤਾਂ ਸੰਸਾਰ ਨੇ ਫਿਰ ਵੀ ਉਂਝ ਹੋਣਾ ਸੀ, ਜਿਵੇਂ ਉਹ ਹੁਣ ਹੈ।"
ਇਹ ਸ਼ਬਦ ਹਾਲ ਹੀ ਵਿਚ ਪੂਰੇ ਹੋਏ ਕੈਨੇਡੀਅਨ ਮੂਲ਼ ਦੇ ਉੱਘੇ ਅਮਰੀਕੀ ਐਕਾਨੋਮਿਸਟ ਤੇ ਸੋਚਵਾਨ ਜਾਹਨ ਕੈਨਥ ਗਾਲਬ੍ਰੇਥ ਦੇ ਹਨ।
…ਮਾਰਕਸ ਦੇ ਮਰਨ ਦੀਆਂ ਖ਼ਬਰਾਂ ਦੇਣ ਵਾਲਿਆਂ ਨੂੰ ਅੰਦਰੋਂ ਇਹ ਯਕੀਨ ਨਹੀਂ ਕਿ ਮਾਰਕਸ ਮਰ ਗਿਆ ਹੈ। ਇਹ ਠੀਕ ਹੈ ਕਿ ਰੂਸੀ ਇਨਕਲਾਬ ਮਾਰਕਸ ਦੇ ਵਿਚਾਰਾਂ ਦੀ ਜਿੱਤ ਦਾ ਪ੍ਰਤੀਕ ਸੀ ਅਤੇ ਸੋਵੀਅਤ ਯੂਨੀਅਨ ਦੇ ਖਾਤਮੇ ਨੇ ਮਾਰਕਸਵਾਦੀਆਂ ਲਈ ਕਈ ਬੁਨਿਆਦੀ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਂ ਵੀ ਰੂਸੀ ਇਨਕਲਾਬ ਮਾਰਕਸੀ ਵਿਚਾਰਾਂ ਦੇ ਪ੍ਰਭਾਵ ਹੇਠ ਆਈਆਂ ਵਿਸ਼ਵ ਤਬਦੀਲੀਆਂ ਦਾ ਇੱਕੋ ਇੱਕ ਪ੍ਰਗਟਾਵਾ ਨਹੀਂ ਸੀ ਭਾਵੇਂ ਇਹ ਪ੍ਰਤੀਤਯੋਗ ਪ੍ਰਗਟਾਵਾ ਜ਼ਰੂਰ ਸੀ। ਇਹਨਾਂ ਤਬਦੀਲੀਆਂ ਦੇ ਕਈ ਹੋਰ ਵੀ ਰੂਪ ਹਨ। ਇਹ ਰੂਪ ਐਨੇ ਪ੍ਰਤੱਖ ਰੂਪ ਵਿਚ ਮਾਰਕਸੀ ਸੋਚ ਵਿਚ ਰੰਗੇ ਹੋਏ ਨਾ ਵੀ ਹੋਣ ਪਰ ਇਹਨਾਂ ਪਿਛੇ ਮਾਰਕਸੀ ਪ੍ਰੇਰਨਾ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਹੋ ਸਕਦਾ।
… ਰੂਸੀ ਇਨਕਲਾਬ ਦੇ ਸੰਬੰਧ ਵਿਚ ਇੱਕ ਗੱਲ ਜ਼ਰੂਰ ਆਖੀ ਜਾ ਸਕਦੀ ਕਿ ਇਹ ਇਨਕਲਾਬ ਸੱਤ ਦਹਾਕੇ ਟਿਕਿਆ ਜਦੋਂ ਪੈਰਿਸ ਕਮਿਉਨ ਸੱਤ ਦਿਨ ਤੇ ਫਰਾਂਸੀਸੀ ਇਨਕਲਾਬ ਕੇਵਲ ਸੱਤ ਘੰਟੇ ਟਿਕਿਆ ਸੀ।
ਕਾਰਲ ਮਾਰਕਸ ਬਾਰੇ ਡੂੰਘੀ ਪ੍ਰਸੰਸਾ ਪ੍ਰਗਟਾਉਂਦੇ ਗਾਲਬ੍ਰੇਥ ਦੇ ਇਹਨਾਂ ਸ਼ਬਦਾਂ ਦਾ ਉਚੇਚਾ ਮੁੱਲ ਇਸ ਲਈ ਹੈ ਕਿ ਉਹ ਮਾਰਕਸੀ ਵਿਚਾਰਾਂ ਦਾ ਪੈਰੋਕਾਰ ਨਹੀਂ ਸੀ ਪਰ ਆਪਣੇ ਵਿਸ਼ਾਲ ਅਧਿਐਨ ਦੇ ਆਧਾਰ ਉੱਤੇ ਉਹ ਐਨਾ ਜ਼ਰੂਰ ਜਾਣਦਾ ਸੀ ਐਕਨਾਮਿਕਸ ਸਮੇਤ ਗਿਆਨ ਦੇ ਵੱਖ ਵੱਖ ਖੇਤਰਾਂ ਵਿਚ ਮਾਰਕਸ ਦੀ ਦੇਣ ਸੱਚਮੁਚ ਕਿੰਨੀ ਇਤਿਹਾਸਕ ਹੈ।
19ਵੀਂ ਸਦੀ ਦਾ ਮਹਾਨ ਚਿੰਤਕ ਕਾਰਲ ਮਾਰਕਸ "ਇਕ ਮੌਲਿਕ ਤੇ ਕਲਪਨਾਸ਼ੀਲ ਐਕਾਨੋਮਿਸਟ, ਬੇਮਿਸਾਲ ਸਮਾਜ ਵਿਗਿਆਨੀ ਤੇ ਨਵੀਂ ਸੇਧ ਦੇਣ ਵਾਲਾ ਦਾਰਸ਼ਨਿਕ ਸੀ।" ਇਸਦੇ ਨਾਲ ਨਾਲ, ਜਾਂ ਇੰਝ ਕਹਿ ਲਓ ਕਿ ਇਹਨਾਂ ਅਸਾਧਾਰਨ ਗੁਣਾਂ ਕਾਰਨ, ਉਹ ਇਕ ਦ੍ਰਿੜ ਇਨਕਲਾਬੀ ਵੀ ਸੀ। ਕੀ ਮਨੁੱਖਤਾ ਲਈ ਮਾਰਕਸ ਦੀ ਦੇਣ ਦਾ ਮੁੱਲ ਘਟ ਜਾਂਦਾ ਹੈ ਕਿਉਂਕਿ ਸੋਵੀਅਤ ਯੂਨੀਅਨ ਨਹੀਂ ਰਿਹਾ ਤੇ ਸ਼ੋਸ਼ਲਿਸਟ ਕੈਂਪ ਖਤਮ ਹੋ ਗਿਆ ਹੈ ਜਾਂ ਮਾਰਕਸਵਾਦ ਦਾ ਜ਼ਿਕਰ ਹੁਣ ਘੱਟ ਹੀ ਹੁੰਦਾ ਹੈ?
ਭਾਵੇਂ ਇਹ ਸਾਰੀਆਂ ਗੱਲਾਂ ਆਪਣੇ ਆਪ ਵਿਚ ਦਰੁੱਸਤ ਹਨ ਪਰ ਪਿਛਲੀ ਸਦੀ ਨੇ ਅਜਿਹੇ ਕਈ ਹੋਰ ਵੀ ਤਿੱਖੇ ਪ੍ਰੀਵਰਤਨ ਲਿਆਂਦੇ ਜਿਨ੍ਹਾਂ ਦੇ ਕਾਰਨ ਸੰਸਾਰ ਦਾ ਮਹਾਂਦਰਾ ਉੱਕਾ ਹੀ ਬਦਲ ਚੁੱਕਾ ਹੈ। ਗ਼ੁਲਾਮ ਦੇਸ ਆਜ਼ਾਦ ਹੋ ਚੁੱਕੇ ਹਨ, ਬਸਤੀਵਾਦ ਖਤਮ ਹੋ ਚੁੱਕਾ ਹੈ, ਨਸਲਵਾਦ, ਭੇਦਭਾਵ ਤੇ ਗ਼ੁਲਾਮੀ ਉੱਤੇ ਆਧਾਰਤ ਵਿਵਸਥਾਵਾਂ ਹੁਣ ਨਹੀਂ ਰਹੀਆਂ ਤੇ ਅਮਰੀਕਾ ਜਿਹੀਆਂ ਜਿਨ੍ਹਾਂ ਤਾਕਤਾਂ ਨੂੰ ਸਾਮਰਾਜੀ ਸ਼ਕਤੀ ਬਨਣ ਦਾ ਝੱਲ ਮੁੜ ਤੋਂ ਉਠਦਾ ਹੈ, ਉਹਨਾਂ ਨੂੰ ਆਪਣੇ ਇਸ ਝੱਲ ਲਈ ਹਰ ਵਾਰ ਅਪਮਾਨਤ ਹੀ ਹੋਣਾ ਪਿਆ ਹੈ।
ਅਤੇ ਪਿਛਲੇ ਸਮੇਂ ਵਿਚ, ਖਾਸ ਤੌਰ 'ਤੇ ਦੂਸਰੀ ਸੰਸਾਰ ਜੰਗ ਤੋਂ ਬਾਅਦ ਆਏ, ਅਜਿਹੇ ਤਿੱਖੇ ਪਰੀਵਰਤਨ ਕਿਸੇ ਦੈਵੀ ਮਨਆਈ ਜਾਂ ਅਚਨਚੇਤ ਵਾਪਰਨ ਵਾਲੇ ਘਟਨਾ ਚੱਕਰ ਦਾ ਸਿੱਟਾ ਨਹੀਂ ਸਨ ਸਗੋਂ ਲੰਮੇ ਤੇ ਕਠਨ ਸੰਘਰਸ਼ਾਂ ਦਾ ਸਿੱਟਾ ਸਨ। ਅਤੇ ਜੇ ਇਹਨਾਂ ਸੰਘਰਸ਼ਾਂ ਨੂੰ ਗਹੁ ਨਾਲ ਪੜ੍ਹਿਆ ਜਾਏ ਤਾਂ ਇਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਸ ਇਤਹਾਸਕ ਵਾਪਰਨਾ ਨਾਲ ਜਾ ਜੁੜਦੇ ਹਨ ਜਿਸਦਾ ਢੁੱਕਵਾਂ ਉਨਵਾਨ ਗਾਲਬ੍ਰੇਥ ਦੀ ਨਜ਼ਰ ਵਿਚ "ਮਾਰਕਸ" ਹੀ ਹੋ ਸਕਦਾ ਸੀ।
ਸਿਰਫ਼ ਐਨਾ ਹੀ ਨਹੀਂ ਕਿ ਇਹਨਾਂ ਸੰਘਰਸ਼ਾਂ ਦੇ ਬਹੁਤ ਸਾਰੇ ਆਗੂ ਮਾਰਕਸ ਦੇ ਵਿਚਾਰਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਸਨ ਸਗੋਂ ਜਿਹੜੀ ਪ੍ਰੇਰਨਾ ਤੇ ਸਮਰਥਨ ਅਜਿਹੇ ਸੰਘਰਸ਼ਾਂ ਨੂੰ ਨਵੇਂ ਉੱਭਰੇ ਸੋਵੀਅਤ ਯੂਨੀਅਨ ਤੇ ਉਸਦੇ ਮੋਢੀ ਲੈਨਿਨ ਤੋਂ ਹਾਸਿਲ ਹੋਈ, ਉਸਦੀ ਇਤਹਾਸਕ ਹਕੀਕਤ ਤੋਂ ਇਨਕਾਰ ਨਹੀਂ ਹੋ ਸਕਦਾ। ਜੇ ਬਹੁਤ ਸਾਰੇ ਨਵ-ਆਜ਼ਾਦ ਦੇਸ ਪੱਛਮੀ ਤਾਕਤਾਂ ਦੇ ਦਬਾਅ ਅੱਗੇ ਡੱਟ ਸਕੇ ਅਤੇ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕੇ ਤਾਂ ਇਹ ਵੀ ਇਸ ਹਕੀਕਤ ਦਾ ਸਦਕਾ ਸੀ ਕਿ ਸੋਵੀਅਤ ਯੂਨੀਅਤ ਉਹਨਾਂ ਦੀ ਭਰੋਸੇਯੋਗ ਧਿਰ ਸੀ। ਇਹ ਵੀ ਨਹੀਂ ਕਿ ਜਿਨ੍ਹਾਂ ਘਟਨਾਵਾਂ ਨੂੰ ਮਾਰਕਸ ਦੀ ਸੋਚ ਜਾਂ ਦ੍ਰਿਸ਼ਟੀ ਦੇ ਖੰਡਨ ਵਜੋਂ ਪੇਸ਼ ਕੀਤਾ ਜਾਂਦਾ ਹੈ ਉਹੀ ਭਵਿੱਖ ਦੀਆਂ ਜਾਂ ਇਤਿਹਾਸ ਦੇ ਵਹਿਣ ਦੀਆਂ ਪੱਕੀਆਂ ਨਿਸ਼ਾਨੀਆਂ ਹਨ। ਜੇ ਅਜਿਹਾ ਹੁੰਦਾ ਤਾਂ ਲਾਤੀਨੀ ਦੇਸਾਂ ਵਿਚ ਖੱਬੇ ਪੱਖੀ ਮੋੜ ਕਦੇ ਨਾ ਆਇਆ ਹੁੰਦਾ ਅਤੇ ਉਹ ਵੀ ਉਸ ਹਾਲਤ ਵਿਚ ਜਦੋਂ ਇਹ ਦੇਸ ਅਮਰੀਕਾ ਜਿਹੀ ਵਾਹਦ ਮਹਾਂਸ਼ਕਤੀ ਦੀ ਕ੍ਰੋਧਵਾਨ ਘੂਰੀ ਹੇਠ ਰਹਿ ਰਹੇ ਹਨ। ਨਾ ਹੀ ਸੋਵੀਅਤ ਯੂਨੀਅਨ ਦੇ ਖਾਤਮੇ ਤੋਂ ਇਹੋ ਸਾਬਤ ਹੁੰਦਾ ਹੈ ਕਿ ਪੂੰਜੀਵਾਦ ਇੱਕ ਅਜਿਹਾ ਪ੍ਰੀਪੂਰਣ ਪ੍ਰਬੰਧ ਹੈ ਜਿਸ ਵਿਚ ਕਿਸੇ ਬੁਨਿਆਦੀ ਪ੍ਰੀਵਰਤਨ ਦੀ ਲੋੜ ਨਹੀਂ।
ਇਹ ਵੀ ਛੋਟੀ ਗੱਲ ਨਹੀਂ ਕਿ ਸੰਸਾਰ ਦੇ ਕਿਸੇ ਮਹਾਂਦੀਪ ਵਿਚ ਅਜਿਹੀ ਕੋਈ ਥਾਂ ਨਹੀਂ ਜਿਥੇ ਵਪਾਰ ਦੇ ਵੇਸ ਵਿਚ ਨਵਬਸਤੀਵਾਦ ਨੂੰ ਮੁੜ ਤੋਂ ਮੜ੍ਹਨ ਦੀਆਂ ਕੋਸ਼ਿਸ਼ਾਂ ਨੂੰ ਬਿਨਾ ਵੰਗਾਰੇ ਜਾਂ ਬਿਨਾ ਟਾਕਰੇ ਲੰਘਣ ਦਿੱਤਾ ਜਾ ਰਿਹਾ ਹੋਵੇ। ਹੋ ਸਕਦਾ ਹੈ ਇਹ ਸਾਰਾ ਕੁਝ ਪ੍ਰਦਰਸ਼ਿਤ ਤੌਰ 'ਤੇ ਮਾਰਕਸਵਾਦ ਦੇ ਝੰਡੇ ਹੇਠ ਨਾ ਹੋ ਰਿਹਾ ਹੋਵੇ, ਪਰ ਮਾਰਕਸਵਾਦ ਕੋਈ ਮੰਤਰ ਜਾਂ ਤਵੀਤ ਨਹੀਂ, ਇਹ ਇਕ ਚੇਤਨਾ ਹੈ ਤੇ ਇਸ ਚੇਤਨਾ ਦੀ ਝਲਕ ਇਹਨਾਂ ਘਟਨਾਵਾਂ ਤੋਂ ਇਲਾਵਾ ਉਹਨਾਂ ਵਿਸ਼ਾਲ ਮੁਜ਼ਾਹਰਿਆਂ ਤੋਂ ਵੀ ਤੱਕੀ ਜਾ ਸਕਦੀ ਹੈ ਜਿਹੜੇ ਅੱਠ ਵੱਡਿਆਂ ਦੇ ਸੁਮੇਲਨਾਂ ਵਿਰੁੱਧ, ਸੰਸਾਰ ਬੈਂਕ ਤੇ ਕੌਮਾਂਤਰੀ ਮਾਲੀ ਫੰਡ ਦੇ ਹੱਥਕੰਡਿਆਂ ਵਿਰੁੱਧ, ਸੰਸਾਰ ਵਪਾਰ ਜਥੇਬੰਦੀ ਰਾਹੀਂ ਅਣਵਿਕਸਤ ਦੇਸਾਂ ਨੂੰ ਅਸਾਵੇਂ ਸਮਝੌਤਿਆਂ ਦੇ ਜਾਲ ਵਿਚ ਫਾਹੁਣ ਦੇ ਮਨਸੂਬਿਆਂ ਵਿਰੁੱਧ, ਇਰਾਕ ਉੱਤੇ ਹਮਲੇ ਵਿਰੁੱਧ ਜਾਂ ਵੱਡੀਆਂ ਤਾਕਤਾਂ ਦੀਆਂ ਆਪਹੁਦਰਾਸ਼ਾਹੀਆਂ ਵਿਰੁੱਧ ਆਪ ਮੁਹਾਰੇ ਹੋ ਰਹੇ ਹਨ। ਵਾਸਤਵ ਵਿਚ ਇਹ ਵਿਆਪਕ ਮੁਜ਼ਾਹਰੇ ਅਜਿਹੀ ਤਿੱਖੀ ਤਬਦੀਲੀ ਦੀ ਤਾਂਘ ਨੂੰ ਹੀ ਦਰਾਉਂਦੇ ਹਨ ਜਿਹੜੀ ਇਸ ਵੇਲੇ ਦੇ ਭਾਰੂ ਪੂੰਜੀਵਾਦੀ ਪ੍ਰਬੰਧ ਨੂੰ ਜੜ੍ਹਾਂ ਤੋਂ ਹਿਲਾਏ ਬਿਨਾ ਨਹੀਂ ਆ ਸਕਦੀ।
ਇਸੇ ਸਮੇਂ ਵਿਚ ਜੇ ਪੱਛਮੀ ਦੇਸ਼ਾਂ ਵਿਚ ਮਜ਼ਦੂਰ ਜਮਾਤ ਨੇ ਜਥੇਬੰਦ ਹੋਣ ਤੇ ਸਮੂਹਿਕ ਸਮਝੌਤੇ ਕਰਨ ਜਿਹੇ ਅਹਿਮ ਅਧਿਕਾਰ ਹਾਸਿਲ ਕੀਤੇ ਅਤੇ ਪੈਨਸ਼ਨਾਂ, ਬੇਰੁਜ਼ਗਾਰੀ ਬੀਮੇ ਤੇ ਸਮਾਜੀ ਸੁਰੱਖਿਆ ਜਿਹੀਆਂ ਵਿਵਸਥਾਵਾਂ ਸਥਾਪਤ ਕਰਵਾਈਆਂ ਤਾਂ ਇਹ ਪੂੰਜੀਵਾਦ ਦੀ ਦਯਾ ਭਾਵਨਾ ਜਾਂ ਉਦਾਰਤਾ ਦਾ ਸਿੱਟਾ ਨਹੀਂ ਸੀ। ਇਸ ਦੇ ਲਈ ਇਹਨਾਂ ਦੇਸ਼ਾਂ ਦੀ ਮਜ਼ਦੂਰ ਜਮਾਤ ਨੂੰ ਲੰਬੇ ਤੇ ਕਠਨ ਸੰਘਰਸ਼ ਲੜਨੇ ਪਏ। ਇਸ ਹਕੀਕਤ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਇਹਨਾਂ ਸੰਘਰਸ਼ਾਂ ਦੀ ਜਾਗ ਮਾਰਕਸਵਾਦ ਤੋਂ ਹੀ ਲੱਗੀ ਸੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਰੰਭਕ ਦੌਰ ਵਿਚ ਜਿਹਨਾਂ ਕਾਰਕੁਨਾਂ ਤੇ ਆਗੂਆਂ ਨੇ ਇਹ ਸੰਘਰਸ਼ ਆਪਣੀਆਂ ਜਾਨਾਂ ਦੀ ਬਾਜ਼ੀ ਲਾ ਕੇ ਉਸਾਰੇ ਸਨ, ਉਹਨਾਂ ਲਈ ਪ੍ਰੇਰਨਾ ਦਾ ਇੱਕ ਿਇਕ ਸਰੋਤ ਮਾਰਕਸ ਹੀ ਸੀ। ਇਹ ਗੱਲ ਵੀ ਸਬੱਬੀਂ ਨਹੀਂ ਸੀ ਸੋਵੀਅਤ ਯੂਨੀਅਨ ਦੇ ਖਾਤਮੇ ਤੋਂ ਬਾਅਦ ਪੱਛਮੀ ਦੇਸ਼ਾਂ ਵਿਚ ਜਿਸ ਵਰਗ ਨੂੰ ਤਿੱਖੇ ਵਾਰ ਸਹਿਣੇ ਅਤੇ ਆਪਣੇ ਹੱਕਾਂ ਤੋਂ ਹੱਥ ਧੋਣੇ ਪੈ ਰਹੇ ਹਨ ਉਹ ਜਥੇਬੰਦ ਮਜ਼ਦੂਰ ਜਮਾਤ ਹੀ ਹੈ। ਹਾਲਾਂਕਿ ਇਹਨਾਂ ਦੇਸ਼ਾਂ ਦੀਆਂ ਟਰੇਡ ਯੂਨੀਅਨਾਂ ਦੇ ਆਗੂ ਆਪਣੇ ਆਪ ਨੂੰ ਕਮਿਉਨਿਸਟ ਦੁਸ਼ਮਣੀ ਦੀਆਂ ਸੌਹਾਂ ਖਾਣ ਤੋਂ ਕਿਸੇ ਤੋਂ ਪਿੱਛੇ ਨਹੀਂ ਹਨ।
* * *
ਦਰਅਸਲ ਜਿਹੜੀ ਗੱਲ ਮਾਰਕਸ ਨੂੰ "ਇਤਹਾਸਕ ਵਾਪਰਨਾ' ਦਾ ਦਰਜਾ ਦਿੰਦੀ ਹੈ ਉਹ ਸੀ ਇਤਹਾਸਕ ਗਤੀ ਨੂੰ ਸਮਝਣ ਦੀ ਉਸਦੀ ਨਿਆਰੀ ਵਿਧੀ । ਇਸ ਵਿਧੀ ਦਾ ਮੁੱਢਲਾ ਸੰਕਲਪ ਤਾਂ ਉਸਨੇ ਜਰਮਨ ਫਿਲਾਸਫਰ ਹੀਗਲ ਤੋਂ ਲਿਆ ਸੀ ਪਰ ਇਸਨੂੰ ਇੱਕ ਵਿਆਪਕ ਵਿਚਾਰਧਾਰਾ ਵਜੋਂ ਸਰਇੰਜਾਮ ਦੇਣ ਦਾ ਕੰਮ ਨਿਰੋਲ ਉਸਦਾ ਆਪਣਾ ਸੀ। ਇਹ ਵਿਧੀ ਸੰਸਾਰ ਦੇ ਕੁਦਰਤੀ, ਇਤਹਾਸਕ ਤੇ ਵਿਚਾਰਧਾਰਕ ਪੱਖਾਂ ਨੂੰ ਇੱਕ ਅਜਿਹੀ ਗੁੰਦਵੀਂ ਪਰੀਕਿਰਿਆ ਵਜੋਂ ਦੇਖਦੀ ਹੈ, ਜਿਸਦਾ ਮੁੱਢਲਾ ਨੇਮ ਹੈ ਨਿਰੰਤਰ ਪਰੀਵਰਤਨ ਤੇ ਵਿਕਾਸ।
ਮਾਰਕਸ ਤੋਂ ਪਹਿਲਾਂ ਜੇ ਇਤਹਾਸਕਾਰ ਇਤਹਾਸ ਨੂੰ ਬਿਆਨ ਕਰਦੇ ਸਨ ਤਾਂ ਬਾਦਸ਼ਾਹਾਂ, ਸੂਰਮਿਆਂ ਤੇ ਯੋਧਿਆਂ ਦੇ ਕਾਰਨਾਮਿਆਂ ਦੀ ਕਹਾਣੀ ਵਜੋਂ ਪੇਸ਼ ਕਰਦੇ ਸਨ, ਜੇ ਸਮਾਜ ਵਿਗਿਆਨੀ ਸਮਾਜ ਨੂੰ ਚਿਤਰਦੇ ਸਨ ਤਾਂ ਧਰਮ ਤੇ ਸਦਾਚਾਰ ਦੇ ਚੌਖਟੇ ਵਿਚ ਹੀ ਚਿਤਰਦੇ ਸਨ, ਜੇ ਆਰਥਕ ਮਾਹਰ ਅਰਥਚਾਰੇ ਨੂੰ ਸਮਝਾਂਉਂਦੇ ਸਨ ਤਾਂ ਪ੍ਰਚੱਲਤ ਆਰਥਕ ਤਾਣੇ ਬਾਣੇ ਦੇ ਪਰਸੰਗ ਵਿਚ ਹੀ ਸਮਝਾਉਂਦੇ ਸਨ, ਅਤੇ ਜੇ ਫਿਲਾਸਫਰ ਸੰਸਾਰ ਦੀ ਵਿਆਖਿਆ ਕਰਦੇ ਸਨ ਤਾਂ ਬਹੁਤੀ ਵਾਰ ਉਹ ਧਰਤੀ ਤੋਂ ਐਨੇ ਉਤਾਂਹ ਉੱਠ ਜਾਂਦੇ ਸਨ ਕਿ ਆਪਣੀਆਂ ਹੀ ਖ਼ਿਆਲ ਉਡਾਰੀਆਂ ਵਿਚ ਗੁਆਚਕੇ ਰਹਿ ਜਾਂਦੇ ਸਨ।
ਮਾਰਕਸ ਪਹਿਲਾਂ ਸੋਚਵਾਨ ਸੀ ਜਿਸਨੇ ਇਹਨਾਂ ਸਾਰੀਆਂ ਸੋਚ ਪ੍ਰਣਾਲੀਆਂ ਨੂੰ ਇੱਕੋ ਸੂਤਰ ਵਿਚ ਪਰੋ ਕੇ ਇਤਹਾਸ, ਸਮਾਜ ਤੇ ਅਰਥਚਾਰੇ ਦੀ ਇਕ ਅਜਿਹੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ ਜਿਸ ਵਿਚ ਪਛੇਤਰ ਤੇ ਅਗੇਤਰ ਦਿਸਹੱਦਿਆਂ ਤੋਂ ਪਰਾਂ ਤੱਕ ਤੱਕੇ ਜਾ ਸਕਦੇ ਹਨ ਤੇ ਜਿਸ ਵਿਚ ਮਨੁੱਖੀ ਸਮਾਜ ਦੇ ਵਿਕਾਸ ਨੂੰ ਅੱਗੇ ਲੈ ਜਾਣ ਵਾਲੀਆਂ ਸ਼ਕਤੀਆਂ ਪਛਾਣੀਆਂ ਜਾ ਸਕਦੀਆਂ ਸਨ। ਮਾਰਕਸ ਨੇ ਇਤਹਾਸਕ ਪਦਾਰਥਵਾਦ ਤੇ ਦੰਵਦਤਾਮਕ ਪਦਾਰਥਵਾਦ ਦੇ ਰੂਪ ਵਿਵ ਜਿਹੜੀ ਮੌਲਿਕ ਵਿਚਾਰਧਾਰਾ ਵਿਕਸਤ ਕੀਤੀ ਉਸਦਾ ਇੱਕ ਨਿਵੇਕਲਾ ਪੱਖ ਇਹ ਹੈ ਕਿ ਕਾਰਜਸ਼ੀਲਤਾ ਉਸਦਾ ਇੱਕ ਬੁਨਿਆਦੀ ਅੰਗ ਹੈ ਤੇ ਇਸ ਕਾਰਜਸ਼ੀਲਤਾ ਦਾ ਰਣ ਖੇਤਰ ਹੈ ਸਾਂਝੀਵਾਲਤਾ। ਮਾਰਕਸ ਨੌਜਵਾਨ ਹੀ ਸੀ ਜਦੋਂ ਉਸਨੇ ਕਿਹਾ ਸੀ ਕਿ "ਫਿਲਾਸਫਰਾਂ ਨੇ ਸੰਸਾਰ ਦੀ ਕਿਸੇ ਇਸ ਜਾਂ ਉਸ ਢੰਗ ਨਾਲ ਵਿਆਖਿਆ ਹੀ ਕੀਤੀ ਹੈ, ਜਦੋਂ ਲੋੜ ਇਸਨੂੰ ਬਦਲਨ ਦੀ ਹੈ।"
ਆਪਣੇ ਇਸ ਕਥਨ ਦੀ ਪਾਲਣਾ ਮਾਰਕਸ ਨੇ ਜਿੰਨੀ ਕਰੜਾਈ ਨਾਲ ਆਪ ਕੀਤੀ, ਉਹ ਉਸਦੀ ਜ਼ਿੰਦਗੀ ਦੀ ਇਕ ਅਦਭੁੱਤ ਗਾਥਾ ਹੈ। ਭਾਵੇਂ ਇਹ ਗਾਥਾ ਮੁਕੰਮਲ ਤਾਂ ਹੀ ਹੁੰਦੀ ਹੈ ਜੇ ਉਸਦੇ ਜੀਵਨ ਭਰ ਦੇ ਸਾਥੀ ਤੇ ਉਸਦੇ ਬਰਾਬਰ ਦੇ ਵਿਚਾਰਵਾਨ ਫਰੈਡਰਿਕ ਏਂਗਲਜ਼ ਦਾ ਜ਼ਿਕਰ ਵੀ ਨਾਲੋ ਨਾਲ ਹੋਵੇ, ਪਰ ਇਸ ਗਾਥਾ ਦੇ ਵਿਸਥਾਰ ਨਿਰਸੰਦੇਹ ਮਾਰਕਸ ਦੇ ਆਪਣੇ ਹਨ।
ਇਹ ਮਾਰਕਸ ਹੀ ਸੀ ਜਿਸਨੇ ਆਪਣੇ ਇਨਕਲਾਬੀ ਕਰਤੱਵ ਨਿਭਾਉਂਦਿਆਂ ਤੇ ਇਸਦੇ ਲਈ ਉੱਕਾ ਹੀ ਨਵੀਂ ਵਿਚਾਰਥਾਰਾ ਨੂੰ ਤਰਤੀਬ ਦਿੰਦਿਆਂ ਆਪਣੇ ਵੇਲ਼ੇ ਦੇ ਰਾਜਾਂ ਤੇ ਰਾਜਨੀਤਕ ਪ੍ਰਬੰਧਾਂ ਅਤੇ ਸ਼੍ਰੇਣੀ ਹਿਤਾਂ ਉੱਤੇ ਆਧਾਰਤ ਸਥਾਪਤੀਆਂ ਤੇ ਸੰਸਥਾਵਾਂ ਨੂੰ ਵੰਗਾਰਿਆ, ਕਾਨੂੰਨਾਂ, ਵਿਸ਼ਵਾਸਾਂ, ਰੀਤਾਂ, ਮਾਨਤਾਵਾਂ ਤੇ ਮਿਥਿਆਵਾਂ ਨੂੰ ਆਪਣੇ ਨਸ਼ਤਰ ਹੇਠ ਲਿਆਂਦਾ। ਇਸਦੇ ਲਈ ਜਿਹੜਾ ਬਹੁਤ ਵੱਡਾ ਮੁੱਲ ਉਸਨੂੰ ਤਾਰਨਾ ਪੈਣਾ ਸੀ, ਉਸਨੇ ਅਤੇ ਉਸਦੇ ਪ੍ਰੀਵਾਰ ਨੇ ਤਾਰਿਆ। ਇਸ ਮੁੱਲ ਦੇ ਹਿੱਸੇ ਵਜੋਂ ਉਹਨਾਂ ਨੂੰ ਦੇਸ ਦੇਸਾਂਤਰਾਂ ਵਿਚ ਰੁਲ਼ਣਾ ਪਿਆ ਤੇ ਸਾਲਾਂਬੱਧੀ ਆਤੁਰ ਕਰ ਦੇਣ ਵਾਲ਼ੀਆਂ ਤੰਗੀਆਂ ਭੋਗਣੀਆਂ ਪਈਆਂ।
ਜੇ ਮਾਰਕਸ ਲਈ ਇਹ ਲਿਖਿਆ ਗਿਆ ਤਾਂ ਠੀਕ ਹੀ ਲਿਖਿਆ ਗਿਆ ਕਿ ਉਸਦੇ ਲਈ ਇਤਹਾਸ ਅਧਿਐਨ ਦੇ ਵਿਸ਼ੇ ਨਾਲੋਂ ਇਕ ਅਜਿਹੀ ਹਕੀਕਤ ਵਧੇਰੇ ਸੀ, ਜਿਸਨੂੰ ਜਿਉਣਾ ਤੇ ਸਾਂਝਾ ਕਰਨਾ ਉਸਦੇ ਲਈ ਆਵੱਸ਼ਕ ਸੀ। ਪਰ ਮਾਰਕਸ ਨੂੰ ਇਹ ਗੁਮਾਨ ਹਰਗਿਜ਼ ਨਹੀਂ ਸੀ ਕਿ ਦੁਨੀਆ ਨੂੰ ਬਾਦਲਣ ਲਈ ਉਸਦੇ ਵਿਅਕਤੀਗਤ ਯਤਨ ਕਾਫ਼ੀ ਹਨ। ਉਸਦੀ ਅਸਲ ਦੇਣ ਇਸ ਗੱਲ ਵਿਚ ਵੀ ਸੀ ਕਿ ਉਸਨੇ ਸਮਾਜੀ ਵਿਕਾਸ ਤੇ ਪਰੀਵਰਤਨ ਪਿਛੇ ਕੰਮ ਕਰਦੀ ਚਾਲਕ ਸ਼ਕਤੀ ਨੂੰ ਪਛਾਣਿਆ। ਉਸਨੇ ਦੇਖਿਆ ਕਿ ਇਹ ਚਾਲਕ ਸ਼ਕਤੀ, ਕਿਸੇ ਵੀ ਸਮਾਜ ਵਿਚ, ਵੱਖ ਵੱਖ ਵਸਤਾਂ ਦੀ ਪੈਦਾਵਾਰ ਤੇ ਵੰਡ ਉੱਤੇ ਆਧਾਰਤ ਸਮਾਜੀ ਸ਼੍ਰੇਣੀਆਂ ਵਿਚਾਲੇ ਟਕਰਾਅ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ।
ਮਾਰਕਸ ਨੇ ਲਿਖਿਆ ਸੀ, "ਮੌਜੂਦਾ ਸਮਾਜ ਦਾ ਹੁਣ ਤੱਕ ਦਾ ਇਤਹਾਸ ਸ਼੍ਰੇਣੀ ਸੰਘਰਸ਼ਾਂ ਦਾ ਇਤਹਾਸ ਹੈ। ਆਜ਼ਾਦ ਵਸਨੀਕ ਤੇ ਗ਼ੁਲਾਮ, ਕੁਲੀਨ ਤੇ ਕਮੀ, ਜਾਗੀਰਦਾਰ ਤੇ ਮੁਜ਼ਾਰੇ, ਗਿਲਡਮਾਸਟਰ ਤੇ ਜਰਨੀਮੈਨ, ਦੂਸਰੇ ਸ਼ਬਦਾਂ ਵਿਚ ਜਾਬਰ ਤੇ ਮਜ਼ਦੂਰ ਇੱਕ ਦੂਸਰੇ ਦੇ ਟਾਕਰੇ ਵਿਚ ਨਿਰੰਤਰ ਡਟੇ ਹੋਏ ਅਤੇ ਕਦੇ ਲੁਕਵੇਂ ਤੇ ਕਦੇ ਖੁੱਲ੍ਹੇ ਨਿਰਵਿਘਨ ਸੰਘਰਸ਼ ਵਿਚ ਉਲਝੇ ਹੋਏ ਮਿਲਦੇ ਹਨ, ਇਸ ਲੜਾਈ ਦਾ ਸਿੱਟਾ ਹਰ ਵਾਰ ਪੂਰੇ ਦੇ ਪੂਰੇ ਸਮਾਜ ਦੇ ਕ੍ਰਾਂਤੀਕਾਰੀ ਪੁਨਰਨਿਰਮਾਣ ਵਿਚ ਜਾਂ ਦੋਹਾਂ ਵਿਰੋਧੀ ਸ਼੍ਰੇਣੀਆਂ ਦੀ ਆਪਸੀ ਤਬਾਹੀ ਵਿਚ ਨਿਕਲਦਾ ਰਿਹਾ ਹੈ।
ਮਾਰਕਸ ਦਾ ਮੱਤ ਸੀ ਕਿ ਕਿਸੇ ਵੀ ਦੌਰ ਦੇ ਸਮਾਜ ਨੂੰ ਸਮਝਣ ਦੀ ਕੁੰਜੀ ਉਸ ਸਮੇਂ ਦੇ ਅਰਥਚਾਰੇ ਵਿਚ ਹੁੰਦੀ ਹੈ।
ਜੇ ਕਿਸੇ ਸਮਾਜ ਵਿਚਲਾ ਮੁੱਖ ਤਜ਼ਾਦ ਹੀ ਦਵੰਦ, ਗਤੀ ਤੇ ਪਰੀਵਰਤਨ ਦਾ ਕਾਰਨ ਬਣਦਾ ਤਾਂ ਪੂੰਜੀਵਾਦੀ ਸਮਾਜ ਵਿਚ ਵੀ ਅਜਿਹਾ ਤਜ਼ਾਦ ਮੌਜੂਦ ਹੈ। ਇਸ ਸਮਾਜ ਦਾ ਬੁਨਿਆਦੀ ਤਜ਼ਾਦ ਇਹ ਹੈ ਕਿ ਉਤਪਾਦਨ ਦੀਆਂ ਜਿਹੜੀਆਂ ਨਵੀਆਂ ਪੈਦਾਵਾਰੀ ਸ਼ਕਤੀਆਂ ਮਸ਼ੀਨਰੀ ਦੀ ਸ਼ਕਲ ਵਿਚ ਮਨੁੱਖਤਾ ਨੇ ਪੈਦਾ ਕਰ ਲਈਆਂ ਹਨ ਉਹ ਪੈਦਾਵਾਰ ਦੇ ਖਾਸੇ ਨੂੰ ਵਧਦੇ ਰੂਪ ਵਿਚ ਸਮਾਜੀ ਤੇ ਸਹਿਕਾਰੀ ਬਣਾ ਰਹੀਆਂ ਹਨ ਕਿਉਂਕਿ ਇਸ ਦੇ ਲਈ ਵੱਡੀ ਗਿਣਤੀ ਵਿਚ ਕਾਮਿਆਂ ਨੂੰ ਕਾਰਖਾਨਿਆਂ ਤੇ ਫੈਕਟਰੀਆਂ ਵਿਚ ਇਕੱਠਿਆਂ ਮਿਲਕੇ ਕੰਮ ਕਰਨਾ ਪੈਂਦਾ ਹੈ ਜਦ ਕਿ ਪੈਦਾਵਾਰੀ ਸਾਧਨਾਂ ਦੀ ਮਾਲਕੀ ਨਿੱਜੀ ਹੈ। ਪੈਦਾਵਾਰ ਦੇ ਸਮੂਹਕ ਜਾਂ ਸਮਾਜੀ ਖਾਸੇ ਤੇ ਇਸ ਦੇ ਨਿੱਜੀ ਉਪਯੋਗ ਦੇ ਇਸ ਤਜ਼ਾਦ ਦੀ ਨੁਮਾਇੰਦਗੀ ਜਿਹੜੀਆਂ ਦੋ ਮੁੱਖ ਸ਼੍ਰੇਣੀਆਂ ਕਰਦੀਆਂ ਹਨ ਉਹ ਹਨ ਮਜ਼ਦੂਰ ਤੇ ਸਰਮਾਏਦਾਰ । ਇਹਨਾਂ ਦੋਹਾਂ ਸ਼੍ਰੇਣੀਆਂ ਵਿਚਾਲੇ ਟਕਰਾਅ ਅਜਿਹੇ ਮੱਤ-ਵਿਰੋਧਾਂ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜਿਹੜੇ ਕਦੇ ਇੱਕਸੁਰ ਨਹੀਂ ਹੋ ਸਕਦੇ।
ਇਸ ਤਜ਼ਾਦ ਦੇ ਹੁੰਦਿਆਂ ਮਾਰਕਸ ਨੇ ਇਹੀ ਨਤੀਜਾ ਕੱਢਿਆ ਸੀ ਕਿ ਪੂੰਜੀਵਾਦ ਵਿਚ ਪਰਿਵਰਤਨ ਲਿਆਉਣ ਦਾ ਇਨਕਲਾਬੀ ਕਰਤੱਵ ਸੁਚੇਤ ਮਜ਼ਦੂਰ ਸ਼੍ਰੇਣੀ ਨਿਭਾਏਗੀ ਕਿਉਂਕਿ ਇਹ ਮਜ਼ਦੂਰਾਂ ਦੀ ਮਿਹਨਤ ਹੀ ਹੈ ਜਿਹੜੀ ਇਸ ਸਮਾਜ ਦੇ ਮੁੱਖ ਲਕਸ਼, ਮੁਨਾਫ਼ੇ, ਦਾ ਸਰੋਤ ਹੈ। ਉਸਨੇ ਇਹ ਗੱਲ ਕਤਈ ਤੌਰ 'ਤੇ ਸਾਬਤ ਕੀਤੀ ਕਿ ਕਿਸੇ ਮਜ਼ਦੂਰ ਨੂੰ ਉਸਦੀ ਅੱਠ ਘੰਟੇ ਦੀ ਕੰਮ-ਦਿਹਾੜੀ ਲਈ ਜਿੰਨੀ ਉਜਰਤ ਦਿੱਤੀ ਜਾਂਦੀ ਹੈ, ਉਸਦੇ ਬਰਾਬਰ ਦੀ ਕਦਰ ਉਹ ਪੰਜ ਜਾਂ ਛੇ ਘੰਟਿਆਂ ਦੀ ਮਿਹਨਤ ਨਾਲ ਪੂਰੀ ਕਰ ਦਿੰਦਾ ਹੈ, ਬਾਕੀ ਦੋ ਜਾਂ ਤਿੰਨ ਘੰਟਿਆਂ ਦੀ ਵਾਧੂ ਮਿਹਨਤ ਨਾਲ ਉਹ ਜਿਹੜੀ ਕਦਰ ਪੈਦਾ ਕਰਦਾ ਉਹ ਮੁਨਾਫ਼ੇ ਦੀ ਸ਼ਕਲ ਵਿਚ ਪੈਦਾਵਾਰੀ ਸਾਧਨਾਂ ਦੇ ਮਾਲਕ ਅਰਥਾਤ ਪੂੰਜੀਪਤੀ ਦੇ ਪੇਟੇ ਪੈ ਜਾਂਦੀ ਹੈ। ਮਾਰਕਸ ਨੇ ਮਿਹਨਤ-ਫ਼ਲ ਦੀ ਇਸ ਵੰਡ ਨੂੰ ਸਮਾਜੀ ਤੌਰ 'ਤੇ ਲੋੜੀਂਦੀ ਕਦਰ ਤੇ ਵਾਫ਼ਰ ਕਦਰ ਦਾ ਨਾਂਅ ਦਿੱਤਾ ਸੀ।
ਜੇ ਪੂੰਜੀਵਾਦ ਵਿਚ ਕਿਸੇ ਤਬਦੀਲੀ ਦਾ ਅਸਲ ਮੰਤਵ ਇਹ ਸੀ ਕਿ ਮਿਹਨਤ ਨੂੰ ਨਿੱਜੀ ਮੁਨਾਫ਼ੇ ਦੀ ਪੂਰਤੀ ਦੀ ਥਾਂ ਸਮੁੱਚੇ ਸਮਾਜ ਦੀ ਉੱਨਤੀ ਦਾ ਹਿੱਸਾ ਬਣਾਇਆ ਜਾਏ ਤਾਂ ਜ਼ਾਹਰ ਹੈ ਅਜਿਹੇ ਮੰਤਵ ਦੀ ਪ੍ਰਾਪਤੀ ਲਈ ਗੁਣਾ ਉਸੇ ਸ਼੍ਰੇਣੀ ਉੱਤੇ ਪੈਣਾ ਸੀ ਜਿਹੜੀ ਇਸ ਨਾਲ਼ ਸੱਭ ਤੋਂ ਡੂੰਘੀ ਤਰ੍ਹਾਂ ਸੰਬੰਧਤ ਸੀ। ਤਾਂ ਵੀ ਮਾਰਕਸ ਇਹ ਤਾਂ ਸਮਝਦਾ ਸੀ ਕਿ ਸਰਮਾਏਦਾਰੀ ਪ੍ਰਬੰਧ ਵਿਚ ਤਬਦੀਲੀ ਲਿਆਉਣ ਦਾ ਕਾਰਜ ਮੁੱਖ ਤੌਰ 'ਤੇ ਮਜ਼ਦੂਰ ਜਮਾਤ ਸਿਰੇ ਚੜ੍ਹਾਏਗੀ ਪਰ ਇਸਦਾ ਅਰਥ ਇਹ ਨਹੀਂ ਸੀ ਕਿ ਉਹ ਸੋਚਵਾਨਾਂ ਨੂੰ ਇਸ ਕਾਰਜ ਨਾਲ਼ੋ ਅਸਬੰਧਤ ਜਾਂ ਲਾਵਾਸਤਾ ਖ਼ਿਆਲ ਕਰਦਾ ਸੀ। ਇਸ ਦੇ ਉੱਲਟ ਉਸਦਾ ਯਕੀਨ ਸੀ ਕਿ ਜੇ ਫ਼ਲਸਫਿਆਨਾ ਰੁਚੀ ਵਾਲ਼ੇ ਸੋਚਵਾਨ ਆਪਣੇ ਲਈ ਬਰਾਬਰ ਦੀ ਸਰਗਰਮੀ ਲੱਭ ਸਕਦੇ ਹਨ ਤਾਂ ਕੇਵਲ ਸੋਸ਼ਲਿਜ਼ਮ ਲਈ ਸੰਘਰਸ਼ ਵਿਚੋਂ ਹੀ ਲੱਭ ਸਕਦੇ ਹਨ।
ਮਾਰਕਸ ਸਮਝਦਾ ਸੀ ਸਮਾਜਵਾਦ ਲਈ ਸੰਘਰਸ਼ ਕਿਸੇ ਇੱਕ ਸ਼੍ਰੇਣੀ ਦੀ ਨਿਜਾਤ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੀ ਨਿਜਾਤ ਲਈ ਸੰਘਰਸ਼ ਹੈ। ਇਸ ਲਈ ਹਰ ਸੋਚਵਾਨ ਨਾ ਸਿਰਫ਼ ਇਸ ਸੰਘਰਸ਼ ਦਾ ਹਿੱਸਾ ਹੋ ਸਕਦਾ ਹੈ, ਸਗੋਂ ਉਹ ਇਸਦਾ ਹਿੱਸਾ ਹੋ ਕੇ ਹੀ ਉਹ ਆਪਣੀ ਸੋਚ ਨੂੰ ਸਾਕਾਰ ਹੋਇਆ ਦੇਖ ਸਕਦਾ ਹੈ।
ਕੀ ਪੂੰਜੀਵਾਦੀ ਸਮਾਜ ਦੀ ਕੋਈ ਅਜਿਹੀ ਨਿਪੁੰਨ ਸ਼ਕਲ ਵੀ ਹੋ ਸਕਦੀ ਹੈ ਜਿਸ ਵਿਚ ਮਿਹਨਤ ਦੀ ਲੁੱਟ ਨਾ ਰਹੇ? ਇਸਦੇ ਲਈ ਉਸਨੇ ਸਰਮਾਏਦਾਰੀ ਦਾ ਇੱਕ ਅਜਿਹਾ ਆਦਰਸ਼ਕ ਮਾਡਲ ਚਿਤਵਿਆ ਸੀ ਜਿਸ ਵਿਚ ਨਾ ਅਜਾਰੇਦਾਰੀਆਂ ਹੋਣ, ਨਾ ਯੂਨੀਅਨਾਂ ਤੇ ਨਾ ਹੀ ਕਿਸੇ ਵਰਗ ਜਾਂ ਵਿਅਕਤੀ ਨੂੰ ਕੋਈ ਵਿਸ਼ੇਸ਼ ਰਿਆਇਤ ਹਾਸਿਲ ਹੋਵੇ। ਇਸ ਮਾਡਲ ਦੇ ਅੰਦਰ ਹਰ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਨ ਪਿੱਛੋਂ ਮਾਰਕਸ ਨੇ ਇਹ ਨਤੀਜਾ ਕੱਢਿਆ ਸੀ ਕਿ ਪੂੰਜੀਵਾਦੀ ਵਿਵਸਥਾ ਦੀ ਕਿਸੇ ਵੀ ਸ਼ਕਲ ਵਿਚ ਮੁਨਾਫ਼ੇ ਦਾ ਸ੍ਰੋਤ ਮਿਹਨਤ ਹੀ ਰਹਿੰਦੀ ਹੈ।
* * *
ਸਰਮਾਏਦਾਰੀ ਪ੍ਰਬੰਧ ਹੇਠ ਵਸਤਾਂ ਦੀ ਪੈਦਾਵਾਰ ਦੇ ਸਮਾਜੀ ਖਾਸੇ ਤੇ ਇਸ ਉੱਤੇ ਨਿੱਜੀ ਕਬਜ਼ੇ ਵਿਚਲੇ ਤਜ਼ਾਦ ਵਿਚੋਂ ਕਈ ਹੋਰ ਵਿਕਾਰ ਪੈਦਾ ਹੁੰਦੇ ਹਨ, ਜਿਨ੍ਹਾਂ ਵੱਲ ਮਾਰਕਸ ਨੇ ਉਚੇਚਾ ਧਿਆਨ ਦੁਆਇਆ ਸੀ। ਅਜਿਹੇ ਵਿਕਾਰਾਂ ਵਿਚ ਸ਼ਾਮਲ ਹੈ ਮੰਦਵਾੜਿਆਂ ਤੇ ਸੰਕਟਾਂ ਦਾ ਚੱਕਰ ਜਿਹੜਾ ਇਸ ਪ੍ਰਬੰਧ ਨੂੰ ਥੋੜ੍ਹੇ ਥੋੜ੍ਹੇ ਵਕਫ਼ੇ ਪਿਛੋਂ ਆ ਘੇਰਦਾ ਹੈ। ਭਾਵੇਂ ਇਸ ਪ੍ਰਬੰਧ ਨੇ ਸੰਕਟ ਜਾਂ ਮੰਦਵਾੜੇ ਦੀ ਤੀਬਰਤਾ ਨੂੰ ਘਟਾਉਣ ਦੇ ਕੁਝ ਗੁਰ ਲੱਭ ਲਏ ਹਨ ਪਰ ਉਹ ਮੰਦਵਾੜਿਆਂ ਦੇ ਤੇਈਏ ਤਾਪ ਤੋਂ ਉੱਕਾ ਹੀ ਮੁਕਤ ਨਹੀਂ ਹੋ ਸਕਿਆ। ਅਤੇ ਇਹ ਮੰਦਵਾੜੇ ਜਦੋਂ ਆਉਂਦੇ ਹਨ, ਭਾਵੇਂ ਉਹ ਸਰਸਰੀ ਨੌਈਅਤ ਦੇ ਹੀ ਕਿਉਂ ਨਾ ਹੋਣ, ਕੰਮਾਂ ਤੇ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਲਿਤਾੜ ਜਾਂਦੇ ਹਨ, ਅਣਗਿਣਤ ਬਿਜ਼ਨਸ ਦੀਵਾਲੀਆ ਹੋ ਜਾਂਦੇ ਹਨ, ਉਮਰ ਭਰ ਦੀਆਂ ਕਮਾਈਆਂ ਡੁੱਬ ਜਾਂਦੀਆਂ ਹਨ ਤੇ ਫੈਕਟਰੀਆਂ ਨੂੰ ਜਿੰਦਰੇ ਲੱਗ ਜਾਂਦੇ ਹਨ। ਪਰ ਇਹਨਾਂ ਮੰਦਵਾੜਿਆਂ ਦਾ ਸੱਭ ਤੋਂ ਤਬਾਹਕੁਨ ਅਸਰ ਉਹਨਾਂ ਲੋਕਾਂ ਉੱਤੇ ਪੈਂਦਾ ਹੈ, ਜਿਨਾਂ ਲਈ ਮਿਹਨਤ ਤੋਂ ਇਲਾਵਾ ਗੁਜ਼ਾਰੇ ਦਾ ਹੋਰ ਕੋਈ ਵਸੀਲਾ ਨਹੀਂ ਹੁੰਦਾ। ਮਨੁੱਖੀ ਅਰਥਾਂ ਵਿਚ ਇਹ ਮੰਦਵਾੜੇ ਬਹੁਤ ਮਹਿੰਗਾ ਮੁੱਲ ਵਸੂਲ ਕਰਦੇ ਹਨ। ਅਣਗਿਣਤ ਪਰਿਵਾਰਕ ਜ਼ਿੰਦਗੀਆਂ ਨਸ਼ਟ ਹੋ ਜਾਂਦੀਆਂ ਹਨ, ਬੇਕਾਰੀ, ਮਾਨਸਕ ਉਲਾਰ, ਨਿਰਾਸਤਾ ਤੇ ਕਮੀਨਗੀ ਦੀ ਭਾਵਨਾ ਸਮੁੱਚੇ ਸਮਾਜ ਨੂੰ ਆ ਦਬੋਚਦੀ ਹੈ ਅਤੇ ਜਦੋਂ ਤੱਕ ਹਾਲਤ ਸੰਭਾਲਦੀ ਹੈ, ਸਮਾਜ ਦਾ ਇਕ ਪੂਰ ਦਾ ਪੂਰ ਇਹਨਾਂ ਮੰਦਵਾੜਿਆਂ ਦੀ ਨਜ਼ਰ ਹੋ ਚੁੱਕਾ ਹੁੰਦਾ ਹੈ।
ਮੁਨਾਫ਼ਿਆਂ ਤੇ ਧਨ ਦੀ ਬੇਲਗਾਮ ਹਿਰਸ ਇਸ ਪ੍ਰਬੰਧ ਦਾ ਇਕ ਹੋਰ ਅਣਮਨੁੱਖੀ ਪੱਖ ਹੈ। ਹਿਰਸ ਦੀ ਇਸ ਖੇਡ ਵਿਚ ਕਿਸੇ ਫਰਾਡ, ਕਿਸੇ ਹੇਰਾਫੇਰੀ, ਕਿਸੇ ਧੋਖੇਬਾਜ਼ੀ ਨੂੰ ਅਣਉਚਿਤ ਨਹੀਂ ਸਮਝਿਆ ਜਾਂਦਾ ਅਤੇ ਕਿਸੇ ਸੱਭਯ ਨੇਮ ਜਾਂ ਜ਼ਮੀਰ ਨਾਂਅ ਦੀ ਕਿਸੇ ਚੀਜ਼ ਨੂੰ ਇਸ ਦੇ ਰਾਹ ਵਿਚ ਖੜ੍ਹੇ ਨਹੀਂ ਹੋਰ ਦਿੱਤਾ ਜਾਂਦਾ।
ਅਜਿਹੀ ਬੇਲਗਾਮ ਹਿਰਸ ਦਾ ਇਕ ਦ੍ਰਿਸ਼ ਪੱਛਮ ਦੇ ਲੋਕ ਕੁਝ ਸਮਾਂ ਪਹਿਲਾਂ ਦੇਖ ਚੁੱਕੇ ਹਨ ਜਦੋਂ ਐਨਰੌਨ ਤੇ ਵਰਡਕਾਮ ਜਿਹੀਆਂ ਵਿਸ਼ਵ ਕਾਰੋਰੇਸ਼ਨਾਂ ਦੇ ਮਹਿਲ ਦੇਖਦਿਆਂ ਹੀ ਦੇਖਦਿਆਂ ਢੇਰੀ ਹੋ ਗਏ ਤੇ ਅਣਗਿਣਤ ਸਾਧਾਰਨ ਸ਼ੇਅਰ ਹੋਲਡਰਾਂ ਤੇ ਇਹਨਾਂ ਕਾਰਪੋਰੇਸ਼ਨਾਂ ਦੇ ਹਜ਼ਾਰਾਂ ਮੁਲਾਜ਼ਮਾਂ ਦੀ ਸ਼ੇਅਰਾਂ ਦੇ ਰੂਪ ਵਿਚ ਲੱਗੀ ਅਰਬਾਂ ਡਾਲਰ ਪੂੰਜੀ ਇਹਨਾਂ ਕਾਰਪੋਰੇਸ਼ਨਾਂ ਦੇ ਮਲਬੇ ਹੇਠ ਮਲਬਾ ਹੋ ਗਈ। ਪਰ ਇਹਨਾਂ ਕਾਰਪੋਰੇਸ਼ਨਾਂ ਦੇ ਗਰਕਣ ਤੋਂ ਐਨ ਪਹਿਲਾਂ ਇਸ ਦੇ ਐਗਜ਼ੈਕਿਵਟ ਡਾਇਰੈਕਟਰਾਂ ਨੇ ਆਪੋ ਆਪਣੀਆਂ ਸਟਾਕ ਆਪਸ਼ਨਜ਼ ਪੂਰੀ ਕੀਮਤ ਉੱਤੇ ਵੇਚਕੇ ਕਰੋੜਾਂ ਡਾਲਰ ਖਰੇ ਕਰ ਲਏ ਸਨ। ਇਹ ਫਰਾਡ ਤੋਂ ਉੱਤੇ ਇੱਕ ਹੋਰ ਮਹਾਂਫਰਾਡ ਸੀ।
ਮਹਾਂਫਰਾਡ ਦੇ ਇਸ ਨਾਟਕ ਨੇ ਪਹਿਲੀ ਵਾਰ ਕਾਰਪੋਰੇਟ ਸੰਸਾਰ ਦੀ ਅੰਦਰਲੀ ਤਸਵੀਰ ਨੂੰ ਸਾਹਮਣੇ ਲਿਆਂਦਾ-ਇਹ ਅੰਦਰਲੀ ਤਸਵੀਰ ਓਨੀ ਹੀ ਘਿਨਾਉਣੀ ਸੀ ਜਿੰਨੀ ਇਹਨਾਂ ਦੀ ਬਾਹਰਲੀ ਤਸਵੀਰ ਰੰਗੀਨ ਤੇ ਖੁਸ਼ਨੁਮਾ ਨਜ਼ਰ ਆਉਂਦੀ ਸੀ। ਆਜ਼ਾਦ ਮੰਡੀ ਦੇ ਉਪਾਸ਼ਕ ਇਹ ਦੇਖਕੇ ਦੰਗ ਰਹਿ ਗਏ ਕਿ ਕਾਰਪੋਰੇਸ਼ਨਾਂ ਦੇ ਹਵਾਮਹਿਲ ਜਾਅਲੀ ਹਿਸਾਬ ਖਾਤਿਆਂ ਰਾਹੀਂ ਪੈਦਾ ਕੀਤਾ ਹੋਇਆ ਇੱਕ ਝਾਉਲਾ ਹੀ ਹਨ। ਕਾਰਪੋਰੇਟ ਸਕੈਂਡਲਾਂ ਦੇ ਸੰਬੰਧ ਵਿਚ ਜਿਨ੍ਹਾਂ ਦੋਸ਼ੀਆਂ ਵਿਰੁੱਧ ਮੁਕੱਦਮੇ ਚੱਲੇ ਜਾਂ ਚੱਲ ਰਹੇ ਹਨ, ਉਹਨਾਂ ਨੂੰ ਦੇਖਕੇ ਹੈਰਾਨੀ ਹੁੰਦੀ ਹੈ ਕਿ ਇਹ ਸਿਸਟਮ ਕਿਸ ਕਿਸਮ ਦੇ ਕੋਝੇ ਕਿਰਦਾਰ ਪੈਦਾ ਕਰ ਰਿਹਾ ਹੈ। ਆਪਣੇ ਉਜਲੇ ਵਧੀਆ ਪਹਿਰਾਵਿਆਂ ਵਿਚ ਉਹ ਕਿੰਨੇ ਸਾਊ ਤੇ ਸੱਭਯ ਨਜ਼ਰ ਆਉਂਦੇ ਹਨ ਪਰ ਅੰਦਰੋਂ ਕਿੰਨੇ ਖੋਖਲੇ ਤੇ ਨੀਚ ਹਨ।
ਮਾਰਕਸ ਦਾ ਪੱਕਾ ਯਕੀਨ ਸੀ ਕਿ ਗੰਭੀਰ ਵਿਰੋਧਤਾਈਆਂ ਦੀ ਸ਼ਿਕਾਰ ਪੂੰਜੀਵਾਦੀ ਸਮਾਜ ਨੇ ਖਤਮ ਹੋ ਕੇ ਰਹਿਣਾ ਹੈ ਤੇ ਇਸਦੀ ਥਾਂ ਮਨੁੱਖਤਾ ਇੱਕ ਅਜਿਹਾ ਸ਼੍ਰੇਣੀ ਰਹਿਤ ਸਮਾਜ ਸਿਰਜੇਗੀ ਜਿਸ ਦਾ ਬੁਨਿਆਦੀ ਨੇਮ ਹੋਵੇਗਾ "ਹਰ ਇੱਕ ਤੋਂ ਉਸਦੀ ਸਮਰੱਥਾ ਅਨੁਸਾਰ ਤੇ ਹਰ ਇੱਕ ਨੂੰ ਉਸਦੀ ਲੋੜ ਅਨੁਸਾਰ।"
ਸਮਾਜਵਾਦ ਨੂੰ ਉਹ ਸ਼੍ਰੇਣੀ ਰਹਿਤ ਸਮਾਜ ਦਾ ਪਹਿਲਾ ਪੜਾਅ ਖਿਆਲ ਕਰਦਾ ਸੀ। ਭਾਵੇਂ ਜ਼ਿੰਦਗੀ ਨੇ ਉਸਨੂੰ ਐਨੀ ਮੁਹਲਤ ਨਾ ਦਿੱਤੀ ਕਿ ਉਹ ਆਪਣੇ ਤਸੱਵਰ ਦੇ ਸ਼੍ਰੇਣੀ ਰਹਿਤ ਸਮਾਜ ਦੀ ਵਿਸਤਰਤ ਰੂਪ ਰੇਖਾ ਉਲੀਕ ਸਕਦਾ।
* * *
ਮਾਰਕਸ ਦਾ ਜਨਮ ਮਈ 1818 ਨੂੰ ਜਰਮਨੀ ਦੇ ਕਸਬਾ ਟਰੀਅਰ ਵਿਚ ਹੋਇਆ। ਉਸਦੇ ਪਿਤਾ ਆਪਣੇ ਵੇਲੇ ਦੇ ਮੰਨੇ ਪ੍ਰਮੰਨੇ ਵਕੀਲ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵੀ ਵਕੀਲ ਬਣੇ। ਪਰ ਬੌਨ ਪਿਛੋਂ ਬਰਲਿਨ ਯੂਨੀਵਰਸਿਟੀ ਵਿਚ ਪੜ੍ਹਦਿਆਂ ਮਾਰਕਸ ਆਪਣੇ ਵੇਲੇ ਦੇ ਦਾਰਸ਼ਨਿਕ ਸੰਵਾਦਾਂ ਵਿਚ ਅਜਿਹਾ ਖੁੱਭਿਆ ਕਿ ਫ਼ਲਸਫੇ ਦਾ ਹੀ ਹੋ ਕੇ ਰਹਿ ਗਿਆ।
ਮਾਰਕਸ ਦੇ ਜੀਵਨ ਭਰ ਦੇ ਸਾਥੀ, ਦੋਸਤ ਤੇ ਹਮਦਮ ਸਨ ਫਰੈਡਰਿਕ ਏਂਗਲਜ਼ ਜਿਸਨੇ ਹਰ ਕਦਮ ਉੱਤੇ ਮਾਰਕਸ ਦਾ ਸਾਥ ਨਿਭਾਇਆ। ਇਹ ਸਾਥ ਉਸਨੇ ਨਾ ਸਿਰਫ਼ ਵਿਚਾਰਾਂ ਦੇ ਪੱਖੋਂ ਸਗੋਂ ਜਿਹਨੀਂ ਦਿਨੀਂ ਮਾਰਕਸ ਨੂੰ ਸਖ਼ਤ ਤੰਗਦਸਤੀ ਦੀ ਹਾਲਤ ਵਿਚੋਂ ਲੰਘਣਾ ਪਿਆ, ਉਸਨੂੰ ਮਾਲੀ ਸਹਾਇਤਾ ਪਹੁੰਚਾਉਣ ਦੇ ਪੱਖੋਂ ਵੀ ਤੇ ਮਾਰਕਸ ਦੀ ਮੌਤ ਪਿੱਛੋਂ ਉਸਦੀਆਂ ਅਣਛਪੀਆਂ ਲਿਖਤਾਂ ਦਾ ਸੰਪਾਦਨ ਕਰਨ ਤੇ ਉਹਨਾਂ ਨੂੰ ਪਰਕਾਸ਼ਤ ਕਰਵਾਉਣ ਦੇ ਪੱਖੋਂ ਵੀ।
ਇਹਨਾਂ ਦੋਹਾਂ ਮਹਾਨ ਚਿੰਤਕਾਂ ਵਿਚਾਲੇ ਸਹਿਯੋਗ 1844 ਵਿਚ ਪੈਰਿਸ ਤੋਂ ਸ਼ੁਰੂ ਹੋਇਆ ਜਿਥੇ ਉਹ ਦੂਸਰੀ ਵਾਰ ਮਿਲੇ ਸਨ। ਪੈਰਿਸ ਵਿਚ ਮਾਰਕਸ ਦਾ ਉਸ ਸਮੇਂ ਦਾ ਸੰਖੇਪ ਪੜ੍ਹਾ ਉਸਦੀ ਘਾਲਣਾ ਭਰੀ ਜ਼ਿੰਦਗੀ ਦਾ ਮੁੱਢ ਸੀ। ਜਰਮਨ ਅਧਿਕਾਰੀਆਂ ਨੇ ਉਸਨੂੰ ਦੇਸ ਬਦਰ ਕਰ ਦਿੱਤਾ ਸੀ ਕਿਉਂਕਿ ਉਹਨਾਂ ਲਈ ਉਸਦੇ ਉਹ ਸੰਪਾਦਕੀ ਬਰਦਾਸ਼ਤ ਕਰਨ ਔਖੇ ਹੋ ਗਏ ਸਨ ਜਿਹੜੇ ਮਾਰਕਸ ਆਪਣੇ ਸੰਪਾਦਨ ਹੇਠ ਛਪਦੇ ਪਰਚੇ ਵਿਚ ਲਿਖਦਾ ਸੀ। ਪੈਰਿਸ ਵਿਚ ਉਸਨੇ ਇੱਕ ਹੋਰ ਪਰਚੇ ਦਾ ਸੰਪਾਦਨ ਸੰਭਾਲਿਆ ਪਰ ਜਰਮਨ ਅਧਿਕਾਰੀਆਂ ਦੇ ਦਬਾਅ ਹੇਠ ਫਰਾਂਸ ਦੀ ਹਕੂਮਤ ਨੇ ਉਸਨੂੰ ਉਥੋਂ ਵੀ 24 ਘੰਟੇ ਦੇ ਅੰਦਰ ਅੰਦਰ ਕੂਚ ਕਰ ਜਾਣ ਦਾ ਹੁਕਮ ਦੇ ਦਿੱਤਾ। ਮਾਰਕਸ ਤੇ ਉਸਦੇ ਪਰਿਵਾਰ ਨੂੰ ਆਪਣਾ ਡੇਰਾ ਬਰਸਲਜ਼ (ਬੈਲਜੀਅਮ) ਵਿਚ ਲਾਉਣਾ ਪਿਆ। ਬੈਲਜੀਅਮ ਵਿਚ ਉਸਨੇ ਜਿੰਨੇ ਕੁ ਸਾਲ ਗੁਜ਼ਾਰੇ ਉਹ ਉਸਦੀ ਜ਼ਿੰਦਗੀ ਦੇ ਕੁੱਝ ਪੁਰਅਮਨ ਤੇ ਖੁਸ਼ੀ ਭਰੇ ਸਾਲ ਸਨ। ਉਥੇ ਹੀ ਉਸਨੇ ਏਂਗਲਜ਼ ਨਾਲ ਮਿਲਕੇ ਇਤਹਾਸ ਸਿਰਜਕ ਦਸਤਾਵੇਜ਼ "ਕਮਿਉਨਿਸਟ ਮੈਨੀਫੈਸਟੋ" ਲਿਖਿਆ ਅਤੇ ਉਥੇ ਹੀ ਇਸ ਮੈਨੀਫੈਸਟੋ ਦੇ ਆਧਾਰ ਉੱਤੇ ਕਮਿਉਨਿਸਟ ਲੀਗ ਕਾਇਮ ਕੀਤੀ।
ਕਮਿਉਨਿਸਟ ਮੈਨੀਫੈਸਟੋ ਦੇ ਆਰੰਭਕ ਬੋਲ ਸਨ, "ਇੱਕ ਪਰਛਾਈ ਨੇ ਯੂਰਪ ਦੀ ਨੀਂਦ ਹਰਾਮ ਕਰ ਰੱਖੀ ਹੈ। ਇਹ ਪਰਛਾਈ ਕਮਿਊਨਿਜ਼ਮ ਦੀ ਹੈ। ਪੁਰਾਣੇ ਯੂਰਪ ਦੀਆਂ ਸਾਰੀਆਂ ਤਾਕਤਾਂ -ਪੋਪ ਤੇ ਜ਼ਾਰ, ਮੈਟਰਨਿਚ ਤੇ ਗਾਜ਼ੋ, ਫਰਾਂਸੀਸੀ ਰੈਡੀਕਲ ਤੇ ਜਰਮਨ ਜਾਸੂਸ -ਇਸ ਪਰਛਾਈ ਨੂੰ ਟਾਲਣ ਲਈ ਪਵਿਤਰ ਗੱਠਜੋੜ ਕੀਤੀ ਬੈਠੀਆਂ ਹਨ।"
ਇਹ ਮੈਨੀਫੈਸਟੋ ਇਹਨਾਂ ਵੰਗਾਰ ਭਰੇ ਬੋਲਾਂ ਨਾਲ ਸਮਾਪਤ ਹੁੰਦਾ ਸੀ, "ਜੇ ਹਾਕਮ ਸ਼੍ਰੇਣੀਆਂ ਕਮਿਊਨਿਸਟ ਇਨਕਲਾਬ ਦੀ ਗੂੰਜ ਤੋਂ ਕੰਬਦੀਆਂ ਹਨ ਤਾਂ ਉਹਨਾਂ ਨੂੰ ਤਾਂ ਕੰਬਣ ਦਿਓ, ਮਜ਼ਦੂਰਾਂ ਕੋਲ ਗੁਆਉਣ ਲਈ ਆਪਣੀਆਂ ਜ਼ੰਜੀਰਾਂ ਤੋਂ ਇਲਾਵਾ ਹੋਰ ਕੁੱਝ ਨਹੀਂ। ਉਹਨਾਂ ਦੇ ਜਿੱਤਣ ਲਈ ਸਾਰੀ ਦੁਨੀਆ ਪਈ ਹੈ। ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ।"
1848 ਦਾ ਸਾਲ ਸਾਰੇ ਯੂਰਪ ਵਿਚ ਇੱਕ ਤਰ੍ਹਾਂ ਦੇ ਇਨਕਲਾਬੀ ਉਭਾਰ ਦਾ ਸਾਲ ਸੀ। ਇਸੇ ਸਾਲ ਫਰਵਰੀ ਵਿਚ ਫਰਾਂਸ ਵਿਚ ਉਹ ਗ਼ਦਰ ਹੋਇਆ ਜਿਸ ਵਿਚ ਮਜ਼ਦੂਰਾਂ ਤੋਂ ਇਲਾਵਾ ਬਿਜ਼ਨਸਮੈਨ ਤੇ ਛੋਟੇ ਉੱਦਮੀ ਵੀ ਸ਼ਾਮਲ ਸਨ ਤੇ ਜਿਸਨੂੰ ਫਰਾਂਸੀਸੀ ਇਨਕਲਾਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਇਨਕਲਾਬ ਕੰਮ ਦੇ ਅਧਿਕਾਰ ਦੇ ਨਾਅਰੇ ਨਾਲ ਸ਼ੁਰੂ ਹੋਇਆ ਸੀ। ਕੰਮ ਦੇ ਅਧਿਕਾਰ ਦਾ ਨਾਅਰਾ ਉਦੋਂ ਸੱਚਮੁਚ ਇਨਕਲਾਬੀ ਨਾਅਰਾ ਸੀ।
ਅਜਿਹੇ ਹੀ ਇਨਕਲਾਬੀ ਉਭਾਰ ਉਸ ਸਾਲ ਜਰਮਨੀ ਤੇ ਬੈਲਜੀਅਮ ਸਮੇਤ ਕਈ ਹੋਰ ਯੂਰਪੀ ਦੇਸਾਂ ਨੇ ਵੀ ਦੇਖੇ।
1848 ਦੇ ਵਾਕਿਆਤ ਤੋਂ ਬੈਲਜੀਅਮ ਦੇ ਅਧਿਕਾਰੀਆਂ ਨੂੰ ਵੀ ਘਬਰਾਹਟ ਹੋਣੀ ਸੀ ਤੇ ਇਹ ਵੀ ਆਵੱਸ਼ਕ ਸੀ ਇਸ ਘਬਰਾਹਟ ਦੀ ਸਜ਼ਾ ਮਾਰਕਸ ਨੂੰ ਭੁਗਤਣੀ ਪੈਂਦੀ ਕਿਉਂਕਿ ਉਦੋਂ ਤੱਕ ਉਸਦਾ ਨਾਂਅ ਪੁਲਸ ਦੀਆਂ ਸੂਚੀਆਂ ਦੇ ਸਿਖਰ ਉੱਤੇ ਪੁੱਜ ਚੁੱਕਾ ਸੀ। ਸਿੱਟੇ ਵਜੋਂ ਬੈਲਜੀਅਮ ਹਕੂਮਤ ਨੇ ਵੀ ਮਾਰਕਸ ਤੋਂ ਖਹਿੜਾ ਛੁਡਾਉਣਾ ਵਿਚ ਹੀ ਭਲਾ ਸਮਝਿਆ।
ਮਾਰਕਸ ਦੇ ਅਗਲੇ ਟਿਕਾਣੇ ਲਈ ਯੂਰਪ ਵਿਚ ਇੱਕ ਹੀ ਦੇਸ ਰਹਿ ਗਿਆ ਸੀ ਤੇ ਉਹ ਸੀ ਇੰਗਲੈਂਡ। ਉਸਨੇ 24 ਅਗਸਤ 1849 ਨੂੰ ਇਸ ਦੇਸ਼ ਦੇ ਤੱਟ ਉੱਤੇ ਕਦਮ ਰੱਖਿਆ ਅਤੇ ਅਗਲੇ 34 ਸਾਲ ਉਸਨੇ ਇਸ ਦੇਸ ਵਿਚ ਹੀ ਬਿਤਾਏ। ਜਦੋਂ ਉਹ ਇੰਗਲੈਂਡ ਪੁੱਜਿਆ ਤਾਂ ਉਹ ਸਿਰਫ 31 ਸਾਲ ਦਾ ਸੀ ਪਰ ਇਸ ਜਵਾਨ ਉਮਰ ਵਿਚ ਹੀ ਉਹ ਜਿੰਨੇ ਸੰਘਣੇ ਵਾਕਿਆਤ ਵਿਚੋਂ ਲੰਘ ਚੁੱਕਾ ਸੀ ਤੇ ਜਿੰਨਾ ਵਿਆਪਕ ਅਨੁਭਵ ਹਾਸਲ ਕਰ ਚੁੱਕਾ ਸੀ, ਉਸਨੇ ਉਸਨੂੰ ਅਜਿਹਾ ਹਲੂਣਿਆ ਕਿ ਉਸਨੂੰ ਉਮਰ ਭਰ ਚੈਨ ਨਾਲ ਨਾ ਬੈਠਣ ਦਿੱਤਾ। ਜਦੋਂ ਉਹ ਇਨਕਲਾਬੀ ਮੁਹਾਜ਼ ਉੱਤੇ ਨਹੀਂ ਸੀ ਜੂਝ ਰਿਹਾ ਹੁੰਦਾ, ਉਹ ਇਤਹਾਸ ਤੇ ਫ਼ਲਸਫੇ ਦਾ ਮੰਥਨ ਕਰ ਰਿਹਾ ਹੁੰਦਾ ਸੀ।
ਕਮਿਊਨਿਸਟ ਮੈਨੀਫੈਸਟੋ ਵਿਚ ਨਵੇਂ ਸਮਾਜ ਦਾ ਜਿਹੋ ਜਿਹਾ ਨਕਸ਼ਾ ਉਸਨੇ ਤੇ ਏਂਗਲਜ ਨੇ ਉਲੀਕਿਆ ਸੀ ਉਸਦੇ ਲਈ ਸ਼ਕਤੀਸ਼ਾਲੀ ਇਨਕਲਾਬੀ ਲਹਿਰ ਉਸਾਰਨ ਦੇ ਮੰਤਵ ਨਾਲ ਉਸਨੇ ਪਹਿਲੀ ਇੰਟਰਨੈਸ਼ਨਲ ਜਥੇਬੰਦ ਕੀਤੀ। ਮਜ਼ਦੂਰ ਜਮਾਤ ਦੀ ਇਸ ਪਹਿਲੀ ਵਿਸ਼ਵ ਜਥੇਬੰਦੀ ਲਈ ਜਿਹੜੀ ਕਾਨਫਰੰਸ 28 ਸਤੰਬਰ 1864 ਨੂੰ ਲੰਦਨ ਵਿਚ ਹੋਈ ਉਸ ਵਿਚ ਯੂਰਪ ਭਰ ਤੋਂ 2000 ਮਜ਼ਦੂਰ ਨੁਮਾਇੰਦੇ, ਟਰੇਡ ਯੂਨੀਅਨ ਆਗੂ ਤੇ ਦਾਨਸ਼ਵਰ ਸ਼ਾਮਲ ਹੋਏ ਸਨ।
ਪੈਰਿਸ ਇਨਕਲਾਬ ਤੋਂ ਬਾਅਦ ਮਿਹਨਤਕਸ਼ ਸ਼੍ਰੇਣੀ ਵੱਲੋਂ ਤਾਕਤ ਉੱਤੇ ਕਾਬਜ਼ ਹੋਣ ਦਾ ਜਿਹੜਾ ਇੱਕ ਹੋਰ ਹੰਭਲਾ ਮਾਰਕਸ ਨੇ ਤੱਕਿਆ ਉਹ ਸੀ 1871 ਦਾ ਪੈਰਿਸ ਕਮਿਊਨ, ਪਰ ਇਹ ਹੰਭਲਾ ਵੀ ਅਧੂਰਾ ਹੀ ਰਿਹਾ। ਤਾਂ ਵੀ ਪੈਰਿਸ ਕਮਿਊਨ ਬਾਰੇ ਅੰਕਤ ਉਸਦੀ ਲਿਖਤ "ਫਰਾਂਸ ਦੀ ਖਾਨਾਜੰਗੀ" ਉਸ ਦੀਆਂ ਅਜਿਹੀਆਂ ਹੋਰ ਇਤਹਾਸਕ ਲਿਖਤਾਂ ਵਿਚ ਸ਼ੁਮਾਰ ਹੁੰਦੀ ਹੈ, ਜਿਨਾਂ ਤੋਂ ਇਤਹਾਸ ਤੇ ਸਮਾਜ ਦੀ ਗਤੀ ਦੀ ਥਾਹ ਮਿਲਦੀ ਹੈ।
ਆਪਣੀ ਇਸ ਲਿਖਤ ਵਿਚ ਮਾਰਕਸ ਨੇ ਪੈਰਿਸ ਕਮਿਊਨ ਦੇ ਪਿਛੋਕੜ ਤੇ ਉਸਦੀ ਅਸਫ਼ਲਤਾ ਦੇ ਕਾਰਨਾਂ ਦੇ ਜਿਹੜੇ ਵਿਸਥਾਰ ਦਿੱਤੇ ਤੇ ਜਿਹੜਾ ਵਿਸ਼ਲੇਸ਼ਨ ਪੇਸ਼ ਕੀਤਾ ਉਸਤੋਂ ਉਸਦੀ ਬੌਧਿਕ ਗਹਿਰਾਈ, ਉਸਦੀ ਤਿੱਖੀ ਨੀਝ ਤੇ ਦੂਰਦਰਸ਼ਤਾ ਦਾ ਪਤਾ ਲਗਦਾ ਹੈ। ਮਿਹਨਤਕਸ਼ ਸ਼੍ਰੇਣੀ ਨਾਲ ਸੰਬੰਧਤ 'ਪੈਰਿਸ ਕਮਿਊਨ' ਦੀ ਮੁੱਖ ਇਤਹਾਸਕ ਘਟਨਾ ਨੇ ਉਸਨੂੰ ਕਿੰਨਾ ਹਲੂਣਿਆ, ਉਹ "ਫਰਾਂਸ ਦੀ ਖਾਨਾਜੰਗੀ" ਵਿਚ ਦਰਜ ਇਹਨਾਂ ਸਤਰਾਂ ਤੋਂ ਜਾਹਰ ਹੈ:
"ਮਿਹਨਤਕਸ਼ ਲੋਕਾਂ ਦੇ ਪੈਰਿਸ ਨੂੰ ਉਹਨਾਂ ਦੇ ਕਮਿਊਨ ਨੂੰ, ਇਕ ਅਜਿਹੇ ਸ਼ਾਨਾਮੱਤੇ ਲਗਨ ਵਜੋਂ ਹਮੇਸ਼ਾ ਹਮੇਸਾ ਲਈ ਇੱਕ ਜਸ਼ਨ ਦੇ ਰੂਪ ਵਿਚ ਮਨਾਇਆ ਜਾਂਦਾ ਰਹੇਗਾ, ਜਿਹੜਾ ਨਵੇਂ ਸਮਾਜ ਦਾ ਸੰਦੇਸ਼ ਲੈ ਕੇ ਆਇਆ। ਇਸਦੇ ਸ਼ਹੀਦ ਮਿਹਨਤਕਸ਼ ਸ੍ਰੇਣੀ ਦੇ ਧੜਕਦੇ ਦਿਲਾਂ ਵਿਚ ਪਵਿਤਰ ਯਾਦ ਬਣ ਕੇ ਅਮਰ ਹੋ ਗਏ ਹਨ। ਇਸਦੇ ਕਾਤਲਾਂ ਨੂੰ ਇਤਹਾਸ ਨੇ ਅਜਿਹੀ ਸਦੀਵੀ ਚਰਖੜੀ ਉੱਤੇ ਟੰਗ ਦਿੱਤਾ ਹੈ, ਜਿਥੋਂ ਇਹਨਾਂ ਦੇ ਪਾਦਰੀਆਂ ਦੀਆਂ ਸਾਰੀਆਂ ਅਰਦਾਸਾਂ ਵੀ ਇਹਨਾਂ ਨੂੰ ਛੁਟਕਾਰਾ ਨਹੀਂ ਦੁਆ ਸਕਣਗੀਆਂ।"
ਇੱਕ ਕ੍ਰਾਂਤੀਕਾਰੀ ਵਜੋਂ ਮਾਰਕਸ ਨੇ ਜੋ ਕੁੱਝ ਕਰ ਦਿਖਾਇਆ, ਉਸ ਜਿਹੀ ਹੋਰ ਮਿਸਾਲ ਇਤਹਾਸ ਵਿਚ ਘੱਟ ਹੀ ਮਿਲਦੀ ਹੈ। ਇਹ ਉਸੇ ਦੀ ਅਣਥਕ ਹਿੰਮਤ ਦਾ ਨਤੀਜਾ ਸੀ ਕਿ ਇਕ ਕੌਮਾਂਤਰੀ ਮਜ਼ਦੂਰ ਲਹਿਰ ਹੋਂਦ ਵਿਚ ਆਈ। ਭਾਵੇਂ ਆਪਣੇ ਆਪ ਵਿਚ ਇਹ ਇੱਕ ਬੜੀ ਵੱਡੀ ਪ੍ਰਾਪਤੀ ਸੀ ਪਰ ਜਿਸ ਦੇਣ ਨੇ ਉਸਨੂੰ ਇਤਹਾਸ ਵਿਚ ਸਦੀਵੀ ਮੁਕਾਮ ਬਖਸ਼ਿਆ ਉਹ ਸੀ ਐਕਾਨੋਮਿਸਟ, ਫ਼ਿਲਾਸਰਫਰ ਤੇ ਸਮਾਜ ਵਿਗਿਆਨੀ ਵਜੋਂ ਉਸਦੀ ਰਚਨਾ "ਪੂੰਜੀ"। ਇਸਨੂੰ ਪੂਰਾ ਕਰਨ ਵਿਚ ਉਸਨੇ ਪੂਰੇ 18 ਸਾਲ ਲਾਏ ਪਰ ਅਜੇ ਵੀ ਇਹ ਰਚਨਾ ਨਾਮੁਕੰਮਲ ਖਰੜੇ ਤੋਂ ਵੱਧ ਨਹੀਂ ਸੀ। ਇਸਦੀ ਪਹਿਲੀ ਜਿਲਦ ਦੋ ਸਾਲਾਂ ਦੇ ਸੰਪਾਦਨ ਤੋਂ ਬਾਅਦ ਤਿਆਰ ਹੋਈ। ਜਦੋਂ 1883 ਵਿਚ ਮਾਰਕਸ ਦਾ ਦਿਹਾਂਤ ਹੋਇਆ ਤਾਂ ਇਸਦੀਆਂ ਤਿੰਨ ਜਿਲਦਾਂ ਅਜੇ ਮੁਕੰਮਲ ਹੋਣੀਆਂ ਰਹਿੰਦੀਆਂ ਸਨ। ਬਾਕੀ ਦੋ ਜਿਲਦਾਂ ਦੇ ਸੰਪਾਦਨ ਦੀ ਇਤਹਾਸਕ ਜ਼ਿੰਮੇਵਾਰੀ ਫਰੈਡਰਿਕ ਏਂਗਲਜ਼ ਨੇ ਨਿਭਾਈ। ਪੂੰਜੀ ਦੀ ਦੂਸਰੀ ਜਿਲਦ ਏਂਗਲਜ਼ ਨੇ 1885 ਵਿਚ ਤੇ ਤੀਸਰੀ ਜਿਲਦ 1894 ਵਿਚ ਪਰਕਸ਼ਤ ਕਰਵਾਈ। ਚੌਥੀ ਤੇ ਅੰਤਲੀ ਜਿਲਦ ਬਹੁਤ ਚਿਰ ਪਿਛੋਂ 1910 ਵਿਚ ਸਾਹਮਣੇ ਆਈ।
ਇਹ ਰਚਨਾ ਪੂਰੀ ਕਰਨ ਲਈ ਮਨੁੱਖੀ ਗਿਆਨ ਦਾ ਕਿਹੜਾ ਖੇਤਰ ਹੈ ਜਿਸਨੂੰ ਮਾਰਕਸ ਨੇ ਨਹੀਂ ਗਾਹਿਆ।। ਉਸਨੇ ਦੁਨੀਆ ਭਰ ਦੇ ਅਰਥ-ਵਿਗਿਆਨੀਆ ਦਾ ਅਧਿਐਨ ਕੀਤਾ, ਇਤਹਾਸ ਨੂੰ ਰਿੜਕਿਆ, ਫ਼ਿਲਾਸਫੀ ਨੂੰ ਘੋਖਿਆ, ਸਾਹਿਤ ਨੂੰ ਪੜ੍ਹਿਆ ਤੇ ਜਾਣਿਆ ਤੇ ਇਥੋਂ ਤੱਕ ਕਿ ਧਰਮ ਗ੍ਰੰਥਾਂ ਨੂੰ ਵੀ ਫਰੋਲ਼ਿਆ। ਉਸਦੀ ਰਚਨਾ ਅਜਿਹਾ ਪਹਿਲਾ ਸਮਾਜੀ ਵਿਸ਼ਲੇਸ਼ਨ ਹੈ "ਜਿਸ ਵਿਚ ਆਰਥਕਤਾ ਨੂੰ ਉੱਕਾ ਹੀ ਨਵੀ ਰੌਸ਼ਨੀ ਵਿਚ ਪੇਸ਼ ਕੀਤਾ ਗਿਆ।"
ਜਿਨ੍ਹਾਂ ਵਿਦਵਾਨਾਂ ਨੇ "ਪੂੰਜੀ" ਨੂੰ ਨਿਰੋਲ ਇਸ ਆਧਾਰ ਉੱਤੇ ਪਰਖਿਆ ਕਿ ਇਹ ਗਿਆਨ ਦੇ ਕੰਡੇ ਉੱਤੇ ਕਿਵੇਂ ਤੁਲਦੀ ਹੈ, ਉਹ ਮੰਨਦੇ ਹਨ ਸਰਮਾਏਦਾਰੀ ਨਿਜ਼ਾਮ ਦੇ ਪਰਸੰਗ ਵਿਚ ਇਹ ਸਮਾਜ ਦਾ ਅਜਿਹਾ ਡੂੰਘਾ ਤੇ ਖੁੱਭਵਾਂ ਨਿਰੀਖਣ ਹੈ, ਜਿਸਦੀ ਕੋਈ ਹੋਰ ਮਿਸਾਲ ਮਨੁੱਖੀ ਇਤਹਾਸ ਵਿਚ ਨਹੀਂ ਮਿਲਦੀ। ਉਹਨਾਂ ਦੇ ਕਥਨ ਅਨੁਸਾਰ ਇਹ ਨਿਰੀਖਣ ਮਾਰਕਸ ਨੇ ਕਿਸੇ ਇਖਲਾਕੀ ਜਾਂ ਇੰਝ ਕਹਿ ਲਓ ਕਿ "ਚੰਗੇ ਮਾੜੇ" ਦੇ ਪੈਂਤੜੇ ਤੋਂ ਨਹੀਂ ਕੀਤਾ ਤੇ ਨਾ ਹੀ ਮੁਨਾਫ਼ੇ ਦੀ ਹਵਸ ਵਰਗੇ ਸਰਮਾਏਦਾਰੀ ਦੇ ਅਣਮਨੁੱਖੀ ਲੱਛਣਾਂ ਨੂੰ ਲੈ ਕੇ "ਕਿੰਨੀ ਮਾੜੀ ਗੱਲ ਹੈ" ਵਰਗੀਆਂ ਰਵਾਇਤੀ ਜਿਹੀਆਂ ਟਿੱਪਣੀਆਂ ਕੀਤੀਆਂ। ਆਪਣੇ ਸਾਰੇ ਵਲਵਲੇ ਦੇ ਬਾਵਜੂਦ ਮਾਰਕਸ ਨੇ ਸਰਮਾਏਦਾਰੀ ਨਿਜ਼ਾਮ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਉਸ ਵਿਚ ਗਣਿਤ ਵਿਦਿਆ ਜਿਹੀ ਸ਼ੁੱਧਤਾ ਹੈ, ਪਰ ਇਸਦੇ ਨਾਲ ਨਾਲ "ਪੂੰਜੀ" ਵਿਚ ਅਜਿਹੀ ਦਾਰਸ਼ਨਿਕ ਗਹਿਰਾਈ ਵੀ ਹੈ ਜਿਹੜੀ ਮਨੁੱਖੀ ਦ੍ਰਿਸ਼ਟੀ ਲਈ ਨਵੇਂ ਆਯਾਮ ਖੋਲ੍ਹਦੀ ਹੈ। ਇਹੀ ਕਾਰਨ ਹੈ ਕਿ "ਪੂੰਜੀ" ਮਨੁੱਖਤਾ ਨੂੰ ਮਾਰਕਸ ਦੀ ਇੱਕ ਲਾਮਿਸਾਲ ਦੇਣ ਗਿਣੀ ਜਾਂਦੀ ਹੈ।"
ਮਾਰਕਸ ਦੇ ਆਲੋਚਕ ਵੀ ਇਹ ਮੰਨਦੇ ਹਨ ਕਿ "ਪੂੰਜੀ" ਵਿਚ ਜਿਥੇ ਮਾਰਕਸ ਐਕਾਨੋਮਿਸਟ ਹੈ, ਉਸਦੀ ਲਿਖਤ ਵਿਚ ਕਮਾਲ ਦਾ ਸੰਕੋਚ ਹੈ ਪਰ ਜਿਥੇ ਉਹ ਇਤਿਹਾਸਕਾਰ ਤੇ ਦਾਰਸ਼ਨਿਕ ਹੈ ਉਸਦੀ ਕਲਮ ਵਿਚ ਲੋਹੜੇ ਦਾ ਵੇਗ ਤੇ ਰਵਾਨੀ ਹੈ।
* * *
ਮਾਰਕਸ ਦਾ ਸਾਥੀ ਏਂਗਲਜ਼ ਵੀ ਜਰਮਨੀ ਦਾ ਜੰਮਪਲ ਸੀ ਪਰ ਉਹ ਵਧੇਰੇ ਖੁਸ਼ਹਾਲ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਸਦੇ ਪਰਿਵਾਰ ਦਾ ਟੈਕਸਟਾਈਲ ਦਾ ਕਾਰੋਬਾਰ ਸੀ। ਏਂਗਲਜ਼ ਨੇ ਵੀ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਵਿਚ ਹੀ ਬਿਤਾਇਆ ਜਿਥੇ ਉਹ ਆਪਣੇ ਪਰਿਵਾਰ ਦੀ ਫਰਮ ਦੀ ਦੇਖਭਾਲ ਕਰਦਾ ਸੀ।
ਜਵਾਨੀ ਦੇ ਦਿਨਾਂ ਵਿਚ ਏਂਗਲਜ਼ ਜਦੋਂ ਦੂਸਰੀ ਵਾਰ ਮਾਰਕਸ ਨੂੰ ਪੈਰਿਸ ਵਿਚ ਮਿਲਿਆ ਸੀ, ਉਸਦਾ ਇਹ ਮੱਤ ਬਣ ਚੁੱਕਾ ਸੀ ਕਿ ਮਨੁੱਖਤਾ ਦੀ ਨਿਜਾਤ ਅਜਿਹਾ ਸਮਾਜੀ ਪ੍ਰਬੰਧ ਸਥਾਪਤ ਕਰਨ ਵਿਚ ਹੈ ਜਿਹੜਾ ਸੰਪਤੀ ਦੀ ਨਿੱਜੀ ਮਾਲਕੀ ਤੋਂ ਰਹਿਤ ਤੇ ਸਾਂਝੀਵਾਲਤਾ ਉੱਤੇ ਆਧਾਰਤ ਹੋਵੇ। ਅਜਿਹਾ ਸਮਾਜ ਉਸਦੀ ਨਜ਼ਰ ਵਿਚ ਕਮਿਉਨਿਜ਼ਮ ਹੀ ਹੋ ਸਕਦਾ ਸੀ।
ਵਿਚਾਰਾਂ ਤੇ ਕਾਰਜ ਦੀ ਸਾਂਝ ਕਾਰਨ ਮਾਰਕਸ ਤੇ ਏਂਗਲਜ਼ ਦੇ ਨਾਂਅ ਆਪਸ ਵਿਚ ਐਨੇ ਪੁਰਤੇ ਹੋਏ ਹਨ ਕਿ ਉਹਨਾਂ ਦੋਹਾਂ ਦਾ ਨਾਂਅ ਇਕ ਦੂਸਰੇ ਨਾਲ ਜੋੜ ਕੇ ਹੀ ਲਿਆ ਜਾਂਦਾ ਹੈ। ਉਹ ਉਮਰ ਭਰ ਮਿਲਕੇ ਚਲੇ। ਤਾਂ ਵੀ ਉਹਨਾਂ ਦੀਆਂ ਸ਼ਖਸੀਅਤਾਂ ਬਹੁਤ ਵੱਖਰੀਆਂ ਸਨ। ਏਂਗਲਜ਼ ਉੱਚਾ ਲੰਮਾ ਤੇ ਸਜੀਲਾ ਵਿਅਕਤੀ ਸੀ। ਉਹ ਖੁਸ਼ ਰਹਿਣ ਤੇ ਜ਼ਿੰਦਗੀ ਨੂੰ ਮਾਨਣ ਵਿਚ ਯਕੀਨ ਰੱਖਦਾ ਸੀ। ਇੱਕ ਸਿਰਕੱਢ ਚਿੰਤਕ ਵਜੋਂ ਉਹ ਤੀਖਣ ਬੁੱਧੀ, ਚੁਸਤ ਸੋਚ ਤੇ ਵਿਆਪਕ ਦ੍ਰਿਸ਼ਟੀ ਦਾ ਮਾਲਕ ਸੀ ਤੇ ਕਈ ਜ਼ੁਬਾਨਾਂ ਜਾਣਦਾ ਸੀ। ਜਦੋਂ ਉਹ ਲਿਖਣ ਬੈਠਦਾ ਸੀ ਤਾਂ ਆਪਣੀ ਲਿਖਤ ਨੂੰ ਮੁਕਾ ਕੇ ਹੀ ਸਾਹ ਲੈਂਦਾ ਸੀ।
ਤਾਂ ਵੀ ਉਸਨੇ ਮਾਰਕਸ ਦਾ ਸਥਾਨ ਆਪਣੇ ਨਾਲੋਂ ਹਮੇਸ਼ਾ ਹੀ ਉੱਚਾ ਸਮਝਿਆ।
ਮਾਰਕਸ ਇੱਕ ਅਜਿਹਾ ਅਣਥੱਕ ਚਿੰਤਕ ਸੀ ਜਿਸਦਾ ਸਰੀਰ ਗੱਠਿਆ ਹੋਇਆ ਤੇ ਜੁੱਸਾ ਨਰੋਆ ਸੀ। ਉਸ ਵਿਚ ਕਿਸੇ ਜਰਮਨ ਸਕਾਲਰ ਵਾਲੇ ਸਾਰੇ ਵਸਫ ਮੌਜੂਦ ਸਨ। ਉਹ ਬੇਹੱਦ ਗੰਭੀਰਚਿੱਤ, ਬਾਰੀਕਬੀਨ ਤੇ ਖਬਤ ਦੀ ਹੱਦ ਤੱਕ ਪੂਰਨਤਾਵਾਦੀ ਸੀ। ਉਹ ਇੱਕ ਇੱਕ ਤੱਥ ਨੂੰ ਅੰਤਲੀ ਹੱਦ ਤੱਕ ਘੋਖਦਾ ਪਰਖਦਾ ਤੇ ਇੱਕ ਇੱਕ ਘਟਨਾ ਦੀ ਪੁਣਛਾਣ ਕਰਨ ਲਈ ਕਿਸੇ ਤਰੱਦਦ ਤੋਂ ਸੰਕੋਚ ਨਹੀਂ ਸੀ ਕਰਦਾ।
ਲੰਦਨ ਵਿਚ ਰਹਿੰਦਿਆਂ ਮਾਰਕਸ ਨੂੰ ਆਪਣੇ ਪਰਵਾਰ ਦੇ ਗੁਜ਼ਾਰੇ ਲਈ ਕੋਈ ਪੱਕਾ ਕੰਮ ਤਾਂ ਨਾ ਲੱਭਾ ਪਰ ਆਪਣੇ ਵਿਚਾਰਾਂ ਦੀ ਪੂਰਤੀ ਲਈ ਉਸਨੂੰ ਮਨੁੱਖੀ ਇਤਿਹਾਸ ਅਤੇ ਇਲਮ ਦਾ ਇੱਕ ਭਰਭੂਰ ਸੋਮਾ ਜ਼ਰੂਰ ਲੱਭ ਪਿਆ। ਇਹ ਸੋਮਾ ਸੀ ਬ੍ਰਿਟਿਸ਼ ਮਿਊਜ਼ੀਅਮ। ਇਥੇ ਉਹ ਹਰ ਰੋਜ਼ ਨੇਮ ਨਾਲ਼ ਘਰੋਂ 10 ਵਜੇ ਜਾਂਦਾ ਤੇ ਸ਼ਾਮ ਨੂੰ ਸੱਤ ਵਜੇ ਪਰਤਦਾ। ਇੰਝ ਸਾਰਾ ਸਾਰਾ ਦਿਨ ਉਹ ਖੋਜ ਦੇ ਕੰਮ ਵਿਚ ਰੁੱਝਾ ਰਹਿੰਦਾ। ਲੰਦਨ ਵਿਚ ਉਸਦੀ ਉਮਰ ਦਾ ਬਹੁਤਾ ਹਿੱਸਾ ਬ੍ਰਿਟਿਸ਼ ਮਿਉਜ਼ੀਅਮ ਵਿਚ ਹੀ ਲੰਘਿਆ।
ਗੁਜ਼ਾਰੇ ਦਾ ਕੋਈ ਵਸੀਲਾ ਨਾ ਹੋਣ ਕਾਰਨ ਮਾਰਕਸ ਤੇ ਉਸਦੇ ਪਰਵਾਰ ਨੂੰ ਕੁੱਝ ਵਧੇਰੇ ਹੀ ਔਖੇ ਦਿਨਾਂ ਵਿਚੋਂ ਲੰਘਣਾ ਪਿਆ। ਕੁੱਝ ਸਮਾਂ ਤਾਂ ਉਸਨੇ ਆਪਣਾ ਗੁਜ਼ਾਰਾ ਨਿਊਯਾਰਕ ਟ੍ਰਿਬਿਊਨ ਲਈ ਲੇਖ ਲਿਖਕੇ ਤੋਰਿਆ ਪਰ ਜਦੋਂ ਇਹ ਲੇਖ ਛਪਣੇ ਬੰਦ ਹੋ ਗਏ, ਉਸਨੇ ਰੇਲਵੇ ਵਿਚ ਕਲਰਕੀ ਦੀ ਨੌਕਰੀ ਲੈਣੀ ਚਾਹੀ ਪਰ ਆਪਣੀ ਲਿਖਾਈ ਕਾਰਨ ਉਥੋਂ ਵੀ ਉਸਦੀ ਅਰਜ਼ੀ ਰੱਦ ਹੋ ਗਈ। ਹਾਲਤ ਇਹ ਹੋ ਗਈ ਕਿ ਘਰ ਵਿਚ ਜੋ ਵੀ ਚੀਜ਼ ਵਿਕਣਯੋਗ ਸੀ ਉਹ ਵੇਚੀ ਗਈ। ਪਰਿਵਾਰ ਵੱਲੋਂ ਮਿਲੇ ਚਾਂਦੀ ਦੇ ਬਰਤਨ ਤੇ ਗਹਿਣੇ ਪਹਿਲਾਂ ਹੀ ਵਿਕ ਚੁੱਕੇ ਸਨ। ਕਈ ਵਾਰ ਬੇਬਸੀ ਇਥੋਂ ਤੱਕ ਪੁੱਜ ਜਾਂਦੀ ਸੀ ਉਸਨੂੰ ਘਰੋਂ ਬਾਹਰ ਜਾਣਾ ਅਸੰਭਵ ਹੋ ਜਾਂਦਾ ਕਿਉਂਕਿ ਉਸਦਾ ਕੋਟ ਤੇ ਬੂਟ ਗਹਿਣੇ ਪਏ ਹੁੰਦੇ ਸਨ। ਕਈ ਮੌਕਿਆਂ ਉੱਤੇ ਉਸ ਕੋਲ ਇਤਨੇ ਪੈਸੇ ਵੀ ਨਹੀਂ ਸਨ ਹੁੰਦੇ ਕਿ ਉਹ ਆਪਣੀ ਲਿਖਤ ਆਪਣੇ ਕਿਸੇ ਪ੍ਰਕਾਸ਼ਕ ਨੂੰ ਭੇਜਣ ਲਈ ਟਿਕਟਾਂ ਖਰੀਦ ਸਕੇ। ਇਸੇ ਸਮੇਂ ਵਿਚ ਉਸਨੂੰ ਕਈ ਹੋਰ ਬੀਮਾਰੀਆਂ ਦੇ ਨਾਲ ਨਾਲ ਫੋੜੇ ਵੀ ਹੋ ਗਏ ਸਨ। ਪਰ ਉਸਨੂੰ ਆਪਣੇ ਦੁੱਖ ਉੱਤੇ ਹੱਸਣ ਦੀ ਜਾਚ ਕਦੇ ਨਾ ਭੁੱਲੀ। ਇੱਕ ਵਾਰ ਫੋੜਿਆਂ ਦੀ ਪੀੜ੍ਹ ਸਹਿੰਦਿਆਂ ਦਿਨ ਭਰ ਕਲਮ ਚਲਾਉਣ ਪਿਛੋਂ ਉਹ ਬ੍ਰਿਟਿਸ਼ ਮਿਉਜ਼ੀਅਮ ਤੋਂ ਘਰ ਪਰਤਿਆ ਤਾਂ ਉਸਨੇ ਕਿਹਾ, "ਮੈਨੂੰ ਯਕੀਨ ਹੈ, ਮੇਰੇ ਫੋੜੇ ਬੁਰਯਆਜ਼ੀ ਨੂੰ ਮਰਦੇ ਦਮ ਤੱਕ ਸਤਾਉਂਦੇ ਰਹਿਣਗੇ।"
ਤਾਂ ਵੀ ਜਦੋਂ ਉਹ ਦੇਖਦਾ ਕਿ ਉਸਦੀ ਤੰਗਦਸਤੀ ਕਾਰਨ ਉਸਦੇ ਪਰਵਾਰ ਦੇ ਜੀਆਂ ਨੂੰ ਕਿੰਨਾ ਦੁੱਖੀ ਹੋਣਾ ਪੈ ਰਿਹਾ ਹੈ ਤਾਂ ਉਹ ਸੱਚਮੁਚ ਪਰੇਸ਼ਾਨ ਹੋ ਉੱਠਦਾ, ਇੱਕ ਵਾਰ ਉਸਨੇ ਏਂਗਲਜ਼ ਨੂੰ ਲਿਖਿਆ, "ਮੇਰੀ ਜਾਨ, ਮੇਰੀ ਜੈਨੀ ਬੀਮਾਰ ਹੈ। ਲੈਨਚੈਨ (ਨੌਕਰਾਨੀ) ਨੂੰ ਇੱਕ ਤਰ੍ਹਾਂ ਦਾ ਦਿਮਾਗ਼ੀ ਬੁਖਾਰ ਹੈ। ਮੇਰੇ ਕੋਲ ਕੋਈ ਪੈਸਾ ਨਹੀਂ ਕਿ ਮੈਂ ਡਾਕਟਰ ਨੂੰ ਬੁਲਾ ਸਕਾਂ। ਪਿਛਲੇ ਅੱਠਾਂ ਦਸਾਂ ਦਿਨਾਂ ਤੋਂ ਅਸੀਂ ਆਲੂ ਤੇ ਬਰੈਡ ਖਾ ਕੇ ਗੁਜ਼ਾਰਾ ਕਰ ਰਹੇ ਹਾਂ। ਲੱਗਦਾ ਨਹੀਂ ਅੱਗੋਂ ਇਹ ਵੀ ਮਿਲ ਸਕਣ। ਮੈਂ ਇਹਨੀਂ ਦਿਨੀ ਕੁੱਝ ਨਹੀਂ ਲਿਖਿਆ ਕਿਉਂਕਿ ਮੇਰੀ ਜੇਬ ਵਿਚ ਧੇਲਾ ਵੀ ਨਹੀਂ ਕਿ ਮੈਂ ਲਿਖਣ ਲਈ ਬਾਹਰ ਜਾ ਕੇ ਅਖ਼ਬਾਰ ਪੜ੍ਹ ਸਕਾਂ…"
ਪਰ ਇਹ ਸਾਰੀਆਂ ਮੁਸ਼ਕਲਾਂ ਤੇ ਥੁੜ੍ਹਾਂ ਮਾਰਕਸ ਨੇ ਕਿਵੇਂ ਨਾ ਕਿਵੇਂ ਸਹਾਰ ਹੀ ਲਈਆਂ। ਪਰ ਆਪਣੀ ਪਤਨੀ ਜੈਨੀ ਦੀ ਮੌਤ ਦਾ ਦੁੱਖ ਉਸਤੋਂ ਨਾ ਸਹਾਰਿਆ ਗਿਆ। ਜਦੋਂ 1881 ਵਿਚ ਜੈਨੀ ਦੀ ਮੌਤ ਹੋਈ ਤਾਂ ਮਾਰਕਸ ਐਨਾ ਬੀਮਾਰ ਸੀ ਕਿ ਉਹ ਉਸਦੀ ਅਰਥੀ ਨਾਲ ਵੀ ਨਾ ਜਾ ਸਕਿਆ। ਏਂਗਲਜ਼ ਉਸ ਕੋਲ ਅਫ਼ਸੋਸ ਕਰਨ ਆਇਆ ਤਾਂ ਮਾਰਕਸ ਨੇ ਕਿਹਾ, "ਮੂਰ ਵੀ ਮਰ ਗਿਆ ਹੈ।"
(ਮਾਰਕਸ ਦੇ ਬੱਚੇ ਉਸਨੂੰ ਕੁੱਝ ਲਾਡ ਨਾਲ ਤੇ ਕੁਝ ਛੇੜ ਨਾਲ "ਮੂਰ" ਅਰਥਾਤ "ਹਬਸ਼ੀ" ਆਖਦੇ ਸਨ, ਕਿਉਂਕਿ ਮਾਰਕਸ ਦਾ ਰੰਗ ਕੁਝ ਗਹਿਰਾ ਸੀ)
ਜੇ ਮਾਰਕਸ ਨੂੰ ਲੱਗਾ ਜਿਵੇਂ ਜੈਨੀ ਦੇ ਮਰਨ ਨਾਲ ਉਹ ਵੀ ਮਰ ਗਿਆ ਹੈ, ਤਾਂ ਉਸਨੂੰ ਠੀਕ ਹੀ ਲੱਗਾ। ਇਹ ਜੈਨੀ ਦਾ ਸਿਦਕ ਭਰਿਆ ਤੇ ਦਰਦਮੰਦਾ ਸਾਥ ਹੀ ਸੀ ਜਿਸਨੇ ਮਾਰਕਸ ਨੂੰ ਜ਼ਿੰਦਗੀ ਦੇ ਕਠੋਰ ਪੜਾਵਾਂ ਵਿਚੋਂ ਲੰਘਣ ਵਿਚ ਮੱਦਦ ਕੀਤੀ।
ਮਾਰਕਸ ਤੇ ਜੈਨੀ ਦੀ ਸ਼ਾਦੀ 1843 ਵਿਚ ਹੋਈ। ਉਹ ਦੋਹਵੇਂ ਇਕੋ ਸ਼ਹਿਰ ਦੇ ਸਨ। ਵਾਸਤਵ ਵਿਚ ਇਹਨਾਂ ਦੋਹਾਂ ਦੇ ਪਰਵਾਰ ਆਪਸ ਵਿਚ ਗੁਆਂਢੀ ਸਨ। ਇਹਨਾਂ ਦੋਹਾਂ ਦੀ ਬਚਪਨ ਦੀ ਦੋਸਤੀ ਨੇ ਅੰਤ ਨੂੰ ਜੀਵਨ ਸਾਥ ਦੀ ਸ਼ਕਲ ਅਖਤਿਆਰ ਕਰ ਲਈ।
ਜੈਨੀ ਦੇ ਪਿਤਾ ਬੈਰਨ ਵੋਨ ਵੈਸਟਫਾਲਨ ਅਰਿਸਟੋਕਰੈਟ ਤੇ ਪ੍ਰਿਵੀ ਕੌਂਸਲਰ ਸਨ। ਪਰ ਅਜਿਹਾ ਹੁੰਦਿਆਂ ਹੋਇਆ ਵੀ ਰੌਸ਼ਨ ਖ਼ਿਆਲ ਤੇ ਮਾਨਵੀ ਵਿਚਾਰਾਂ ਦੇ ਅਨੁਆਈ ਸਨ।
ਜੈਨੀ ਆਪਣੇ ਸ਼ਹਿਰ ਦੀ ਕਿੰਨੀ ਸੁਣੱਖੀ ਕੁੜੀ ਸੀ, ਇਸਦਾ ਜ਼ਿਕਰ ਮਾਰਕਸ ਨੇ ਆਪਣੀ ਇੱਕ ਚਿੱਠੀ ਵਿਚ ਆਪਣੇ ਹੀ ਅੰਦਾਜ਼ ਨਾਲ ਕੀਤਾ।
ਵਿਆਹ ਤੋਂ ਚੌਖੇ ਸਾਲਾਂ ਪਿੱਛੋਂ ਉਸਨੇ ਆਪਣੇ ਸ਼ਹਿਰ ਦੀ ਫੇਰੀ ਪਿਛੋਂ ਆਪਣੇ ਇੱਕ ਦੋਸਤ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਮੈਨੂੰ ਆਪਣੇ ਸ਼ਹਿਰ ਵਿਚ ਅਜੇ ਵੀ ਇਸ ਗੱਲੋਂ ਯਾਦ ਕੀਤਾ ਜਾਂਦਾ ਹੈ ਕਿ ਮੈਂ ਇਥੋਂ ਦੀ ਸੱਭ ਤੇ ਸੁਹਣੀ ਕੁੜੀ ਵਿਆਹੀ ਸੀ। ਮੈਨੂੰ ਇਸ ਗੱਲ ਨੇ ਕਿੰਨਾ ਹੁਲਾਰਾ ਦਿੱਤਾ, ਇਸਦਾ ਅੰਦਾਜ਼ਾ ਤੂੰ ਸਹਿਜੇ ਹੀ ਲਾ ਸਕਦੈਂ।
ਜੈਨੀ ਜ਼ਿੰਦਗੀ ਦੀਆਂ ਔਖੀਆਂ ਘਾਟੀਆਂ ਵਿਚੋਂ ਲੰਘੀ ਤਾਂ ਇਹ ਭੁਲਾ ਕੇ ਲੰਘੀ ਕਿ ਉਹ ਕਿੰਨੇ ਵੱਡੇ ਘਰ ਦੀ ਧੀ ਸੀ ਜਾਂ ਉਸਨੂੰ ਉਥੇ ਕਿੰਨੀਆਂ ਸੁੱਖ ਸਹੂਲਤਾਂ ਪ੍ਰਾਪਤ ਸਨ। ਅਤੇ ਅਜਿਹੀਆਂ ਕਿਹੜੀਆਂ ਔਕੜਾਂ ਸਨ ਜਿਨ੍ਹਾਂ ਦਾ ਟਾਕਰਾ ਉਸਨੇ ਆਪਣੇ ਪ੍ਰਤਿਭਾਸ਼ਾਲੀ ਫਕੀਰ ਪਤੀ ਨਾਲ ਮਿਲ ਕੇ ਨਹੀਂ ਸੀ ਕੀਤਾ। ਜਦੋਂ ਇੱਕ ਵਾਰ ਉਸਦੇ ਇੱਕ ਬੱਚੇ ਦੀ ਮੌਤ ਹੋਈ ਤਾਂ ਉਸਦੇ ਕੱਫਣ ਲਈ ਉਸਨੂੰ ਆਪਣੀ ਕਿਸੇ ਗੁਆਂਢਣ ਤੋਂ ਪੈਸੇ ਮੰਗਣੇ ਪਏ ਸਨ।
ਮਾਰਕਸ ਤੇ ਜੈਨੀ ਦਾ ਸਾਥ ਇੱਕ ਦੂਸਰੇ ਲਈ ਡੂੰਘੇ ਸਮਰਪਣ ਉੱਤੇ ਅਧਾਰਤ ਸੀ। ਇਸਦਾ ਜ਼ਿਕਰ ਇੱਕ ਥਾਂ ਉਹਨਾਂ ਦੀ ਬੇਟੀ ਨੇ ਵੀ ਕੀਤਾ ਹੈ। ਇਹ ਉਸ ਪਲ ਦੀ ਵਾਰਤਾ ਹੈ ਜਦੋਂ ਜੈਨੀ ਮੌਤ ਦੀਆਂ ਘੜੀਆਂ ਗਿਣ ਰਹੀ ਸੀ ਤੇ ਮਾਰਕਸ ਸਖ਼ਤ ਬੀਮਾਰ ਸੀ। ਉਹਨਾਂ ਦੀ ਬੇਟੀ ਲਿਖਦੀ ਹੈ:
"ਸਾਡੀ ਪਿਆਰੀ ਅੰਮੀਂ ਅਗਲੇ ਵੱਡੇ ਕਮਰੇ ਵਿਚ ਪਈ ਸੀ ਤੇ ਮੂਰ ਨਾਲ ਲਗਦੇ ਛੋਟੇ ਕਮਰੇ ਵਿਚ ਲੇਟਿਆ ਹੋਇਆ ਸੀ। ਮੈਨੂੰ ਉਹ ਸਵੇਰ ਨਹੀਂ ਭੁੱਲਦੀ ਜਦੋਂ ਮੂਰ ਵਿਚ ਐਨੀ ਕੁ ਹਿੰਮਤ ਆਈ ਕਿ ਉਹ ਉੱਠ ਕੇ ਮੇਰੀ ਮਾਂ ਦੇ ਕਮਰੇ ਵਿਚ ਜਾ ਸਕੇ। ਜਦੋਂ ਉਹ ਇੱਕ ਦੂਸਰੇ ਦੇ ਕੋਲ ਸਨ ਤਾਂ ਉਹ ਮੁੜ ਤੋਂ ਜਵਾਨ ਹੋ ਗਏ ਜਾਪਦੇ ਸਨ। ਉਹ ਇੱਕ ਨੱਢੀ ਮੁਟਿਆਰ ਤੇ ਉਹ ਕੁਰਬਾਨ ਹੋਣ ਲਈ ਤਿਆਰ ਇਕ ਬਾਂਕਾ ਨੌਜਵਾਨ -ਇੰਝ ਜਿਵੇਂ ਉਹਨਾਂ ਜ਼ਿੰਦਗੀ ਦੀ ਦਹਿਲੀਜ਼ ਉੱਤੇ ਕਦਮ ਰੱਖਿਆ ਹੀ ਹੋਵੇ। ਉਦੋਂ ਨਾ ਮੂਰ ਬਿਮਾਰੀਆਂ ਤੇ ਬੁਢਾਪੇ ਦਾ ਮਧੋਲਿਆ ਲਗਦਾ ਸੀ ਤੇ ਨਾ ਮਾਂ ਮਰਨ ਕੰਢੇ ਪੁੱਜੀ ਹੋਈ ਜਾਪਦੀ ਸੀ ਨਾ ਹੀ ਇੰਝ ਨਜ਼ਰ ਆਉਂਦਾ ਸੀ ਜਿਵੇਂ ਉਹ ਇੱਕ ਦੂਸਰੇ ਨਾਲੋਂ ਸਦਾ ਲਈ ਵਿਛੜਨ ਵਾਲੇ ਹੋਣ।"
ਜਦੋਂ ਜੈਨੀ ਦੀ ਮੌਤ ਹੋਈ ਤਾਂ ਉਹ ਆਪਣੇ ਪੰਜ ਬੱਚਿਆਂ ਵਿਚੋਂ ਦੋ ਨੂੰ ਦਫਨਾ ਚੁੱਕੀ ਸੀ ਅਤੇ ਬੁਰੀ ਤਰ੍ਹਾਂ ਹੰਭ ਚੁੱਕੀ ਸੀ।
ਜੈਨੀ ਦੀ ਮੌਤ ਪਿਛੋਂ ਮਾਰਕਸ ਵਿਚ ਪਹਿਲਾਂ ਵਾਲੀ ਚੰਗਿਆੜੀ ਤਾਂ ਨਹੀਂ ਸੀ ਰਹੀ ਪਰ ਉਸਦੀ ਸੋਚ ਦੀ ਆਬੋਤਾਬ ਅਖੀਰਲੇ ਪਲ ਤੱਕ ਕਾਇਮ ਰਹੀ। ਆਪਣੀ ਜੀਵਨ ਸਾਥਣ ਦੇ ਤੁਰ ਜਾਣ ਤੋਂ ਬਾਅਦ 1883 ਦੇ ਮਾਰਚ ਦੇ ਇੱਕ ਦਿਨ ਤੀਜੇ ਪਹਿਰ ਉਹ ਚੁੱਪ ਚੁਪੀਤਿਆਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਪਰ ਜਾਂਦਿਆਂ ਹੋਇਆ ਉਹ ਮਨੁੱਖਤਾ ਲਈ ਬਹੁਤ ਕੁੱਝ ਸੋਚਣ, ਵਿਚਾਰਨ ਤੇ ਕਰਨ ਲਈ ਛੱਡ ਗਿਆ।
* * *
ਮਾਰਕਸ ਦੇ ਵਿਚਾਰਾਂ ਦੀ ਮੌਤ ਦੇ ਐਲਾਨ ਉਸਦੇ ਅੱਖਾਂ ਮੀਟਦਿਆਂ ਹੀ ਸ਼ੁਰੂ ਹੋ ਗਏ ਸਨ ਅਤੇ ਅੱਜ ਤੱਕ ਜਾਰੀ ਹਨ। ਪੰਜਾਬੀ ਪਰਚੇ "ਹੁਣ" ਵਿਚ ਛਪੇ ਇੱਕ ਲੇਖ ਵਿਚ ਪੰਜਾਬੀ ਪਾਠਕਾਂ ਤੱਕ ਇਹ ਖਬਰ ਪਹੁੰਚਾਈ ਗਈ ਹੈ ਕਿ ਭਲੇ ਲੋਕੋ ਤੁਸੀਂ ਕਿਥੇ ਭੁੱਲੇ ਫਿਰਦੇ ਹੋ, ਕੁੱਝ ਜਗਤਪ੍ਰਸਿਧ ਮਾਰਕਸਵਾਦੀਆਂ ਸਮੇਤ ਬਹੁਤ ਸਾਰੇ ਨਵੇਂ ਫ਼ਿਲਾਸਫਰਾਂ ਨੇ ਬਹੁਤ ਚਿਰ ਪਹਿਲਾਂ 1977 ਵਿਚ ਇਕੱਠੇ ਹੋ ਕੇ ਇਹ ਐਲਾਨ ਕਰ ਦਿੱਤਾ ਸੀ ਕਿ "ਮਾਰਕਸ ਮਰ ਚੁੱਕਾ ਹੈ।"
ਸੋਵੀਅਤ ਯੂਨੀਅਨ ਦੇ ਖ਼ਾਤਮੇ ਤੋਂ ਬਾਅਦ ਤਾਂ ਇਹ ਕਿਹਾ ਜਾਣ ਲੱਗਾ ਕਿ "ਮਾਰਕਸ ਦੇ ਮਰਨ" ਦੀ ਖ਼ਬਰ ਦੀ ਕਿਸੇ ਹੋਰ ਤਸਦੀਕ ਦੀ ਲੋੜ ਹੁਣ ਰਹਿ ਹੀ ਨਹੀਂ ਗਈ। ਪਰ ਫੇਰ ਵੀ ਮਾਰਕਸ ਦੇ ਮਰਨ ਦੀ ਖ਼ਬਰ ਵਾਰ ਵਾਰ ਦੁਹਰਾਉਣੀ ਜ਼ਰੂਰੀ ਸਮਝੀ ਜਾ ਰਹੀ ਹੈ। ਇਸਦਾ ਕਾਰਨ ਸਿਵਾਏ ਇਸਦੇ ਹੋਰ ਕੀ ਹੋ ਸਕਦਾ ਹੈ ਕਿ ਮਾਰਕਸ ਦੇ ਮਰਨ ਦੀਆਂ ਖ਼ਬਰਾਂ ਦੇਣ ਵਾਲਿਆਂ ਨੂੰ ਅੰਦਰੋਂ ਇਹ ਯਕੀਨ ਨਹੀਂ ਕਿ ਮਾਰਕਸ ਮਰ ਗਿਆ ਹੈ। ਇਹ ਠੀਕ ਹੈ ਕਿ ਰੂਸੀ ਇਨਕਲਾਬ ਮਾਰਕਸ ਦੇ ਵਿਚਾਰਾਂ ਦੀ ਜਿੱਤ ਦਾ ਪ੍ਰਤੀਕ ਸੀ ਅਤੇ ਸੋਵੀਅਤ ਯੂਨੀਅਨ ਦੇ ਖਾਤਮੇ ਨੇ ਮਾਰਕਸਵਾਦੀਆਂ ਲਈ ਕਈ ਬੁਨਿਆਦੀ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਂ ਵੀ ਰੂਸੀ ਇਨਕਲਾਬ ਮਾਰਕਸੀ ਵਿਚਾਰਾਂ ਦੇ ਪ੍ਰਭਾਵ ਹੇਠ ਆਈਆਂ ਵਿਸ਼ਵ ਤਬਦੀਲੀਆਂ ਦਾ ਇੱਕੋ ਇੱਕ ਪ੍ਰਗਟਾਵਾ ਨਹੀਂ ਸੀ ਭਾਵੇਂ ਇਹ ਪ੍ਰਤੀਤਯੋਗ ਪ੍ਰਗਟਾਵਾ ਜ਼ਰੂਰ ਸੀ। ਇਹਨਾਂ ਤਬਦੀਲੀਆਂ ਦੇ ਕਈ ਹੋਰ ਵੀ ਰੂਪ ਹਨ। ਇਹ ਰੂਪ ਐਨੇ ਪ੍ਰਤੱਖ ਰੂਪ ਵਿਚ ਮਾਰਕਸੀ ਸੋਚ ਵਿਚ ਰੰਗੇ ਹੋਏ ਨਾ ਵੀ ਹੋਣ ਪਰ ਇਹਨਾਂ ਪਿਛੇ ਮਾਰਕਸੀ ਪ੍ਰੇਰਨਾ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਹੋ ਸਕਦਾ।
ਤਾਂ ਵੀ ਰੂਸੀ ਇਨਕਲਾਬ ਦੇ ਸੰਬੰਧ ਵਿਚ ਇੱਕ ਗੱਲ ਜ਼ਰੂਰ ਆਖੀ ਜਾ ਸਕਦੀ ਕਿ ਇਹ ਇਨਕਲਾਬ ਸੱਤ ਦਹਾਕੇ ਟਿਕਿਆ ਜਦੋਂ ਪੈਰਿਸ ਕਮਿਉਨ ਸੱਤ ਦਿਨ ਤੇ ਫਰਾਂਸੀਸੀ ਇਨਕਲਾਬ ਕੇਵਲ ਸੱਤ ਘੰਟੇ ਟਿਕਿਆ ਸੀ।
ਇਹ ਮਾਰਕਸ ਦੇ ਵਿਚਾਰਾਂ ਦਾ ਹੀ ਸਿੱਟਾ ਹੈ ਕਿ ਰਾਜ, ਸਰਕਾਰ, ਧਨ, ਸੰਪਤੀ, ਮਿਹਨਤ, ਸਮਾਜੀ ਪ੍ਰਬੰਧ, ਆਰਥਕ ਵਿਵਸਥਾ ਤੇ ਸਦਾਚਾਰਕ ਮਾਪ ਦੰਡ ਬਾਰੇ ਲੋਕ ਉਂਝ ਨਹੀਂ ਸੋਚਦੇ ਜਿਵੇਂ ਮਾਰਕਸ ਤੋਂ ਪਹਿਲਾਂ ਸੋਚਦੇ ਸਨ। ਉਹ ਆਰਥਕ ਤੇ ਸਮਾਜੀ ਨਾਬਰਾਬਰੀਆਂ ਨੂੰ ਨਾ ਸਿਰਫ ਕਿੰਤੂ ਕਰਦੇ ਹਨ ਸਗੋਂ ਇਹਨਾਂ ਦੇ ਖਿਲਾਫ਼ ਰੋਸ ਤੇ ਐਥੋਂ ਤੱਕ ਕਿ ਵਿਦਰੋਹ ਵੀ ਕਰਦੇ ਹਨ ਅਤੇ ਇਸ ਵਿਦਰੋਹ ਪਿੱਛੇ ਹੱਕ ਅਤੇ ਨਿਆਂ ਦੀ ਉਸ ਸੂਝ ਵਿਚੋਂ ਪੈਦਾ ਹੋਣ ਵਾਲੀ ਚੇਤਨਾ ਵੀ ਕੰਮ ਕਰ ਰਹੀ ਹੁੰਦੀ ਹੈ, ਜਿਹੜੀ ਬਹੁਤ ਹੱਦ ਤੱਕ ਮਾਰਕਸਵਾਦ ਦੀ ਦੇਣ ਹੈ। ਹੁਣ ਸਾਧਾਰਨ ਲੋਕ ਪ੍ਰਸਥਿਤੀਆਂ ਨੂੰ ਭਾਣਾ ਸਮਝਕੇ ਪਰਵਾਨ ਨਹੀਂ ਕਰਦੇ ਸਗੋਂ ਇਹਨਾਂ ਨੂੰ ਵੰਗਾਰਦੇ ਹਨ। ਉਹ ਹਕੂਮਤਾਂ, ਅਧਿਕਾਰਤ ਸ਼੍ਰੇਣੀਆਂ, ਵਿਸ਼ੇਸ਼ ਹਿੱਤਾਂ ਤੇ ਕਾਰੋਬਾਰਾਂ ਤੇ ਸੰਸਥਾਵਾਂ ਦੀਆਂ ਕਾਰਵਾਈਆਂ ਲਈ ਉਹਨਾਂ ਤੋਂ ਜਵਾਬ ਮੰਗਦੇ ਹਨ, ਭਾਵੇਂ ਉਹਨਾਂ ਮਾਰਕਸ ਪੜ੍ਹਿਆ ਹੋਵੇ ਜਾਂ ਨਾ।
ਇਹ ਮਾਰਕਸ ਦੀ ਦੇਣ ਹੈ ਕਿ ਅੱਜ ਦਾ ਚੇਤੰਨ ਮਨੁੱਖ ਇਤਹਾਸ ਉੱਤੇ ਨਜ਼ਰ ਨਹੀਂ ਮਾਰਦਾ ਸਗੋਂ ਇਤਹਾਸ ਰਾਹੀਂ ਨਜ਼ਰ ਮਾਰਦਾ ਹੈ। ਉਹ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਇਸ ਜਾਂ ਉਸ ਆਗੂ, ਰਹਿਬਰ ਜਾਂ ਸਰਬਰਾਹ ਦੇ ਬੋਲਾਂ ਤੇ ਕਾਰਜਾਂ ਪਿੱਛੇ ਕਿਹੜੀਆਂ ਸਮਾਜੀ ਸ਼ਕਤੀਆਂ ਕਿਨ੍ਹਾਂ ਮੰਤਵਾਂ ਨਾਲ ਕੰਮ ਕਰ ਰਹੀਆਂ ਸਨ ਜਾਂ ਕਰ ਰਹੀਆਂ ਹਨ। ਮਾਰਕਸ ਵਿਚਾਰਾਂ ਦੀ ਮਹੱਤਤਾ ਤੋਂ ਇਨਕਾਰ ਨਹੀਂ ਸੀ ਕਰਦਾ ਪਰ ਉਸਦਾ ਇਹ ਮੱਤ ਪੈਰ ਪੈਰ ਉੱਤੇ ਸਹੀ ਸਾਬਤ ਹੋ ਰਿਹਾ ਹੈ ਕਿ ਕਿਸੇ ਵੀ ਦੌਰ ਦੇ ਪਰਵਾਨਤ ਵਿਚਾਰ ਉਸ ਵੇਲੇ ਦੇ ਭਾਰੂ ਹਿਤਾਂ ਦੀ ਹੀ ਸੇਵਾ ਕਰਦੇ ਹਨ।
ਮਾਰਕਸ ਨੂੰ ਵਿਚਾਰਾਂ ਦੇ ਸੰਸਾਰ ਵਿਚੋਂ ਬਾਹਰ ਰੱਖਣ ਦੇ ਯਤਨ - ਭਾਵੇਂ ਇਹ ਯਤਨ ਮਾਰਕਸ ਦੇ ਮਰਨ ਦੀਆਂ ਖ਼ਬਰਾਂ ਦੁਹਰਾਉਣ ਦੀ ਸ਼ਕਲ ਵਿਚ ਕੀਤੇ ਜਾ ਰਹੇ ਹੋਣ ਜਾਂ ਉਸਨੂੰ ਲਾਇਬਰੇਰੀਆਂ, ਸਰਵਜਨਕ ਬਹਿਸਾਂ, ਨੀਤੀ ਵਿਚਾਰ ਵਟਾਦਰਿਆਂ ਤੇ ਪਾਪੂਲਰ ਮੀਡੀਏ ਤੋਂ ਬਾਹਰ ਰੱਖਣ ਦੀ ਸ਼ਕਲ ਵਿਚ -ਅਸਲ ਲੋਕਾਂ ਨੂੰ ਅੱਜ ਦੇ ਯੁੱਗ ਦੀ ਚੇਤਨਾ ਤੋਂ ਮਹਿਰੂਮ ਕਰਨ ਦੇ ਯਤਨ ਹਨ।
ਸਰੋਤ:ਨਿਸੋਤ

No comments:

Post a Comment